ਵਾਸ਼ਿੰਗਟਨ : ਅਮਰੀਕਾ ਨੇ ਵਿਦੇਸ਼ੀ ਕਾਮਿਆਂ ਲਈ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡਾਂ (employment-based green cards) ਦੇ ਨਿਯਮਾਂ ਨੂੰ ਸਖ਼ਤ ਕਰਨ ਦਾ ਪ੍ਰਸਤਾਵ ਰੱਖਿਆ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਫਿਜ਼ੀਕਲ ਥੈਰੇਪਿਸਟ ਅਤੇ ਨਰਸਾਂ ਤੋਂ ਲੈ ਕੇ ਉੱਚ-ਹੁਨਰਮੰਦ ਪੇਸ਼ੇਵਰਾਂ ਤੱਕ ਦੀਆਂ ਨੌਕਰੀਆਂ ਦੀ ਭਰਤੀ ਵਿੱਚ ਅਮਰੀਕੀਆਂ ਨੂੰ ਪਹਿਲ ਮਿਲੇ। ਕਿਰਤ ਵਿਭਾਗ ਨੇ ਮੰਗਲਵਾਰ ਨੂੰ ਪ੍ਰੋਗਰਾਮ ਇਲੈਕਟ੍ਰਾਨਿਕ ਰਿਵਿਊ ਮੈਨੇਜਮੈਂਟ (PERM) ਇਮੀਗ੍ਰੈਂਟ ਵੀਜ਼ਾ ਪ੍ਰਕਿਰਿਆ ਤਹਿਤ ਲੇਬਰ ਮਾਰਕੀਟ ਟੈਸਟ ਨੂੰ ਆਧੁਨਿਕ ਬਣਾਉਣ ਲਈ ਇੱਕ ਨਵੇਂ ਨਿਯਮ ਦਾ ਪ੍ਰਸਤਾਵ ਦਿੱਤਾ, ਜੋ ਕਿ 20 ਸਾਲਾਂ ਵਿੱਚ ਨਿਯਮਾਂ ਦੀ ਪਹਿਲੀ ਵੱਡੀ ਸੋਧ ਹੈ। ਪ੍ਰਸਤਾਵਿਤ ਤਬਦੀਲੀਆਂ ਤਹਿਤ ਰੁਜ਼ਗਾਰਦਾਤਾਵਾਂ (employers) ’ਤੇ ਵਿਦੇਸ਼ੀ ਕਾਮਿਆਂ ਦੇ ਅਨੁਕੂਲ ਨੌਕਰੀ ਦੇ ਮੌਕੇ ਤਿਆਰ ਕਰਨ (tailoring) ‘ਤੇ ਪਾਬੰਦੀ ਹੋਵੇਗੀ। ਪ੍ਰਸਤਾਵਿਤ ਨਿਯਮ ਤਹਿਤ ਰੁਜ਼ਗਾਰਦਾਤਾਵਾਂ ਨੂੰ ਨੌਕਰੀਆਂ ਦਾ ਇਸ਼ਤਿਹਾਰ ਦੇਣ ਵੇਲੇ ਇੱਕੋ ਜਿਹੇ ਚੈਨਲਾਂ ਅਤੇ ਤਰੀਕਿਆਂ ਦੀ ਵਰਤੋਂ ਕਰਕੇ ਕਾਮਿਆਂ ਦੀ ਭਰਤੀ ਵਿੱਚ ਬਰਾਬਰੀ ਦਾ ਮੌਕਾ ਦੇਣਾ ਜ਼ਰੂਰੀ ਹੋਵੇਗਾ। ਇਹ ਪ੍ਰਸਤਾਵ ਰਵਾਇਤੀ ਪ੍ਰਿੰਟ ਇਸ਼ਤਿਹਾਰਾਂ ਦੀ ਥਾਂ ਰੁਜ਼ਗਾਰਦਾਤਾਵਾਂ ਦੀਆਂ ਵੈੱਬਸਾਈਟਾਂ, ਜੌਬ ਪੋਰਟਲਾਂ, ਸੋਸ਼ਲ ਮੀਡੀਆ ਪਲੇਟਫਾਰਮਾਂ, ਰੁਜ਼ਗਾਰ ਮੇਲਿਆਂ ਅਤੇ ਕੈਂਪਸ ਭਰਤੀ ਰਾਹੀਂ ਆਨਲਾਈਨ ਭਰਤੀ ਕਰਨ ਦੀ ਮੰਗ ਕਰਦਾ ਹੈ।
ਇਹ ਅਸਾਮੀਆਂ ਦਾ ਇਸ਼ਤਿਹਾਰ ਦੇਣ ਦੀ ਘੱਟੋ-ਘੱਟ ਮਿਆਦ ਨੂੰ ਮੌਜੂਦਾ 30 ਦਿਨਾਂ ਤੋਂ ਵਧਾ ਕੇ 90 ਕੈਲੰਡਰ ਦਿਨ ਕਰ ਦੇਵੇਗਾ ਅਤੇ ਰੁਜ਼ਗਾਰਦਾਤਾਵਾਂ ਨੂੰ ਇਹ ਸਾਬਤ ਕਰਨ ਦੀ ਲੋੜ ਹੋਵੇਗੀ ਕਿ ਉਨ੍ਹਾਂ ਨੇ ਯੋਗ ਅਮਰੀਕੀ ਕਾਮਿਆਂ ਦੀ ਭਰਤੀ ਲਈ ਅਸਲ ਕੋਸ਼ਿਸ਼ਾਂ ਕੀਤੀਆਂ ਹਨ।
ਕਿਰਤ ਸਕੱਤਰ ਕੀਥ ਸੋਂਡਰਲਿੰਗ ਨੇ ਕਿਹਾ, “ਇਹ ਪ੍ਰਸਤਾਵਿਤ ਨਿਯਮ ਤਬਦੀਲੀ ਇਹ ਯਕੀਨੀ ਬਣਾਏਗੀ ਕਿ ਵਿਦੇਸ਼ੀ ਕਿਰਤੀਆਂ ਦੇ ਮੁਕਾਬਲੇ ਉੱਚ-ਹੁਨਰਮੰਦ, ਉੱਚ-ਤਨਖ਼ਾਹ ਵਾਲੇ ਨੌਕਰੀ ਦੇ ਮੌਕਿਆਂ ਲਈ ਅਮਰੀਕੀ ਕਾਮੇ ਸਭ ਤੋਂ ਪਹਿਲੀ ਕਤਾਰ ਵਿੱਚ ਹੋਣ।” ਵਿਭਾਗ ਨੇ ਉਸ ਪ੍ਰਸ਼ਾਸਕੀ ਛੋਟ ਨੂੰ ਖ਼ਤਮ ਕਰਨ ਦਾ ਵੀ ਪ੍ਰਸਤਾਵ ਰੱਖਿਆ ਹੈ ਜੋ ਰੁਜ਼ਗਾਰਦਾਤਾਵਾਂ ਨੂੰ ਕੁਝ ਖ਼ਾਸ ਕਿੱਤਿਆਂ ਲਈ ਕਾਨੂੰਨੀ ਲੇਬਰ ਮਾਰਕੀਟ ਟੈਸਟ ਨੂੰ ਬਾਈਪਾਸ ਕਰਨ ਦੀ ਇਜਾਜ਼ਤ ਦਿੰਦੀ ਸੀ। ਸੋਧੇ ਹੋਏ ਢਾਂਚੇ ਤਹਿਤ, ਫਿਜ਼ੀਕਲ ਥੈਰੇਪਿਸਟ, ਨਰਸਾਂ ਅਤੇ ਵਿਗਿਆਨ ਜਾਂ ਕਲਾ ਵਿੱਚ ਬੇਮਿਸਾਲ ਯੋਗਤਾ ਦੀ ਮੰਗ ਕਰਨ ਵਾਲੇ ਅਹੁਦਿਆਂ ਲਈ ਭਰਤੀ ਕਰਨ ਵਾਲੇ ਰੁਜ਼ਗਾਰਦਾਤਾਵਾਂ ਨੂੰ ਯੋਗ ਅਮਰੀਕੀ ਬਿਨੈਕਾਰਾਂ ‘ਤੇ ਵਿਚਾਰ ਕਰਨਾ ਹੋਵੇਗਾ।
ਇਹ ਪ੍ਰਸਤਾਵ ਉਨ੍ਹਾਂ ਅਮਰੀਕੀ ਕਾਮਿਆਂ ਲਈ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਵੀ ਮੰਗ ਕਰਦਾ ਹੈ ਜਿਨ੍ਹਾਂ ਦੀ ਛਾਂਟੀ ਕੀਤੀ ਗਈ ਹੈ (laid off); ਰੁਜ਼ਗਾਰਦਾਤਾਵਾਂ ਨੂੰ ਲੇਬਰ ਸਰਟੀਫਿਕੇਸ਼ਨ ਅਤੇ ਇਮੀਗ੍ਰੈਂਟ ਪਟੀਸ਼ਨ ਪ੍ਰਕਿਰਿਆਵਾਂ ਦੌਰਾਨ ਯੋਗ ਛਾਂਟੀ ਕੀਤੇ ਗਏ ਕਾਮਿਆਂ ‘ਤੇ ਵਿਚਾਰ ਕਰਨਾ ਜਾਰੀ ਰੱਖਣਾ ਹੋਵੇਗਾ।
ਇਹ ਉਨ੍ਹਾਂ ਕੁਝ ਰੁਜ਼ਗਾਰਦਾਤਾਵਾਂ ਨੂੰ ਉਸੇ ਜਾਂ ਮਿਲਦੇ-ਜੁਲਦੇ ਅਹੁਦਿਆਂ ਲਈ ਸਥਾਈ ਲੇਬਰ ਸਰਟੀਫਿਕੇਸ਼ਨ ਦੀ ਮੰਗ ਕਰਨ ਤੋਂ ਰੋਕੇਗਾ ਜਿਨ੍ਹਾਂ ਨੇ ਪਿਛਲੇ ਦੋ ਸਾਲਾਂ ਦੌਰਾਨ ਅਮਰੀਕੀ ਕਾਮਿਆਂ ਦੀ ਛਾਂਟੀ ਕੀਤੀ ਹੈ। PERM ਲੇਬਰ ਸਰਟੀਫਿਕੇਸ਼ਨ ਸਥਾਈ ਨਿਵਾਸ ਲਈ ਵਿਦੇਸ਼ੀ ਨਾਗਰਿਕਾਂ ਨੂੰ ਸਪਾਂਸਰ ਕਰਨ ਦੀ ਕੋਸ਼ਿਸ਼ ਕਰ ਰਹੇ ਜ਼ਿਆਦਾਤਰ ਅਮਰੀਕੀ ਰੁਜ਼ਗਾਰਦਾਤਾਵਾਂ ਲਈ ਪਹਿਲਾ ਕਦਮ ਹੈ।
ਕੀ ਹੈ ਮੌਜੂਦਾ ਪ੍ਰਕਿਰਿਆ
ਮੌਜੂਦਾ ਪ੍ਰਕਿਰਿਆ ਤਹਿਤ, ਰੁਜ਼ਗਾਰਦਾਤਾਵਾਂ ਨੂੰ ਘਰੇਲੂ ਲੇਬਰ ਮਾਰਕੀਟ ਦੀ ਪਰਖ ਕਰਨੀ ਪੈਂਦੀ ਹੈ ਅਤੇ ਇਹ ਸਥਾਪਤ ਕਰਨਾ ਪੈਂਦਾ ਹੈ ਕਿ ਇਸ ਅਹੁਦੇ ਲਈ ਕਿਸੇ ਵੀ ਸਮਰੱਥ, ਇੱਛੁਕ, ਯੋਗ ਅਤੇ ਉਪਲਬਧ ਅਮਰੀਕੀ ਕਾਮੇ ਨੇ ਅਰਜ਼ੀ ਨਹੀਂ ਦਿੱਤੀ ਹੈ। ਕਿਰਤ ਵਿਭਾਗ ਨੇ ਕਿਹਾ ਕਿ ਮੌਜੂਦਾ ਨਿਯਮ ਹੁਣ ਸਮਕਾਲੀ ਭਰਤੀ ਅਭਿਆਸਾਂ ਨੂੰ ਨਹੀਂ ਦਰਸਾਉਂਦੇ ਅਤੇ ਕੁਝ ਰੁਜ਼ਗਾਰਦਾਤਾਵਾਂ ਨੂੰ ਨਿਯਮਤ ਅਸਾਮੀਆਂ ਲਈ ਅਪਣਾਈਆਂ ਜਾਣ ਵਾਲੀਆਂ ਪ੍ਰਕਿਰਿਆਵਾਂ ਨਾਲੋਂ ਸਪਾਂਸਰ ਕੀਤੇ ਅਹੁਦਿਆਂ ਲਈ ਵੱਖਰੀਆਂ ਭਰਤੀ ਪ੍ਰਕਿਰਿਆਵਾਂ ਵਰਤਣ ਦੀ ਇਜਾਜ਼ਤ ਦਿੰਦੇ ਹਨ।
