ਭਿੱਖੀਵਿੰਡ : ਖੇਮਕਰਨ ਸ਼ਹਿਰ ਵਿੱਚ ਬੀਤੇ ਦਿਨੀਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਆੜ੍ਹਤੀ ਗੁਰਸੇਵਕ ਸਿੰਘ ਆਸਲ ਦੇ ਪਰਿਵਾਰ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਪੁਲੀਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ। ਪਰਿਵਾਰ ਨੇ ਸਪੱਸ਼ਟ ਐਲਾਨ ਕੀਤਾ ਕਿ ਜਦੋਂ ਤੱਕ ਕਤਲ ਕਾਂਡ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਪਰਿਵਾਰ ਨੇ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਬਾਕੀ ਮੁਲਜ਼ਮਾਂ ਨੂੰ ਜਲਦ ਕਾਬੂ ਨਾ ਕੀਤਾ ਤਾਂ ਉਹ ਇਨਸਾਫ਼ ਲਈ ਸੜਕਾਂ ਜਾਮ ਕਰਨ ਸਮੇਤ ਤਿੱਖਾ ਸੰਘਰਸ਼ ਕਰਨਗੇ। ਪ੍ਰੈੱਸ ਕਾਨਫਰੰਸ ਦੌਰਾਨ ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਜਿਸ ਤਰ੍ਹਾਂ ਉਸ ਦੇ ਪਤੀ ਗੁਰਸੇਵਕ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ, ਉਸੇ ਤਰ੍ਹਾਂ ਉਸ ਨੂੰ ਵੀ ਗੋਲੀ ਮਾਰੀ ਜਾਵੇ। ਉਸ ਨੇ ਕਿਹਾ ਕਿ ਪਤੀ ਦੇ ਕਤਲ ਨੇ ਉਸ ਦੀ ਜ਼ਿੰਦਗੀ ਉਜਾੜ ਕੇ ਰੱਖ ਦਿੱਤੀ ਹੈ। ਤਿੰਨ ਧੀਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ ਅਤੇ ਪਰਿਵਾਰ ਨੂੰ ਅਜਿਹਾ ਘਾਟਾ ਪਿਆ ਹੈ, ਜਿਸ ਦੀ ਪੂਰਤੀ ਕਦੇ ਨਹੀਂ ਹੋ ਸਕਦੀ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਕਤਲ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮ੍ਰਿਤਕ ਦੀ ਮਾਂ ਰਣਜੀਤ ਕੌਰ ਨੇ ਪੁਲੀਸ ਪ੍ਰਸ਼ਾਸਨ ਪ੍ਰਤੀ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜੇ ਉਸ ਦੇ ਪੁੱਤਰ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਥਾਣੇ ਵਿੱਚ ਤੇਲ ਪਾ ਕੇ ਖ਼ੁਦ ਨੂੰ ਅੱਗ ਲਗਾ ਲਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਵਿੱਚ ਨਹੀਂ ਆਉਂਦੇ, ਉਦੋਂ ਤੱਕ ਪਰਿਵਾਰ ਆਪਣੇ ਪੁੱਤਰ ਦਾ ਸਸਕਾਰ ਨਹੀਂ ਕਰੇਗਾ। ਰਣਜੀਤ ਕੌਰ ਨੇ ਕਿਹਾ ਕਿ ਇੱਕ ਮਾਂ ਲਈ ਆਪਣੇ ਪੁੱਤਰ ਦੀ ਇਸ ਤਰ੍ਹਾਂ ਮੌਤ ਨੂੰ ਸਹਿਣਾ ਬੇਹੱਦ ਮੁਸ਼ਕਲ ਹੈ ਅਤੇ ਪਰਿਵਾਰ ਸਿਰਫ਼ ਇਨਸਾਫ਼ ਦੀ ਉਡੀਕ ਕਰ ਰਿਹਾ ਹੈ। ਉਧਰ ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਸੇਵਕ ਸਿੰਘ ਅਮਰੀਕਾ ਤੋਂ ਪੰਜਾਬ ਪਰਤਿਆ ਸੀ ਅਤੇ ਇੱਥੇ ਆਪਣਾ ਕਾਰੋਬਾਰ ਸਥਾਪਤ ਕਰਕੇ ਪਰਿਵਾਰ ਨਾਲ ਰਹਿਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਗੁਰਸੇਵਕ ਸਿੰਘ ਐੱਨਆਰਆਈ ਸੀ ਅਤੇ ਉਸ ਨੇ ਪੰਜਾਬ ਵਿੱਚ ਕਾਰੋਬਾਰ ਕਰਨ ਦਾ ਸੁਪਨਾ ਲਿਆ ਸੀ, ਪਰ ਉਸ ਦੇ ਕਤਲ ਕਾਰਨ ਪਰਿਵਾਰ ਦੇ ਸਾਰੇ ਸੁਪਨੇ ਟੁੱਟ ਗਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਉਨ੍ਹਾਂ ਨੂੰ ਪੰਜਾਬ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੈ ਅਤੇ ਉਹ ਆਪਣਾ ਕਾਰੋਬਾਰ ਸਮੇਟ ਕੇ ਕਿਸੇ ਹੋਰ ਥਾਂ ਜਾਣ ਬਾਰੇ ਸੋਚ ਰਹੇ ਹਨ। ਪਰਿਵਾਰ ਨੂੰ ਅਜੇ ਵੀ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਖ਼ਤਰਾ ਮਹਿਸੂਸ ਹੋ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਗੁਰਸੇਵਕ ਸਿੰਘ ਨੂੰ ਬਿਨਾਂ ਕਿਸੇ ਵਜ੍ਹਾ ਨਿਸ਼ਾਨਾ ਬਣਾਇਆ ਗਿਆ। ਪਰਿਵਾਰ ਅਨੁਸਾਰ ਹਮਲਾਵਰਾਂ ਨੇ ਗੁਰਸੇਵਕ ਸਿੰਘ ’ਤੇ ਲਗਾਤਾਰ ਪੰਜ-ਛੇ ਗੋਲੀਆਂ ਚਲਾਈਆਂ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਖੇਮਕਰਨ ਦੇ ਐੱਸਐੱਚਓ ਕੰਵਲਜੀਤ ਰਾਏ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਕਤਲ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਅਤੇ ਜਾਂਚ ਜਾਰੀ ਹੈ।
Posted inTarn Taran
Khemkaran Murder : ਪਰਿਵਾਰ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਮ੍ਰਿਤਕ ਦਾ ਸਸਕਾਰ ਨਾ ਕਰਨ ਦਾ ਐਲਾਨ

