ਸ਼ਮੀ ਰਾਜਸਥਾਨ ਰੌਇਲਜ਼ ਨਾਲ ਜੁੜਿਆ

ਸ਼ਮੀ ਰਾਜਸਥਾਨ ਰੌਇਲਜ਼ ਨਾਲ ਜੁੜਿਆ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੇ 2027 ਸੀਜ਼ਨ ਲਈ ਰਾਜਸਥਾਨ ਰੌਇਲਜ਼ ਅਤੇ ਲਖਨਊ ਸੁਪਰ ਜਾਇੰਟਸ ਨੇ ਅੱਜ ਖਿਡਾਰੀਆਂ ਦੀ ਅਹਿਮ ਅਦਲਾ-ਬਦਲੀ (ਟਰੇਡ) ਕੀਤੀ ਹੈ। ਇਸ ਤਹਿਤ ਇੰਗਲੈਂਡ ਦੇ ਹਰਫ਼ਨਮੌਲਾ ਸੈਮ ਕਰਨ ਦੇ ਰਾਜਸਥਾਨ ਰੌਇਲਜ਼ ਤੋਂ ਲਖਨਊ ਸੁਪਰ ਜਾਇੰਟਸ ਵਿੱਚ ਜਾਣ ਦੇ ਬਦਲੇ ਭਾਰਤ ਦਾ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਖੱਬੂ ਸਪਿੰਨਰ ਐੱਮ ਸਿਧਾਰਥ ਲਖਨਊ ਛੱਡ ਕੇ ਰਾਜਸਥਾਨ ਦੀ ਟੀਮ ਨਾਲ ਜੁੜ ਗਏ ਹਨ। ਆਈ ਪੀ ਐੱਲ ਦੇ ਬਿਆਨ ਅਨੁਸਾਰ ਹਾਲ ਹੀ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਵਾਲਾ ਸ਼ਮੀ 8 ਕਰੋੜ ਰੁਪਏ ਦੀ ਸੋਧੀ ਹੋਈ ਫੀਸ ’ਤੇ ਰਾਜਸਥਾਨ ਰੌਇਲਜ਼ ਦੀ ਨੁਮਾਇੰਦਗੀ ਕਰੇਗਾ। ਪਿਛਲੇ ਸਾਲ ਲਖਨਊ ਨੇ ਉਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਤੋਂ 10 ਕਰੋੜ ਰੁਪਏ ਵਿੱਚ ਲਿਆ ਸੀ। ਉਹ ਹੁਣ ਤੱਕ 132 ਆਈ ਪੀ ਐੱਲ ਮੈਚਾਂ ਵਿੱਚ 145 ਵਿਕਟਾਂ ਲੈ ਚੁੱਕਾ ਹੈ। ਉਸ ਦੇ ਨਾਲ ਹੀ ਸਟੀਕ ਗੇਂਦਬਾਜ਼ੀ ਲਈ ਜਾਣਿਆ ਜਾਂਦਾ ਸਪਿੰਨਰ ਐੱਮ ਸਿਧਾਰਥ ਵੀ ਆਪਣੀ ਮੌਜੂਦਾ 75 ਲੱਖ ਰੁਪਏ ਦੀ ਫੀਸ ’ਤੇ ਲਖਨਊ ਤੋਂ ਰਾਜਸਥਾਨ ਵਿੱਚ ਗਿਆ ਹੈ। ਦੂਜੇ ਪਾਸੇ, 28 ਸਾਲਾ ਸੈਮ ਕਰਨ ਮੌਜੂਦਾ 2.4 ਕਰੋੜ ਰੁਪਏ ਦੀ ਫੀਸ ’ਤੇ ਰਾਜਸਥਾਨ ਤੋਂ ਲਖਨਊ ਸੁਪਰ ਜਾਇੰਟਸ ਵਿੱਚ ਸ਼ਾਮਲ ਹੋਇਆ ਹੈ। ਕਰਨ ਨੇ ਆਪਣੇ ਆਈ ਪੀ ਐੱਲ ਕਰੀਅਰ ਵਿੱਚ 59 ਵਿਕਟਾਂ ਲਈਆਂ ਅਤੇ 997 ਦੌੜਾਂ ਬਣਾਈਆਂ ਹਨ। ਪੰਜਾਬ ਕਿੰਗਜ਼ ਅਤੇ ਚੇਨੱਈ ਸੁਪਰ ਕਿੰਗਜ਼ ਮਗਰੋਂ ਲਖਨਊ ਉਸ ਦੀ ਤੀਜੀ ਫਰੈਂਚਾਇਜ਼ੀ ਹੋਵੇਗੀ।

Share: