Punjab Elections: ਮਿਉਂਸਿਪਲ ਚੋਣਾਂ ਸਿਆਸੀ ਧਿਰਾਂ ਲਈ ਸੈਮੀਫਾਈਨਲ

Punjab Elections: ਮਿਉਂਸਿਪਲ ਚੋਣਾਂ ਸਿਆਸੀ ਧਿਰਾਂ ਲਈ ਸੈਮੀਫਾਈਨਲ

ਚੰਡੀਗਡ਼੍ਹ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਨਗਰ ਨਿਗਮ ਪਟਿਆਲਾ ਅਤੇ ਨਗਰ ਕੌਂਸਲ ਬਾਘਾਪੁਰਾਣਾ ਤੇ ਧਰਮਕੋਟ ਵਿੱਚ ਕੁੱਲ 52 ਵਾਰਡਾਂ ਵਿੱਚ ਮੁੜ ਹੋ ਰਹੀਆਂ ਚੋਣਾਂ ਸਿਆਸੀ ਧਿਰਾਂ ਲਈ ਸੈਮੀਫਾਈਨਲ ਸਾਬਤ ਹੋਣਗੀਆਂ। ਇਨ੍ਹਾਂ ਚੋਣਾਂ ਲਈ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀ ਤੇਜ਼ ਕਰ ਦਿੱਤੀ ਹੈ। ਚੋਣਾਂ ਦੌਰਾਨ ਸੱਤਾਧਾਰੀ ਧਿਰ ‘ਆਪ’ ਵੱਲੋਂ ਸਾਢੇ ਚਾਰ ਸਾਲਾਂ ਵਿੱਚ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਲੋਕਾਂ ਤੋਂ ਮਿਲ ਜਾਵੇਗਾ। ਜਦੋਂ ਕਿ ਦੂਜੇ ਪਾਸੇ ਵਿਰੋਧੀ ਧਿਰਾਂ ਨੂੰ ਵੀ ਸੱਤਾਧਾਰੀ ਧਿਰ ‘ਆਪ’ ਨੂੰ ਘੇਰਨ ਦਾ ਮੌਕਾ ਮਿਲੇਗਾ।

ਨਗਰ ਨਿਗਮ ਪਟਿਆਲਾ ਦੇ 60 ਵਿੱਚੋਂ 30 ਵਾਰਡਾਂ ਵਿੱਚ ਹੋ ਰਹੀ ਹੋਣ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਕਈ ਸੂਬਾਈ ਆਗੂਆਂ ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਪਟਿਆਲਾ ਦੇ ਵਾਰਡ ਨੰਬਰ 38 ਤੋਂ ਪੀ ਆਰ ਟੀ ਸੀ ਪੰਜਾਬ ਦੇ ਚੇਅਰਮੈਨ ਹਰਪਾਲ ਜੁਨੇਜਾ ਜੇਤੂ ਰਹੇ ਸਨ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦੇ ਵਾਰਡ ਨੰਬਰ 28 ਅਤੇ ਡਿਪਟੀ ਮੇਅਰ ਜਗਦੀਪ ਜੱਗਾ ਦੇ ਵਾਰਡ ਵਿੱਚ ਵੀ ਮੁੜ ਤੋਂ ਚੋਣ ਹੋ ਰਹੀ ਹੈ। ਇਸੇ ਤਰ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ ਦੇ ਵਾਰਡ ਨੰਬਰ 34 ਵਿੱਚ ਮੁੜ ਤੋਂ ਵੋਟਿੰਗ ਹੋ ਰਹੀ ਹੈ। ਦੂਜੇ ਪਾਸੇ ਭਾਜਪਾ ਯੂਵਾ ਮੋਰਚਾ ਦੇ ਪ੍ਰਧਾਨ ਅਨੁਜ ਖੋਸਲਾ ਦੇ ਵਾਰਡ 40, ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਦੇ ਵਾਰਡ 50, ਜਨਰਲ ਸਕੱਤਰ ਵਰੁਣ ਜਿੰਦਲ ਦੇ ਵਾਰਡ ਨੰਬਰ 46 ਅਤੇ ਹੋਰ ਕਈ ਸੀਨੀਅਰ ਆਗੂਆਂ ਦੇ ਵਾਰਡਾਂ ਵਿੱਚ ਮੁੜ ਤੋਂ ਚੋਣ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ‘ਆਪ’ ਵੱਲੋਂ ਆਪਣੇ ਸਾਢੇ ਚਾਰ ਸਾਲਾਂ ਵਿੱਚ ਇਤਿਹਾਸਕ ਕੰਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਭਾਜਪਾ ਵੱਲੋਂ ਕੇਂਦਰ ਵਿੱਚ ਲੋਕ ਹਿੱਤ ਵਿੱਚ ਕੰਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹ ਚੋਣਾਂ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੇ ਕੰਮਾਂ ਦਾ ਸ਼ੀਸ਼ਾ ਵਿਖਾਉਣ ਦਾ ਕੰਮ ਕਰਨਗੀਆਂ। ਨਗਰ ਨਿਗਮ ਪਟਿਆਲਾ ਦੇ 30, ਨਗਰ ਕੌਂਸਲ ਬਾਘਾ ਪੁਰਾਣਾ ਦੇ 15 ਅਤੇ ਧਰਮਕੋਟ ਦੇ 7 ਵਾਰਡਾਂ ਲਈ ਵੋਟਿੰਗ 28 ਨਵੰਬਰ ਨੂੰ ਹੋਵੇਗੀ।

Share: