ਇਸਲਾਮਾਬਾਦ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵੱਡੇ ਸਰਕਾਰੀ ਹਸਪਤਾਲ ਵਿੱਚ ਬੁੱਧਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ 14 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 7 ਵਜੇ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪੀ ਆਈ ਐੱਮ ਐੱਸ) ਦੇ ਮਦਰ ਐਂਡ ਚਾਈਲਡ ਵਾਰਡ ਵਿੱਚ ਵਾਪਰੀ। ਇਸਲਾਮਾਬਾਦ ਪ੍ਰਸ਼ਾਸਨ ਮੁਤਾਬਕ ਅੱਗ ਹਸਪਤਾਲ ਦੀ ਤੀਜੀ ਮੰਜ਼ਿਲ ’ਤੇ ਸਥਿਤ ਗਾਇਨਾਕੋਲੋਜੀ ਵਾਰਡ ਵਿੱਚ ਲੱਗੀ। ਪੀ ਆਈ ਐੱਮ ਐੱਸ ਦੀ ਤਰਜਮਾਨ ਡਾ. ਅਨੀਜ਼ਾ ਜਲੀਲ ਨੇ ਦੱਸਿਆ ਕਿ ਵਾਰਡ ਵਿੱਚ 15 ਬੱਚੇ ਸਨ ਅਤੇ ਇੱਕ ਬੱਚੇ ਨੂੰ ਡਾਕਟਰ ਨੇ ਬਚਾਅ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਛੇ ਫਾਇਰ ਬ੍ਰਿਗੇਡ ਟੈਂਡਰ ਅਤੇ ਚਾਰ ਐਂਬੂਲੈਂਸਾਂ ਮੌਕੇ ’ਤੇ ਪਹੁੰਚੀਆਂ। ਅੱਗ ’ਤੇ ਤੁਰੰਤ ਕਾਬੂ ਪਾ ਲਿਆ ਗਿਆ। ਅਧਿਕਾਰੀਆਂ ਮੁਤਾਬਕ ਮੁੱਢਲੀ ਜਾਂਚ ਵਿੱਚ ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਤਾਰਿਕ ਫ਼ਜ਼ਲ ਚੌਧਰੀ ਨੇ ਕਿਹਾ ਕਿ ਵਾਰਡ ਵਿੱਚ ਆਕਸੀਜਨ ਲਾਈਨਾਂ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲੀ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਲਾਪ੍ਰਵਾਹੀ ਕਰਨ ਵਾਲੇ ਬਖ਼ਸ਼ੇ ਨਹੀ ਜਾਣਗੇ। ਸਿਹਤ ਮੰਤਰੀ ਮੁਸਤਫ਼ਾ ਕਮਾਲ ਨੇ ਕਿਹਾ ਕਿ ਕੁਝ ਬੱਚਿਆਂ ਦੀਆਂ ਲਾਸ਼ਾਂ ਦੀ ਪਛਾਣ ਨਾ ਹੋਣ ਕਾਰਨ ਡੀ ਐੱਨ ਏ ਜਾਂਚ ਲਈ ਮਾਪਿਆਂ ਦੇ ਨਮੂਨੇ ਲਏ ਜਾ ਰਹੇ ਹਨ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ, ਜਦਕਿ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਘਟਨਾ ਨੂੰ ਬੇਹੱਦ ਦੁਖਦਾਈ ਕਰਾਰ ਦਿੱਤਾ ਹੈ।
Posted inPakistan
Islamabad ਦੇ Hospital ’ਚ Fire ਲੱਗੀ; 14 Children ਦੀ death

