ਇਲਾਜ ਲਈ ਲੰਮੀ ਉਡੀਕ ਸੂਚੀ ਕਾਰਨ ਪਰੇਸ਼ਾਨ 17 ਸਾਲਾ ਪੰਜਾਬੀ ਮੂਲ ਦੀ ਵਿਦਿਆਰਥਣ ਪਹੁੰਚੀ ਵਿਧਾਨ ਸਭਾ

ਇਲਾਜ ਲਈ ਲੰਮੀ ਉਡੀਕ ਸੂਚੀ ਕਾਰਨ ਪਰੇਸ਼ਾਨ 17 ਸਾਲਾ ਪੰਜਾਬੀ ਮੂਲ ਦੀ ਵਿਦਿਆਰਥਣ ਪਹੁੰਚੀ ਵਿਧਾਨ ਸਭਾ

ਵਿਨੀਪੈੱਗ : ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਸਿਹਤ ਸੇਵਾਵਾਂ ਦੀਆਂ ਲੰਮੀਆਂ ਉਡੀਕ ਸੂਚੀਆਂ ਮਰੀਜ਼ਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਦੀ ਇੱਕ ਦਰਦਨਾਕ ਮਿਸਾਲ 17 ਸਾਲਾ ਪੰਜਾਬੀ ਵਿਦਿਆਰਥਣ ਏਸ਼ਮੀਨ ਕੌਰ ਸਿੰਘ ਹੈ, ਜੋ  ਗੱਠਾਂ (ਓਵਰੀਅਨ ਸਿਸਟਸ) ਕਾਰਨ ਲਗਾਤਾਰ ਦਰਦ ਸਹਿ ਰਹੀ ਹੈ ਅਤੇ ਸਰਜਰੀ ਲਈ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ। ਇਲਾਜ ਵਿੱਚ ਹੋ ਰਹੀ ਦੇਰੀ ਤੋਂ ਤੰਗ ਆ ਕੇ ਏਸ਼ਮੀਨ ਨੇ ਸੋਮਵਾਰ ਨੂੰ ਆਪਣੇ ਪਿਤਾ ਸੁਖਵਿੰਦਰ ਸਿੰਘ ਨਾਲ ਸਸਕੈਚਵਨ ਵਿਧਾਨ ਸਭਾ ਵਿੱਚ ਪਹੁੰਚ ਕੇ ਆਪਣੀ ਸਮੱਸਿਆ ਉਠਾਈ ਅਤੇ ਸਰਕਾਰ ਤੋਂ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਦੀ ਮੰਗ ਕੀਤੀ।

ਸਸਕਾਟੂਨ ਦੀ ਰਹਿਣ ਵਾਲੀ ਏਸ਼ਮੀਨ ਨੂੰ ਸਤੰਬਰ 2025 ਵਿੱਚ ਇਸ ਬਿਮਾਰੀ ਦਾ ਪਤਾ ਲੱਗਿਆ ਸੀ। ਉਸ ਸਮੇਂ ਤੋਂ ਉਹ ਰੋਜ਼ਾਨਾ ਦਰਦ ਨਾਲ ਜੂਝ ਰਹੀ ਹੈ। ਤਾਜ਼ਾ ਅਲਟਰਾਸਾਊਂਡ ਰਿਪੋਰਟ ਮੁਤਾਬਕ ਉਸ ਦੀ ਗੱਠ ਦਾ ਆਕਾਰ ਵਧ ਕੇ 4.3 ਸੈਂਟੀਮੀਟਰ ਹੋ ਗਿਆ ਹੈ। ਏਸ਼ਮੀਨ ਅਨੁਸਾਰ, ਸਰਜਰੀ ਲਈ ਉਸ ਨੂੰ 12 ਤੋਂ 17 ਮਹੀਨਿਆਂ ਤੱਕ ਉਡੀਕ ਕਰਨ ਲਈ ਕਿਹਾ ਗਿਆ ਹੈ। ਇਸ ਅਨਿਸ਼ਚਿਤਤਾ ਨੇ ਉਸ ਦੀ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਉੱਤੇ ਵੀ ਡੂੰਘਾ ਅਸਰ ਪਾਇਆ ਹੈ। ਵਿਧਾਨ ਸਭਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਸ਼ਮੀਨ ਭਾਵੁਕ ਹੋ ਗਈ। ਉਸ ਨੇ ਕਿਹਾ ਕਿ ਲਗਾਤਾਰ ਦਰਦ ਅਤੇ ਇਲਾਜ ਦੀ ਤਾਰੀਖ਼ ਬਾਰੇ ਕੋਈ ਪੱਕੀ ਜਾਣਕਾਰੀ ਨਾ ਮਿਲਣ ਕਾਰਨ ਉਹ ਬਹੁਤ ਤਣਾਅ ਵਿੱਚ ਹੈ। ਇਸ ਬਿਮਾਰੀ ਨੇ ਉਸ ਦੀ ਪੜ੍ਹਾਈ ਅਤੇ ਆਮ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਦਰਦ ਕਾਰਨ ਉਸ ਨੂੰ ਹਸਪਤਾਲ ਵਿੱਚ ਵਲੰਟੀਅਰ ਵਜੋਂ ਸੇਵਾ ਕਰਨੀ ਅਤੇ ਆਪਣੇ ਮਨਪਸੰਦ ਡਾਂਸ ਸਕੂਲ ਜਾਣਾ ਛੱਡਣਾ ਪਿਆ ਹੈ। ਉਹ ਸਕੂਲ ਦੀਆਂ ਕਲਾਸਾਂ ਵਿੱਚ ਵੀ ਨਿੱਜੀ ਤੌਰ ’ਤੇ ਹਾਜ਼ਰ ਨਹੀਂ ਹੋ ਸਕਦੀ।

ਦਿਲਚਸਪ ਗੱਲ ਇਹ ਹੈ ਕਿ ਏਸ਼ਮੀਨ ਦਾ ਸੁਪਨਾ ਵੱਡੀ ਹੋ ਕੇ ਸਿਹਤ ਖੇਤਰ ਵਿੱਚ ਕੰਮ ਕਰਨ ਅਤੇ ਓਨਕੋਲੋਜਿਸਟ ਬਣਨ ਦਾ ਸੀ। ਪਰ ਸਿਹਤ ਪ੍ਰਣਾਲੀ ਦੀਆਂ ਮੁਸ਼ਕਲਾਂ ਦਾ ਖ਼ੁਦ ਸਾਹਮਣਾ ਕਰਨ ਤੋਂ ਬਾਅਦ ਹੁਣ ਉਹ ਇਸ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਬਾਰੇ ਵੀ ਮੁੜ ਸੋਚਣ ਲਈ ਮਜਬੂਰ ਹੈ।

ਇਸ ਮੌਕੇ ਉਸ ਦੇ ਪਿਤਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਆਪਣੀ ਧੀ ਨੂੰ ਹਰ ਰੋਜ਼ ਦਰਦ ਨਾਲ ਤੜਫਦਿਆਂ ਦੇਖਣਾ ਇੱਕ ਪਿਤਾ ਲਈ ਬੇਹੱਦ ਦੁਖਦਾਈ ਹੈ। ਉਹ ਆਪਣੀ ਧੀ ਨੂੰ ਰਾਹਤ ਦਿਵਾਉਣਾ ਚਾਹੁੰਦੇ ਹਨ, ਪਰ ਇਲਾਜ ਵਿੱਚ ਹੋ ਰਹੀ ਦੇਰੀ ਕਾਰਨ ਬੇਵੱਸ ਮਹਿਸੂਸ ਕਰ ਰਹੇ ਹਨ। ਵਿਰੋਧੀ ਧਿਰ ਐੱਨ.ਡੀ.ਪੀ. ਦੀ ਵਿਧਾਇਕਾ ਅਪ੍ਰੈਲ ਚੀਫਕਾਫ ਵੀ ਇਸ ਮੌਕੇ ਪਰਿਵਾਰ ਦੇ ਨਾਲ ਮੌਜੂਦ ਸੀ।

ਏਸ਼ਮੀਨ ਨੇ ਸਿਹਤ ਕਰਮਚਾਰੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੱਸਿਆ ਸਿਰਫ਼ ਵਿਅਕਤੀਗਤ ਨਹੀਂ, ਸਗੋਂ ਸਿਹਤ ਪ੍ਰਣਾਲੀ ਦੇ ਢਾਂਚੇ ਵਿੱਚ ਸੁਧਾਰ ਦੀ ਲੋੜ ਹੈ। ਦੂਜੇ ਪਾਸੇ, ਸੂਬੇ ਦੇ ਸਿਹਤ ਮੰਤਰੀ ਨੇ ਕਿਹਾ ਕਿ ਸਰਜਰੀ ਦੀਆਂ ਤਾਰੀਖ਼ਾਂ ਤੈਅ ਕਰਨਾ ਉਨ੍ਹਾਂ ਦੇ ਸਿੱਧੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਹਾਲਾਂਕਿ, ਉਨ੍ਹਾਂ ਨੇ ਪਰਿਵਾਰ ਨਾਲ ਸੰਪਰਕ ਕਰਕੇ ਮਾਮਲੇ ਦੀ ਪੈਰਵੀ ਕਰਨ ਦਾ ਭਰੋਸਾ ਦਿੱਤਾ ਹੈ।

ਏਸ਼ਮੀਨ ਦਾ ਮਾਮਲਾ ਸਸਕੈਚਵਨ ਵਿੱਚ ਸਰਜਰੀ ਦੀਆਂ ਲੰਮੀਆਂ ਉਡੀਕ ਸੂਚੀਆਂ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਦੀ ਲੋੜ ਨੂੰ ਮੁੜ ਚਰਚਾ ਵਿੱਚ ਲੈ ਆਇਆ ਹੈ। ਪਰਿਵਾਰ ਨੂੰ ਹੁਣ ਉਮੀਦ ਹੈ ਕਿ ਸਬੰਧਿਤ ਅਧਿਕਾਰੀ ਇਸ ਮਾਮਲੇ ਵਿੱਚ ਜਲਦ ਕਦਮ ਚੁੱਕਣਗੇ, ਤਾਂ ਜੋ ਏਸ਼ਮੀਨ ਦਰਦ ਤੋਂ ਰਾਹਤ ਪਾ ਕੇ ਮੁੜ ਆਪਣੀ ਪੜ੍ਹਾਈ ਅਤੇ ਆਮ ਜ਼ਿੰਦਗੀ ਵੱਲ ਪਰਤ ਸਕੇ।

Share: