Panchkula School Incident: ਕੇਜੀ ਦੀ ਮਾਸੂਮ ਬੱਚੀ ’ਤੇ ਇੱਟਾਂ ਨਾਲ ਹਮਲਾ ਕਰਨ ਵਾਲਾ 8 ਸਾਲਾ ਬੱਚਾ ਅੰਬਾਲਾ ਦੇ ਅਬਜ਼ਰਵੇਸ਼ਨ ਹੋਮ ਭੇਜਿਆ

Panchkula School Incident: ਕੇਜੀ ਦੀ ਮਾਸੂਮ ਬੱਚੀ ’ਤੇ ਇੱਟਾਂ ਨਾਲ ਹਮਲਾ ਕਰਨ ਵਾਲਾ 8 ਸਾਲਾ ਬੱਚਾ ਅੰਬਾਲਾ ਦੇ ਅਬਜ਼ਰਵੇਸ਼ਨ ਹੋਮ ਭੇਜਿਆ

ਪੰਚਕੂਲਾ : ਸੈਕਟਰ 20 ਸਥਿਤ ਇੱਕ ਨਿੱਜੀ ਸਕੂਲ ਵਿੱਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਦੌਰਾਨ 6 ਸਾਲਾ ਮਾਸੂਮ ਬੱਚੀ ਦੇ ਸਿਰ ’ਤੇ ਵਾਰ-ਵਾਰ ਇੱਟਾਂ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਜੁਵੇਨਾਈਲ ਜਸਟਿਸ ਬੋਰਡ (ਜੇਜੇਬੀ), ਪੰਚਕੂਲਾ ਨੇ ਮੁਲਜ਼ਮ 8 ਸਾਲਾ ਬੱਚੇ ਨੂੰ ਅੰਬਾਲਾ ਦੇ ਅਬਜ਼ਰਵੇਸ਼ਨ ਹੋਮ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਜਾਂਚ ਲੰਬਿਤ ਰਹਿਣ ਤੱਕ ਬੱਚੇ ਦੀ ਆਪਣੀ ਸੁਰੱਖਿਆ ਲਈ ਉਸ ਨੂੰ ‘ਸੁਰੱਖਿਅਤ ਸਥਾਨ’ ’ਤੇ ਰੱਖਿਆ ਜਾਵੇ। ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ ਨੂੰ ਤੈਅ ਕੀਤੀ ਗਈ ਹੈ, ਜਿਸ ਦਿਨ ਬੱਚੇ ਨੂੰ ਨਿੱਜੀ ਤੌਰ ’ਤੇ ਪੇਸ਼ ਕਰਨਾ ਹੋਵੇਗਾ। ਇਸ ਤੋਂ ਇਲਾਵਾ ਬੋਰਡ ਨੇ ਬੱਚੇ ਨੂੰ ਮੈਡੀਕਲ ਜਾਂਚ ਲਈ ਜੀਐੱਮਸੀਐੱਚ-32 ਲਿਜਾਣ ਦੀ ਹਦਾਇਤ ਵੀ ਦਿੱਤੀ ਹੈ।

ਪੁਲੀਸ ਅਨੁਸਾਰ ਇਹ ਘਟਨਾ 28 ਅਕਤੂਬਰ ਨੂੰ ਸਕੂਲ ਦੇ ਸਮੇਂ ਦੌਰਾਨ ਵਾਪਰੀ। ਛੁੱਟੀ ਹੋਣ ਮਗਰੋਂ ਜਦੋਂ ਬੱਚੀ ਬਾਹਰ ਨਾ ਆਈ ਤਾਂ ਆਟੋ ਚਾਲਕ ਨੇ ਉਸ ਦੇ ਪਿਤਾ ਨੂੰ ਫ਼ੋਨ ਕੀਤਾ। ਸਕੂਲ ਪੁੱਜ ਕੇ ਪਿਤਾ ਵੱਲੋਂ ਕੀਤੀ ਭਾਲ ਦੌਰਾਨ ਇੱਕ ਵਿਦਿਆਰਥੀ ਨੇ ਦੱਸਿਆ ਕਿ ਬੱਚੀ ਪਹਿਲੀ ਮੰਜ਼ਿਲ ਦੇ ਇੱਕ ਕਮਰੇ ਵਿੱਚ ਹੈ। ਪਿਤਾ ਨੇ ਦੋਸ਼ ਲਾਇਆ ਕਿ ਜਦੋਂ ਉਹ ਉੱਪਰ ਪਹੁੰਚੇ ਤਾਂ ਕਮਰੇ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਸੀ ਅਤੇ ਖਿੜਕੀ ਵਿੱਚੋਂ ਦੇਖਣ ’ਤੇ ਮਾਸੂਮ ਬੱਚੀ ਖ਼ੂਨ ਨਾਲ ਲੱਥਪੱਥ ਫ਼ਰਸ਼ ’ਤੇ ਪਈ ਸੀ। ਗੰਭੀਰ ਹਾਲਤ ਵਿੱਚ ਬੱਚੀ ਨੂੰ ਪਹਿਲਾਂ ਨਿੱਜੀ ਹਸਪਤਾਲ ਅਤੇ ਮਗਰੋਂ ਪੀਜੀਆਈ ਚੰਡੀਗੜ੍ਹ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਫਿਲਹਾਲ ਨਾਜ਼ੁਕ ਪਰ ਸਥਿਰ ਦੱਸੀ ਜਾ ਰਹੀ ਹੈ। ਪੁਲੀਸ ਜਾਂਚ ਦੌਰਾਨ ਘਟਨਾ ਸਥਾਨ ਤੋਂ ਖ਼ੂਨ ਨਾਲ ਲੱਥਪੱਥ ਇੱਟ, ਖ਼ੂਨ ਦੇ ਨਮੂਨੇ ਅਤੇ ਲੋਹੇ ਦਾ ਡਸਟਬਿਨ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਬੱਚੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 115(2), 117(2) ਅਤੇ 127(2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਬੱਚੀ ਦੇ ਚਾਚਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਸਕੂਲ ਪ੍ਰਬੰਧਕਾਂ ਦੀ ਭਾਰੀ ਅਣਗਹਿਲੀ ਸਾਹਮਣੇ ਆਉਣ ’ਤੇ ਸਕੂਲ ਦੀ ਪ੍ਰਿੰਸੀਪਲ, ਕਲਾਸ ਇੰਚਾਰਜ ਅਤੇ ਚੌਕੀਦਾਰ ਖ਼ਿਲਾਫ਼ ਵੀ 31 ਅਕਤੂਬਰ ਨੂੰ ਐੱਫਆਈਆਰ ਦਰਜ ਕਰ ਲਈ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਜ਼ਖ਼ਮੀ ਬੱਚੀ ਕਰੀਬ ਦੋ ਘੰਟੇ ਬੰਦ ਕਮਰੇ ਵਿੱਚ ਤੜਫ਼ਦੀ ਰਹੀ ਅਤੇ ਸਕੂਲ ਸਟਾਫ਼ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਪੁਲੀਸ ਮੁਤਾਬਕ ਬੱਚੀ ਦੀ ਮੈਡੀਕਲ ਰਿਪੋਰਟ ਅਤੇ ਦੋਸ਼ੀ ਬੱਚੇ ਦੀ ਮਾਨਸਿਕ ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Share: