ਸ਼ਾਮਲੀ : ਹਰਿਆਣਵੀ ਗਾਇਕ ਅਤੇ ਯੂਟਿਊਬਰ ਅੰਕਿਤ ਬਾਲੀਆਨ ਦੇ ਚਰਚਿਤ ਕਤਲ ਕਾਂਡ ਵਿੱਚ ਸ਼ਾਮਲ ਦੋ ਸ਼ੱਕੀ ਸ਼ੂਟਰਾਂ ਦਾ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿੱਚ ਪੁਲੀਸ ਨਾਲ ਹੋਏ ਇੱਕ ਭਿਆਨਕ ਮੁਕਾਬਲੇ ਦੌਰਾਨ ਅੰਤ ਹੋ ਗਿਆ। ਕੈਰਾਨਾ ਰੋਡ ’ਤੇ ਇੰਡੀਅਨ ਗੈਸ ਗੋਦਾਮ ਦੇ ਨੇੜੇ ਹੋਈ ਆਹਮੋ-ਸਾਹਮਣੀ ਗੋਲੀਬਾਰੀ ਵਿੱਚ ਦੋਵੇਂ ਸ਼ੱਕੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਜ਼ਿਲ੍ਹਾ ਸੰਯੁਕਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਾਰੇ ਗਏ ਸ਼ੂਟਰਾਂ ਦੀ ਪਛਾਣ ਮੋਹਿਤ (22) ਅਤੇ ਸੁਮੀਤ (24) ਵਜੋਂ ਹੋਈ ਹੈ, ਜੋ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਸਨ। ਪੁਲੀਸ ਮੁਤਾਬਕ ਦੋਵਾਂ ‘ਤੇ 50-50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।
ਸ਼ਾਮਲੀ ਦੇ ਐੱਸ.ਪੀ. ਨਰੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ 26 ਅਗਸਤ ਨੂੰ ਅੰਕਿਤ ਬਾਲੀਆਨ ਦੇ ਹੋਏ ਕਤਲ ਤੋਂ ਬਾਅਦ ਜ਼ਿਲ੍ਹੇ ਭਰ ਵਿੱਚ ਸੁਰੱਖਿਆ ਅਤੇ ਚੈਕਿੰਗ ਸਖ਼ਤ ਕੀਤੀ ਗਈ ਸੀ। ਕੈਰਾਨਾ ਰੋਡ ’ਤੇ ਜਦੋਂ ਪੁਲੀਸ ਟੀਮ ਨੇ ਇੱਕ ਸ਼ੱਕੀ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ, ਤਾਂ ਕਾਰ ਸਵਾਰਾਂ ਨੇ ਗੱਡੀ ਭਜਾ ਕੇ ਪੁਲੀਸ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਪੁਲੀਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿੱਚ ਮੋਹਿਤ ਅਤੇ ਸੁਮੀਤ ਨੂੰ ਗੋਲੀਆਂ ਲੱਗੀਆਂ। ਇਸ ਮੁਕਾਬਲੇ ਦੌਰਾਨ ਸ਼ਾਮਲੀ ਸਵਾਟ (SWAT) ਟੀਮ ਦੇ ਦੋ ਹੈੱਡ ਕਾਂਸਟੇਬਲ ਹਰਵਿੰਦਰ ਅਤੇ ਪ੍ਰਦੀਪ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੋਹਿਤ ਖ਼ਿਲਾਫ਼ ਹਰਿਆਣਾ ਵਿੱਚ 14 ਅਤੇ ਸੁਮੀਤ ਖ਼ਿਲਾਫ਼ ਇੱਕ ਅਪਰਾਧਿਕ ਮਾਮਲਾ ਦਰਜ ਸੀ। ਪੁਲੀਸ ਤਫ਼ਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਸ਼ੂਟਰਾਂ ਨੂੰ ਗੋਗੀ ਗੈਂਗ ਨਾਲ ਜੁੜੇ ਫ਼ਰਾਰ ਗੈਂਗਸਟਰ ਰਾਹੁਲ ਨੇ ਅੰਕਿਤ ਦੇ ਕਤਲ ਦੀ ਸੁਪਾਰੀ ਦਿੱਤੀ ਸੀ, ਜਿਸ ’ਤੇ 1 ਲੱਖ ਰੁਪਏ ਦਾ ਇਨਾਮ ਹੈ। ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਸ਼ਾਮਲੀ ਦੇ ਕੋਤਵਾਲੀ ਇਲਾਕੇ ਵਿੱਚ ਜਿਮ ਤੋਂ ਬਾਹਰ ਨਿਕਲਦੇ ਸਮੇਂ ਅੰਕਿਤ ਬਾਲੀਆਨ ‘ਤੇ ਦੋ ਮੋਟਰਸਾਈਕਲਾਂ ’ਤੇ ਆਏ ਚਾਰ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਵਿੱਚ ਉਸ ਦੀ ਮੌਤ ਹੋ ਗਈ ਸੀ। ਪੁਲੀਸ ਨੇ ਮੋਹਿਤ ਅਤੇ ਸੁਮੀਤ ਕੋਲੋਂ 3 ਪਿਸਤੌਲਾਂ ਅਤੇ 26 ਜ਼ਿੰਦਾ ਕਰਤੂਸ ਬਰਾਮਦ ਕੀਤੇ ਹਨ, ਜਦਕਿ ਘਟਨਾ ’ਚ ਸ਼ਾਮਲ ਬਾਕੀ ਮੁਲਜ਼ਮਾਂ ਅਤੇ ਗੈਂਗਸਟਰ ਰਾਹੁਲ ਦੀ ਗ੍ਰਿਫ਼ਤਾਰੀ ਲਈ ਯੂ.ਪੀ. ਐੱਸ.ਟੀ.ਐੱਫ. (STF) ਅਤੇ ਪੁਲੀਸ ਦੀਆਂ ਟੀਮਾਂ ਵੱਲੋਂ ਸਾਂਝੀ ਛਾਪੇਮਾਰੀ ਜਾਰੀ ਹੈ।

