ਖਰੜ : ਇੱਥੋਂ ਦੇ ਪਿੰਡ ਘੜੂੰਆਂ ’ਚ ਜਦੋਂ ਵਾਰਡ ਨੰਬਰ 3 ਵਿਚ ਲਾਇਬ੍ਰੇਰੀ ਦੇ ਨਿਰਮਾਣ ਲਈ ਪੁਰਾਣੀ ਧਰਮਸ਼ਾਲਾ ਦੀ ਖੁਦਾਈ ਸ਼ੁਰੂ ਕੀਤੀ ਗਈ ਤਾਂ ਉਥੇ ਖੇਡਦੇ ਕੁਝ ਬੱਚਿਆਂ ਨੂੰ ਚਾਂਦੀ ਦੇ ਸਿੱਕੇ ਮਿਲਣ ਮਗਰੋਂ ਅੱਜ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆਇਆ ਅਤੇ ਇਹ ਥਾਂ ਪੁਰਾਤੱਤਵ ਸਰਵੇਖਣ ਵਿਭਾਗ ਹਵਾਲੇ ਕਰ ਦਿੱਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਕੌਂਸਲ ਵੱਲੋਂ ਇੱਥੇ ਖੁਦਾਈ ਕੀਤੀ ਗਈ ਸੀ ਅਤੇ ਇਸ ਮਗਰੋਂ ਮੀਂਹ ਪੈਣ ਕਾਰਨ ਕੰਮ ਰੋਕ ਦਿੱਤਾ ਗਿਆ। ਬੀਤੇ ਦਿਨ ਕੁਝ ਬੱਚੇ ਜਦੋਂ ਇੱਥੇ ਖੇਡ ਰਹੇ ਸੀ ਤਾਂ ਉਨ੍ਹਾਂ ਨੂੰ ਚਾਂਦੀ ਦੇ ਕੁਝ ਸਿੱਕੇ ਮਿਲੇ ਜੋ ਮੁਗਲਾਂ ਦੇ ਸਮੇਂ ਦੇ ਦੱਸੇ ਜਾਂਦੇ ਹਨ। ਇਸ ਮਗਰੋਂ ਰੌਲਾ ਪੈਣ ’ਤੇ ਦੇਰ ਰਾਤ ਤੱਕ ਲੋਕ ਖਜ਼ਾਨੇ ਦੀ ਭਾਲ ਵਿਚ ਉਥੇ ਮਿੱਟੀ ਪੁੱਟਦੇ ਰਹੇ। ਜਾਣਕਾਰੀ ਮਿਲਣ ’ਤੇ ਨਗਰ ਪੰਚਾਇਤ ਘੜੂੰਆਂ ਦੇ ਅਧਿਕਾਰੀ ਵੀ ਹਰਕਤ ਵਿਚ ਆਏ ਅਤੇ ਉਨ੍ਹਾਂ ਇਸ ਸਬੰਧੀ ਉਚ ਅਧਿਕਾਰੀਆਂ ਅਤੇ ਪੁਲੀਸ ਨੂੰ ਸੂਚਿਤ ਕੀਤਾ। ਨਗਰ ਪੰਚਾਇਤ ਘੜੂੰਆਂ ਦੇ ਕਾਰਜਸਾਧਕ ਅਫਸਰ ਰਵੀ ਜਿੰਦਲ ਨੇ ਅਧਿਕਾਰੀਆਂ ਅਤੇ ਸਫਾਈ ਸੇਵਕ ਦੀ ਉਕਤ ਥਾਂ ’ਤੇ ਡਿਊਟੀ ਲਗਾ ਦਿੱਤੀ ਅਤੇ ਹੁਕਮ ਜਾਰੀ ਕੀਤੇ ਗਏ ਕਿ ਉਹ ਇਸ ਥਾਂ ਦੀ ਨਿਗਰਾਨੀ ਕਰਨਗੇ। ਇਸੇ ਦੌਰਾਨ ਪ੍ਰਸ਼ਾਸਨ ਨੇ ਉਥੇ ਕੈਮਰੇ ਲਗਾ ਦਿੱਤੇ ਅਤੇ ਪਿੰਡ ਵਿਚ ਮੁਨਾਦੀ ਕਰਵਾ ਦਿੱਤੀ ਗਈ ਕਿ ਕੋਈ ਉਥੇ ਨਹੀਂ ਜਾਵੇਗਾ। ਕਾਰਜਸਾਧਕ ਅਧਿਕਾਰੀ ਰਵੀ ਜਿੰਦਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਹਾਲੇ ਤੱਕ ਕੋਈ ਚਾਂਦੀ ਦਾ ਸਿੱਕਾ ਨਹੀਂ ਮਿਲਿਆ ਹੈ ਪਰ ਇਹ ਥਾਂ ਪੁਰਾਤੱਤਵ ਸਰਵੇਖਣ ਵਿਭਾਗ ਹਵਾਲੇ ਕਰ ਦਿੱਤੀ ਗਈ ਹੈ।

