ਨਾਮਜ਼ਦ ਚੋਣ ਧਾਂਦਲੀਆਂ ਦੇ ਵਿਰੋਧ ਵਿੱਚ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਦੇ ‘ਇੰਡੀਆ’ ਗਠਜੋੜ ਦੇ ‘ਚਲੋ ਦਿੱਲੀ’ ਰੋਸ ਮੁਜ਼ਾਹਰੇ ਤੋਂ ਪਹਿਲਾਂ ਐਤਵਾਰ ਨੂੰ ਵੱਖ-ਵੱਖ ਪਾਰਟੀਆਂ ਦੇ ਸਮਰਥਕ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋਏ, ਜਦੋਂ ਕਿ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਪਾਰਟੀ ਵਰਕਰ ਜੁੜੇ।
ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਟੀ.ਐੱਮ.ਸੀ. ਸੁਪਰੀਮੋ ਮਮਤਾ ਬੈਨਰਜੀ, ਸੀ.ਪੀ.ਆਈ.(ਐੱਮ) ਦੇ ਜਨਰਲ ਸਕੱਤਰ ਐੱਮ.ਏ. ਬੇਬੀ, ਸੀ.ਪੀ.ਆਈ. ਦੇ ਜਨਰਲ ਸਕੱਤਰ ਡੀ. ਰਾਜਾ, ਸੀ.ਪੀ.ਆਈ.(ਐੱਮ.ਐੱਲ.) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪੰਕਰ ਭੱਟਾਚਾਰਜੀ ਸਮੇਤ ਹੋਰ ਸੀਨੀਅਰ ਆਗੂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਪਹੁੰਚੇ, ਜਿੱਥੋਂ ਉਹ ਰਾਮਲੀਲਾ ਮੈਦਾਨ ਤੱਕ ਮਾਰਚ ਕਰਨ ਲਈ ਇੱਕ ਖੁੱਲ੍ਹੀ ਬੱਸ ਵਿੱਚ ਮਿੰਟੋ ਰੋਡ ਲਈ ਰਵਾਨਾ ਹੋਏ। ਦੁਪਹਿਰ ਦੇ ਸਮੇਂ ਰੋਸ ਮੁਜ਼ਾਹਰੇ ਵਾਲੀ ਥਾਂ ’ਤੇ ‘ਇੰਡੀਆ’ ਗਠਜੋੜ ਦੀਆਂ ਪਾਰਟੀਆਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਯੂਥ ਤੇ ਵਿਦਿਆਰਥੀ ਜਥੇਬੰਦੀਆਂ ਦੇ ਇਕੱਠੇ ਹੋਣ ਨਾਲ ਭੀੜ ਕਾਫ਼ੀ ਵਧ ਗਈ। ਇਹ ਸਮਰਥਕ ਤਖ਼ਤੀਆਂ ਫੜ ਕੇ ਐੱਸ.ਆਈ.ਆਰ. (SIR) ਕਵਾਇਦ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ।ਕਈ ਸਮਰਥਕ ਐਤਵਾਰ ਸਵੇਰੇ ਦਿੱਲੀ ਪਹੁੰਚੇ, ਜਦੋਂ ਕਿ ਕਈ ਹੋਰ ਸ਼ਨਿੱਚਰਵਾਰ ਜਾਂ ਉਸ ਤੋਂ ਪਹਿਲਾਂ ਹੀ ਰਾਜਧਾਨੀ ਪਹੁੰਚ ਚੁੱਕੇ ਸਨ, ਕਿਉਂਕਿ ਪਾਰਟੀਆਂ ਨੇ ਇਸ ਰੋਸ ਮੁਜ਼ਾਹਰੇ ਲਈ ਵੱਖ-ਵੱਖ ਰਾਜਾਂ ਤੋਂ ਆਪਣੇ ਕਾਡਰ ਨੂੰ ਲਾਮਬੰਦ ਕੀਤਾ ਸੀ।

