ਚੰਡੀਗਡ਼੍ਹ : ਅਬੋਹਰ ਤੇ ਭੁਲੱਥ ਵਿੱਚ ਝੋਨੇ ਦੀ ਫ਼ਰਜ਼ੀ ਖ਼ਰੀਦ ਦਾ ਮਾਮਲਾ ਤੂਲ ਫੜਨ ਲੱਗਾ ਹੈ। ਪੰਜਾਬ ਸਰਕਾਰ ਨੇ ਭੁਲੱਥ ਵਿੱਚ ਝੋਨੇ ਦੀ ਖ਼ਰੀਦ ’ਚ ਕਥਿਤ ਗੜਬੜ ਦੀ ਜਾਂਚ ਰਿਪੋਰਟ ਮੁਕੰਮਲ ਹੋਣ ਮਗਰੋਂ ਦੋ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਪਨਸਪ ਦੀ ਜਾਂਚ ਵਿੱਚ ‘ਪ੍ਰਕਿਰਿਆ ਸਬੰਧੀ ਖ਼ਾਮੀਆਂ’ ਸਾਹਮਣੇ ਆਈਆਂ ਹਨ ਜਿਨ੍ਹਾਂ ਦੇ ਆਧਾਰ ’ਤੇ ਮੰਡੀ ਇੰਸਪੈਕਟਰ ਅਤੇ ਫ਼ੀਲਡ ਅਫ਼ਸਰ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉੱਧਰ, ਭਾਰਤੀ ਖ਼ੁਰਾਕ ਨਿਗਮ ਦੀ ਰਾਜ ਪੱਧਰੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਅਤੇ ਕਾਂਗਰਸੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਇਸ ਪੂਰੇ ਮਾਮਲੇ ’ਚ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ। ਭੁਲੱਥ ਦੇ ਆੜ੍ਹਤੀਆਂ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਪੰਜ ਆੜ੍ਹਤੀਆਂ ਅਤੇ ਸ਼ੈੱਲਰ ਮਾਲਕਾਂ ਤੋਂ ਇਲਾਵਾ ਖ਼ਰੀਦ ਇੰਸਪੈਕਟਰ ’ਤੇ ਉਂਗਲ ਚੁੱਕੀ ਹੈ।
ਘੁਬਾਇਆ ਨੇ ਕੇਂਦਰੀ ਖ਼ੁਰਾਕ ਤੇ ਸਪਲਾਈ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਡਿਜੀਟਲ ਖ਼ਰੀਦ ਢਾਂਚੇ ਦੀ ਦੁਰਵਰਤੋਂ ਅਤੇ ਦੂਸਰੇ ਸੂਬਿਆਂ ਤੋਂ ਝੋਨੇ ਦੀ ਆਮਦ ‘ਕੌਮੀ ਅਨਾਜ ਖ਼ਰੀਦ ਪ੍ਰਣਾਲੀ’ ਦੀ ਭਰੋਸੇਯੋਗਤਾ ਨੂੰ ਢਾਹ ਲਾ ਸਕਦੀ ਹੈ। ਇਸ ਲਈ ਭੁਲੱਥ ਵਿੱਚ ਝੋਨੇ ਦੀ ਖ਼ਰੀਦ ’ਚ ਕਥਿਤ ਬੇਨਿਯਮੀਆਂ ਦੀ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਭੁਲੱਥ ’ਚ 22 ਹਜ਼ਾਰ ਝੋਨੇ ਦੀਆਂ ਬੋਰੀਆਂ ਨਾਲ ਸਬੰਧਤ ਗੇਟ ਪਾਸਾਂ ਦੀ ਤਸਦੀਕ ਮਹਿਜ਼ ਪੰਜ ਘੰਟੇ ਵਿੱਚ ਹੋਈ। ਉਨ੍ਹਾਂ ਕਿਹਾ ਕਿ ਜਾਂਚ ਕਰ ਕੇ ਪਤਾ ਲਾਇਆ ਜਾਵੇ ਕਿ ਇਹ ਝੋਨੇ ਦੀ ਅਸਲ ਪੈਦਾਵਾਰ ਸੀ ਜਾਂ ਫਿਰ ਦੂਜੇ ਰਾਜਾਂ ਦੀ ਫ਼ਸਲ ਨੂੰ ਖਪਾਉਣ ਲਈ ਡਿਜੀਟਲ ਗੇਟ ਪਾਸਾਂ ਤੇ ਖ਼ਰੀਦ ਰਿਕਾਰਡਾਂ ਦੀ ਵਰਤੋਂ ਕੀਤੀ ਗਈ। ਇਹ ਵੀ ਦੇਖਿਆ ਜਾਵੇ ਕਿ ਸ਼ੱਕੀ ਖ਼ਰੀਦ ਲੈਣ ਦੇਣ ਕਾਰਨ ਕੈਸ਼ ਕਰੈਡਿਟ ਲਿਮਟ ਸਮੇਂ ਤੋਂ ਪਹਿਲਾਂ ਵਰਤੀ ਗਈ ਹੈ ਜਿਸ ਦਾ ਆਡਿਟ ਕਰਾਇਆ ਜਾਵੇ। ਉਨ੍ਹਾਂ ਕਿਹਾ ਕਿ ਫ਼ੰਡਾਂ ਦੀ ਘਾਟ ਕਾਰਨ ਫ਼ਾਜ਼ਿਲਕਾ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਅਬੋਹਰ ਸਮੇਤ ਹੋਰਨਾਂ ਕਿਸਾਨਾਂ ਨੂੰ ਐੱਮ ਐੱਸ ਪੀ ਖ਼ਰੀਦ ਤੋਂ ਵਾਂਝਾ ਨਾ ਰਹਿਣਾ ਪਵੇ।
ਵਿੱਤੀ ਆਡਿਟ ਲਈ ਚਾਰ ਮੈਂਬਰੀ ਕਮੇਟੀ ਬਣਾਈ
ਕੇਂਦਰ ਸਰਕਾਰ ਨੇ ਇਸ ਸ਼ੱਕੀ ਖ਼ਰੀਦ ਮਾਮਲੇ ’ਚ ਸੂਬਾ ਸਰਕਾਰ ਤੋਂ ਫ਼ਿਲਹਾਲ ਕੋਈ ਰਿਪੋਰਟ ਨਹੀਂ ਮੰਗੀ, ਪਰ ਪੰਜਾਬ ਦੇ ਖ਼ੁਰਾਕ ਤੇ ਸਪਲਾਈ ਵਿਭਾਗ ਨੇ ਅਬੋਹਰ ਵਿੱਚ ਸ਼ੱਕੀ ਖ਼ਰੀਦ ਮਾਮਲੇ ਬਾਰੇ ਵਿੱਤੀ ਆਡਿਟ ਕਰਵਾਉਣ ਲਈ ਚਾਰ ਮੈਂਬਰੀ ਕਮੇਟੀ ਬਣਾਈ ਹੈ। ਕਮੇਟੀ ਉਨ੍ਹਾਂ ਛੇ ਫ਼ਰਮਾਂ ਦੀ ਜਾਂਚ ਕਰੇਗੀ ਜਿਨ੍ਹਾਂ ਨੇ 21 ਕਿਸਾਨਾਂ ਦੀ ਜਿਣਸ ਦੀ ਮੰਡੀ ’ਚ ਮੌਜੂਦਗੀ ਬਾਰੇ ਕਿਹਾ ਸੀ। ਪੰਜਾਬ ਸਰਕਾਰ ਅਬੋਹਰ ’ਚ ਸ਼ੱਕੀ ਖ਼ਰੀਦ ਸਬੰਧੀ ਮਾਰਕਫੈੱਡ ਦੇ ਸੀਨੀਅਰ ਬਰਾਂਚ ਅਫਸਰ ਅਤੇ ਮਾਰਕੀਟ ਕਮੇਟੀ ਅਬੋਹਰ ਦੇ ਸੈਕਟਰੀ ਨੂੰ ਮੁਅੱਤਲ ਕਰ ਚੁੱਕੀ ਹੈ। ਐਤਕੀਂ ਪੰਜਾਬ ਦੀਆਂ ਮੰਡੀਆਂ ’ਚ ਮਿੱਥੇ ਟੀਚੇ ਨਾਲੋਂ ਵੱਧ ਜਿਣਸ ਆ ਗਈ ਹੈ। ਪੰਜਾਬ ਸਰਕਾਰ ਨੇ ਕੇਂਦਰ ਨੂੰ ਟੀਚੇ ਵਿੱਚ ਮੁੜ ਸੋਧ ਲਈ ਕਿਹਾ ਹੈ ਤੇ 9 ਹਜ਼ਾਰ ਕਰੋੜ ਦੀ ਵਾਧੂ ਕੈਸ਼ ਕਰੈਡਿਟ ਲਿਮਟ ਵੀ ਮੰਗੀ ਹੈ।

