ਚੰਡੀਗੜ੍ਹ : ਮਸ਼ਹੂਰ ਬੌਲੀਵੁੱਡ ਫਿਲਮ ‘3 ਈਡੀਅਟਸ’ ਵਿੱਚ ‘ਫੁੰਨਸੁਖ ਵਾਂਗੜੂ’ ਦੇ ਕਿਰਦਾਰ ਨੂੰ ਲੈ ਕੇ ਲੱਦਾਖ਼ ਦੇ ਪ੍ਰਮੁੱਖ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਅਤੇ ਅਦਾਕਾਰ ਆਮਿਰ ਖ਼ਾਨ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਆਮਿਰ ਖ਼ਾਨ ਵੱਲੋਂ ਇਹ ਦਾਅਵਾ ਕੀਤੇ ਜਾਣ ਤੋਂ ਬਾਅਦ ਕਿ ਇਹ ਕਿਰਦਾਰ ਵਾਂਗਚੁਕ ’ਤੇ ਅਧਾਰਿਤ ਨਹੀਂ ਸੀ, ਸੋਨਮ ਵਾਂਗਚੁਕ ਨੇ ਆਮਿਰ ’ਤੇ ਚੋਟ ਕਰਦਿਆਂ ਮਜ਼ਾਕੀਆ ਲਹਿਜੇ ’ਚ ਕਿਹਾ ਕਿ ਲੱਗਦਾ ਹੈ ਅਦਾਕਾਰ ‘ਗਜ਼ਨੀ’ ਫਿਲਮ ਦੇ ਆਪਣੇ ਕਿਰਦਾਰ ਵਾਂਗ ‘ਸ਼ਾਰਟ-ਟਰਮ ਮੈਮੋਰੀ ਲਾਸ’ (ਯਾਦਦਾਸ਼ਤ ਚਲੇ ਜਾਣ) ਦਾ ਸ਼ਿਕਾਰ ਹੋ ਗਏ ਹਨ।
ਯੂਟਿਊਬਰ ਪ੍ਰਖਰ ਗੁਪਤਾ ਦੇ ਪੋਡਕਾਸਟ ’ਚ ਗੱਲਬਾਤ ਕਰਦਿਆਂ ਵਾਂਗਚੁਕ ਨੇ ਆਮਿਰ ਨਾਲ ਆਪਣੀ ਪੁਰਾਣੀ ਮੁਲਾਕਾਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, “ਜਦੋਂ ਆਮਿਰ ਨੇ ਕਿਹਾ ਕਿ ਅਸੀਂ ਕਦੇ ਮਿਲੇ ਹੀ ਨਹੀਂ, ਤਾਂ ਬਾਅਦ ’ਚ ਕੁਝ ਵੀਡੀਓਜ਼ ਸਾਹਮਣੇ ਆਈਆਂ ਜਿਸ ’ਚ ਉਹ ‘ਗਜ਼ਨੀ’ ਵਾਲੀ ਦਿੱਖ ’ਚ ਮੇਰੇ ਇੱਕ ਭਾਸ਼ਣ ਨੂੰ ਦੇਖ ਰਹੇ ਸਨ। ਸ਼ਾਇਦ ਉਹ ਉਸ ਕਿਰਦਾਰ ’ਚ ਇੰਨੇ ਗੁਆਚ ਗਏ ਸਨ ਕਿ 15 ਸੈਕੰਡ ’ਚ ਹੀ ਭੁੱਲ ਗਏ। ਉਹ ਇੱਕ ਐਵਾਰਡ ਸਮਾਰੋਹ ’ਚ ਵੀ ਮਿਲੇ ਸਨ ਜਿੱਥੇ ਮੈਂ ਐਵਾਰਡ ਲੈ ਰਿਹਾ ਸੀ। ਅਸੀਂ ਬਹੁਤ ਵਿਸਥਾਰ ਨਾਲ ਮਿਲੇ ਸੀ ਅਤੇ ਕਈ ਵਿਚਾਰਾਂ ’ਤੇ ਚਰਚਾ ਕੀਤੀ ਸੀ।” ਵਾਂਗਚੁਕ ਨੇ ਸਪੱਸ਼ਟ ਕੀਤਾ ਕਿ ਉਹ ਇਹ ਦਾਅਵਾ ਨਹੀਂ ਕਰਦੇ ਕਿ ਫਿਲਮ ਉਨ੍ਹਾਂ ਦੀ ਜੀਵਨੀ ‘ਤੇ ਬਣੀ ਹੈ, ਪਰ ਉਨ੍ਹਾਂ ਨਾਲ ਹੋਈ ਗੱਲਬਾਤ ਨੇ ਫਿਲਮ ਦੇ ਵਿਚਾਰਾਂ ਨੂੰ ਜ਼ਰੂਰ ਪ੍ਰਭਾਵਿਤ ਕੀਤਾ ਹੋਵੇਗਾ। ਦੂਜੇ ਪਾਸੇ, ਆਮਿਰ ਖ਼ਾਨ ਨੇ ਇੱਕ ਸਮਾਗਮ ਦੌਰਾਨ ਵਾਂਗਚੁਕ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਜਦੋਂ ਫਿਲਮ ਬਣ ਰਹੀ ਸੀ, ਤਾਂ ਨਾ ਤਾਂ ਉਨ੍ਹਾਂ ਨੂੰ, ਨਾ ਹੀ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਜਾਂ ਲੇਖਕ ਅਭਿਜਾਤ ਨੂੰ ਸੋਨਮ ਵਾਂਗਚੁਕ ਬਾਰੇ ਕੋਈ ਜਾਣਕਾਰੀ ਸੀ। ਆਮਿਰ ਨੇ ਫਿਲਮ ’ਚ ‘ਚਤੁਰ’ ਦਾ ਕਿਰਦਾਰ ਨਿਭਾਉਣ ਵਾਲੇ ਓਮੀ ਵੈਦਿਆ ਦੇ ਬਿਆਨ ਨੂੰ ਵੀ ਗਲਤ ਕਰਾਰ ਦਿੱਤਾ ਸੀ। ਦੱਸਣਯੋਗ ਹੈ ਕਿ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਓਮੀ ਵੈਦਿਆ ਨੇ ਸੋਨਮ ਵਾਂਗਚੁਕ ਦੇ ਵਿਦਿਆਰਥੀ ਅੰਦੋਲਨ ਅਤੇ ਭੁੱਖ ਹੜਤਾਲ ‘ਤੇ ਆਮਿਰ ਖ਼ਾਨ ਦੀ ਚੁੱਪੀ ’ਤੇ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਫੁੰਨਸੁਖ ਵਾਂਗੜੂ ਦੇ ਅਸਲ ਪ੍ਰੇਰਨਾ ਸਰੋਤ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ ਹੈ।

