ਵਾਸ਼ਿੰਗਟਨ : ਅਮਰੀਕਾ ਦੀ ਇੱਕ ਅਦਾਲਤ ਨੇ ਖ਼ਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨਾਲ ਸਬੰਧਤ ਇੱਕ ਮਾਮਲੇ ਵਿੱਚ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਵਾਲ ਅਤੇ ਖ਼ੁਫ਼ੀਆ ਏਜੰਸੀ ‘ਰਾਅ’ (R&AW) ਦੇ ਸਾਬਕਾ ਡਾਇਰੈਕਟਰ ਸਾਮੰਤ ਗੋਇਲ ਨੂੰ ਸੰਮਨ ਭੇਜੇ ਹਨ। ਜ਼ਿਕਰਯੋਗ ਹੈ ਕਿ ਭਾਰਤੀ ਜਾਂਚ ਏਜੰਸੀਆਂ ਨੂੰ ਵੱਖ-ਵੱਖ ਅਤਿਵਾਦੀ ਦੋਸ਼ਾਂ ਤਹਿਤ ਪੰਨੂ ਦੀ ਭਾਲ ਹੈ। ਨਿਊਯਾਰਕ ਦੀ ‘ਸਾਊਦਰਨ ਡਿਸਟ੍ਰਿਕਟ ਕੋਰਟ’ ਦੇ ਕਲਰਕ ਨੇ ਦੱਸਿਆ ਕਿ ਇਹ ਸੰਮਨ ਸ਼ੁੱਕਰਵਾਰ ਨੂੰ ‘ਫੈੱਡਐਕਸ’ (FedEx) ਰਾਹੀਂ ਨਵੀਂ ਦਿੱਲੀ ਸਥਿਤ ਪਟਿਆਲਾ ਹਾਊਸ ਕੋਰਟ, ਤੀਸ ਹਜ਼ਾਰੀ ਕੋਰਟ ਅਤੇ ਦਵਾਰਕਾ ਜ਼ਿਲ੍ਹਾ ਅਦਾਲਤ ਨੂੰ ਭੇਜੇ ਗਏ ਹਨ। ਇਸ ਤੋਂ ਪਹਿਲਾਂ ਬੀਤੀ 13 ਨਵੰਬਰ ਨੂੰ ਨਿਊਯਾਰਕ ਦੀ ਇਸੇ ਅਦਾਲਤ ਨੇ ‘ਹੇਗ ਕਨਵੈਨਸ਼ਨ’ ਦਾ ਹਵਾਲਾ ਦਿੰਦਿਆਂ ਡੋਵਾਲ ਅਤੇ ਗੋਇਲ ਨੂੰ ਸੰਮਨ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਜੱਜ ਕੈਥਰੀਨ ਪੋਲਕ ਫੈਲਾ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਦਾਲਤ ਸਬੰਧਤ ਭਾਰਤੀ ਅਦਾਲਤਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਇਸ ਦੀਵਾਨੀ ਮੁਕੱਦਮੇ ਵਿੱਚ ਬਚਾਅ ਪੱਖ ਨੂੰ ਸੰਮਨ ਤਾਮੀਲ ਕਰਵਾਉਣ ਵਿੱਚ ਸਹਿਯੋਗ ਕਰਨ। ਜੱਜ ਫੈਲਾ ਨੇ ਹੇਗ ਕਨਵੈਨਸ਼ਨ ਅਤੇ ਭਾਰਤੀ ਸਿਵਲ ਪ੍ਰੋਸੀਜਰ ਕੋਡ (ਸੀ.ਪੀ.ਸੀ.) ਦੀਆਂ ਸਬੰਧਤ ਧਾਰਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਦੇਸ਼ੀ ਅਦਾਲਤਾਂ ਭਾਰਤੀ ਅਦਾਲਤਾਂ ਰਾਹੀਂ ਡੋਵਾਲ ਅਤੇ ਗੋਇਲ ਨੂੰ ਸੰਮਨ ਭੇਜ ਸਕਦੀਆਂ ਹਨ।
ਹੁਕਮਾਂ ਅਨੁਸਾਰ, ਪਹਿਲਾਂ ਹੇਗ ਕਨਵੈਨਸ਼ਨ ਤਹਿਤ ਭਾਰਤ ਦੀ ਕੇਂਦਰੀ ਅਥਾਰਟੀ ਰਾਹੀਂ ਸੰਮਨ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਅਦਾਲਤ ਨੇ ਹੇਗ ਕਨਵੈਨਸ਼ਨ ਦੀ ਧਾਰਾ 19 ਅਤੇ ਭਾਰਤੀ ਸੀ.ਪੀ.ਸੀ. ਤਹਿਤ ਬਦਲਵੇਂ ਤਰੀਕੇ ਨਾਲ ਸੰਮਨ ਭੇਜਣ ਦੀ ਮਨਜ਼ੂਰੀ ਦਿੱਤੀ।
ਦੱਸਣਯੋਗ ਹੈ ਕਿ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ (ਐੱਸ.ਐੱਫ.ਜੇ.) ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਆਪਣੀ ਜਾਨ ’ਤੇ ਹੋਏ ਕਥਿਤ ਹਮਲੇ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਹਰਜਾਨੇ ਦੀ ਮੰਗ ਕਰਦਿਆਂ ਇਹ ਦੀਵਾਨੀ ਮੁਕੱਦਮਾ ਦਾਇਰ ਕੀਤਾ ਹੈ। ਉਸ ਨੇ ਅਜੀਤ ਡੋਵਾਲ ’ਤੇ ਭਾਰਤੀ ਖ਼ੁਫ਼ੀਆ ਏਜੰਸੀ ਰਾਹੀਂ ਉਸ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਹਨ। ਪਿਛਲੇ ਮਹੀਨੇ ਵੀ ਅਮਰੀਕੀ ਅਦਾਲਤ ਨੇ ਵਿਦੇਸ਼ ਵਿਭਾਗ ਵੱਲੋਂ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਨੂੰ ਜਾਰੀ ਕੂਟਨੀਤਕ ਨੋਟ ਰਾਹੀਂ ਸੰਮਨ ਭੇਜਣ ਦੀ ਕੋਸ਼ਿਸ਼ ਕੀਤੀ ਸੀ।
ਦੂਜੇ ਪਾਸੇ, ਭਾਰਤ ਪਹਿਲਾਂ ਹੀ ਪੰਨੂ ਦੇ ਇਸ ਮੁਕੱਦਮੇ ਨੂੰ ‘ਮਨਘੜਤ ਅਤੇ ਬਦਨੀਤੀ ਵਾਲਾ’ ਕਰਾਰ ਦਿੰਦਿਆਂ ਰੱਦ ਕਰ ਚੁੱਕਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਬੀਤੀ 10 ਨਵੰਬਰ ਨੂੰ ਸਪੱਸ਼ਟ ਕੀਤਾ ਸੀ ਕਿ ਭਾਰਤ ਆਪਣੇ ਉੱਚ ਅਧਿਕਾਰੀਆਂ ਖ਼ਿਲਾਫ਼ ਅਜਿਹੇ ਬੇਬੁਨਿਆਦ ਮੁਕੱਦਮਿਆਂ ਨੂੰ ਖ਼ਾਰਜ ਕਰਦਾ ਹੈ ਅਤੇ ਭਾਰਤ ਵਿੱਚ ਕਿਸੇ ਵੀ ਨਿਆਂਇਕ ਦਸਤਾਵੇਜ਼ ਦੀ ਤਾਮੀਲ ਸਿਰਫ਼ ਨਿਰਧਾਰਤ ਕੇਂਦਰੀ ਅਥਾਰਟੀ, ਭਾਵ ਕਾਨੂੰਨ ਅਤੇ ਨਿਆਂ ਮੰਤਰਾਲੇ ਰਾਹੀਂ ਹੀ ਕੀਤੀ ਜਾ ਸਕਦੀ ਹੈ।

