ਲੰਡਨ : ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਭਾਰਤ ਛੱਡਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਦਾਅਵਾ ਕੀਤਾ ਹੈ ਕਿ ਉਸ ਨੇ ਜਾਨ ਨੂੰ ਗੰਭੀਰ ਖ਼ਤਰੇ ਕਾਰਨ 2010 ਵਿੱਚ ਦੇਸ਼ ਛੱਡਿਆ ਸੀ। ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ਵਿੱਚ ਉਸ ਨੇ ਕਿਹਾ ਕਿ ਬਿਨਾਂ ਨੋਟਿਸ ਤੋਂ ਹਥਿਆਰਬੰਦ ਪੁਲੀਸ ਸੁਰੱਖਿਆ ਵਾਪਸ ਲੈਣ ਦੇ 3 ਦਿਨਾਂ ਬਾਅਦ ਅੰਡਰਵਰਲਡ ਦੀਆਂ ਧਮਕੀਆਂ ਕਾਰਨ ਉਹ ਵਿਦੇਸ਼ ਗਿਆ ਸੀ ਅਤੇ ਉਸ ਵੇਲੇ ਉਸ ਖ਼ਿਲਾਫ਼ ਕੋਈ ਐੱਫ ਆਈ ਆਰ ਦਰਜ ਨਹੀਂ ਸੀ।
ਉਸ ਅਨੁਸਾਰ ਮੁੰਬਈ ਪੁਲੀਸ ਦੇ ਵਧੀਕ ਕਮਿਸ਼ਨਰ ਨੇ ਈ ਡੀ ਨੂੰ ਲਿਖੇ ਪੱਤਰ ਵਿੱਚ ਪੁਸ਼ਟੀ ਕੀਤੀ ਸੀ ਕਿ ਕੇਂਦਰੀ ਏਜੰਸੀਆਂ ਦੀਆਂ ਖੁਫ਼ੀਆ ਰਿਪੋਰਟਾਂ ਦੇ ਆਧਾਰ ’ਤੇ ਹੀ ਉਸ ਨੂੰ ਸੁਰੱਖਿਆ ਮਿਲੀ ਸੀ। ਈ ਡੀ ਦੇ ਕਹਿਣ ’ਤੇ ਰੱਦ ਕੀਤਾ ਪਾਸਪੋਰਟ ਦਿੱਲੀ ਹਾਈ ਕੋਰਟ ਨੇ 2014 ਵਿੱਚ ਬਹਾਲ ਕਰ ਦਿੱਤਾ ਸੀ। ਉਸ ਨੇ ਝੂਠੀਆਂ ਖ਼ਬਰਾਂ ਚਲਾਉਣ ਵਾਲੇ ਭਾਰਤੀ ਮੀਡੀਆ ਅਦਾਰਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ 16 ਸਾਲਾਂ ਤੋਂ ਵੱਧ ਸਮੇਂ ਦੌਰਾਨ ਕਿਸੇ ਵੀ ਭਾਰਤੀ ਅਦਾਲਤ ਵਿੱਚ ਉਸ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਨਹੀਂ ਹੋਈ। ਹਵਾਲਗੀ ਦੀਆਂ ਅਟਕਲਾਂ ਰੱਦ ਕਰਦਿਆਂ ਉਸ ਨੇ ਕਿਹਾ ਕਿ ਇੰਟਰਪੋਲ ਕੋਲ ਉਸ ਖ਼ਿਲਾਫ਼ ਕੋਈ ਨੋਟਿਸ ਨਹੀਂ ਹੈ ਅਤੇ ਜੁਲਾਈ 2026 ਵਿੱਚ ਉਸ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਬਰਤਾਨਵੀ ਨਾਗਰਿਕਤਾ ਮਿਲ ਚੁੱਕੀ ਹੈ।
