ਵਾਸ਼ਿੰਗਟਨ : ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਸ਼ਿਕਾਗੋ ਨੇੜੇ ਇੱਕ ਹਿੰਦੂ ਮੰਦਰ ਵਿੱਚ ਸਮੂਹਿਕ ਗੋਲੀਬਾਰੀ ਦੀ ਯੋਜਨਾ ਬਣਾਉਣ ਦੇ ਮੁਲਜ਼ਮ ਇੱਕ ਨੌਜਵਾਨ ਨੇ ਅਮਰੀਕੀ ਅਦਾਲਤ ਵਿੱਚ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਖ਼ੁਦ ਨੂੰ ਬੇਕਸੂਰ ਦੱਸਿਆ ਹੈ। ਸੀ.ਬੀ.ਐੱਸ.(CBS) ਨਿਊਜ਼ ਦੀ ਰਿਪੋਰਟ ਮੁਤਾਬਕ ਇਲੀਨੋਇਸ ਦੇ ਔਰੋਰਾ ਸਥਿਤ ਇੱਕ ਮੰਦਰ ਵਿੱਚ ਸਮੂਹਿਕ ਗੋਲੀਬਾਰੀ ਕਰਨ ਦੀ ਅਸਫ਼ਲ ਕੋਸ਼ਿਸ਼ ਕਰਨ ਵਾਲੇ 19 ਸਾਲਾ ਅਲੈਗਜ਼ੈਂਡਰੋਸ ਪਾਪੋਰਾਕਿਸ (Alexandros Paporakis) ਵਿਰੁੱਧ ਅਤਿਵਾਦੀ ਧਮਕੀ ਦੇਣ ਅਤੇ ਹਥਿਆਰ ਦੀ ਗ਼ੈਰ-ਕਾਨੂੰਨੀ ਵਰਤੋਂ ਕਰਨ ਦੇ ਇੱਕ-ਇੱਕ ਮਾਮਲੇ ਵਿੱਚ ਦੋਸ਼ ਤੈਅ ਕੀਤੇ ਗਏ ਸਨ।
‘ਡੇਲੀ ਹੈਰਲਡ’ ਦੀ ਰਿਪੋਰਟ ਅਨੁਸਾਰ ਪਾਪੋਰਾਕਿਸ ਵੀਰਵਾਰ ਨੂੰ ਰੋਲਿੰਗ ਮੀਡੋਜ਼ ਥਰਡ ਮਿਉਂਸਪਲ ਡਿਸਟ੍ਰਿਕਟ ਕੋਰਟਹਾਊਸ ਵਿਖੇ ਕੁੱਕ ਕਾਉਂਟੀ ਦੇ ਜੱਜ ਮਾਰਕ ਮਾਰਟਿਨ ਦੇ ਸਾਹਮਣੇ ਪੇਸ਼ ਹੋਇਆ। ਪਾਪੋਰਾਕਿਸ ਵਿਰੁੱਧ ਸ਼ੁਰੂਆਤੀ ਤੌਰ ‘ਤੇ ਔਰੋਰਾ ਸਥਿਤ ਸ੍ਰੀ ਵੈਂਕਟੇਸ਼ਵਰ ਮੰਦਰ ਵਿੱਚ ਕਥਿਤ ਸਾਜ਼ਿਸ਼ ਦੇ ਸਬੰਧ ਵਿੱਚ ਅਤਿਵਾਦੀ ਧਮਕੀ ਦੇਣ ਅਤੇ ਹਥਿਆਰ ਦੀ ਗ਼ੈਰ-ਕਾਨੂੰਨੀ ਵਰਤੋਂ ਕਰਨ ਦੇ ਦੋਸ਼ ਲਗਾਏ ਗਏ ਸਨ।ਬੁੱਧਵਾਰ ਨੂੰ ਪੁਲੀਸ ਨੇ ਅਤਿਵਾਦ, ਅਤਿਵਾਦੀ ਧਮਕੀ ਦੇਣ, ਹਥਿਆਰਬੰਦ ਹਿੰਸਾ, ਅਤਿਵਾਦ ਦੀ ਕੋਸ਼ਿਸ਼ ਅਤੇ ਹਥਿਆਰਾਂ ਨਾਲ ਸਬੰਧਿਤ ਕਈ ਅਪਰਾਧਾਂ ਸਮੇਤ ਵਾਧੂ ਦੋਸ਼ਾਂ ਦਾ ਐਲਾਨ ਕੀਤਾ। ਏ ਬੀ ਸੀ ਨਿਊਜ਼ ਅਨੁਸਾਰ ਪੁਲੀਸ ਨੇ ਦੱਸਿਆ ਕਿ ਕੁੱਕ ਕਾਉਂਟੀ ਦੀ ਗ੍ਰੈਂਡ ਜਿਊਰੀ ਨੇ ਪਾਪੋਰਾਕਿਸ ਵਿਰੁੱਧ ਅਤਿਵਾਦ ਦੇ ਛੇ ਮਾਮਲਿਆਂ, ਅਤਿਵਾਦੀ ਧਮਕੀ ਦੇਣ ਦੇ ਦਸ ਮਾਮਲਿਆਂ, ਹਥਿਆਰਬੰਦ ਹਿੰਸਾ ਦੇ ਦੋ ਮਾਮਲਿਆਂ,ਅਤਿਵਾਦ ਦੀ ਕੋਸ਼ਿਸ਼ ਦੇ ਦੋ ਮਾਮਲਿਆਂ,ਗ਼ੈਰ-ਕਾਨੂੰਨੀ ਤੌਰ ‘ਤੇ ਹਥਿਆਰ ਰੱਖਣ ਦੇ ਇੱਕ ਮਾਮਲੇ,16 ਇੰਚ ਤੋਂ ਘੱਟ ਲੰਬਾਈ ਵਾਲੀ ਬੈਰਲ ਵਾਲੀ ਰਾਈਫਲ ਰੱਖਣ ਅਤੇ ਫਾਇਰਆਰਮ ਓਨਰਜ਼ ਆਈਡੈਂਟੀਫਿਕੇਸ਼ਨ (FOID) ਕਾਰਡ ਐਕਟ ਦੀ ਉਲੰਘਣਾ ਦੇ ਇੱਕ ਮਾਮਲੇ ਤਹਿਤ ਦੋਸ਼ ਪੱਤਰ ਜਾਰੀ ਕੀਤਾ ਹੈ।
ਉਸ ਵਿਰੁੱਧ ਗ਼ੈਰ-ਕਾਨੂੰਨੀ ਤੌਰ ‘ਤੇ ਹਥਿਆਰ ਰੱਖਣ ਦੇ ਦੋ ਗੰਭੀਰ ਮਾਮਲੇ,ਇੱਕ ਅਸਾਲਟ ਹਥਿਆਰ ਰੱਖਣ ਅਤੇ ਬਿਨਾਂ ਸੀਰੀਅਲ ਨੰਬਰ ਵਾਲਾ ਹਥਿਆਰ ਰੱਖਣ ਦੇ ਇੱਕ ਮਾਮਲੇ ਤਹਿਤ ਵੀ ਦੋਸ਼ ਹਨ। ਅਧਿਕਾਰੀਆਂ ਦਾ ਦੋਸ਼ ਹੈ ਕਿ ਪਾਪੋਰਾਕਿਸ ਨੇ ਨਵਰਾਤਰੀ ਦੇ ਪਹਿਲੇ ਦਿਨ 11 ਅਕਤੂਬਰ ਨੂੰ ਹਿੰਦੂ ਮੰਦਰ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਇਹ ਯੋਜਨਾ ਇਸ ਲਈ ਅਸਫ਼ਲ ਹੋ ਗਈ ਕਿਉਂਕਿ ਨੌਜਵਾਨ ਕੋਲ ਮੌਜੂਦ ਬੰਦੂਕ ਜਾਮ ਹੋ ਗਈ ਸੀ ਅਤੇ ਚੱਲ ਨਹੀਂ ਸਕੀ।
ਪਾਪੋਰਾਕਿਸ ਦੇ ‘ਟੈਕੋ ਬੈੱਲ’ (Taco Bell) ਵਿਖੇ ਨਾਲ ਕੰਮ ਕਰਨ ਵਾਲੇ ਸਾਥੀਆਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਭਾਰਤੀ ਲੋਕਾਂ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਪੁਲੀਸ ਨੇ ਉਸੇ ਦੁਪਹਿਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸਰਕਾਰੀ ਵਕੀਲਾਂ ਨੇ ਦੱਸਿਆ ਕਿ ਇਲੀਨੋਇਸ ਦੇ ਪੈਲਾਟਾਈਨ ਦਾ ਰਹਿਣ ਵਾਲਾ ਪਾਪੋਰਾਕਿਸ ਖ਼ੁਦ ਨੂੰ ਗੋਰੀ ਨਸਲ ਦਾ ਸਰਵਉੱਚਤਾਵਾਦੀ (white supremacist) ਅਤੇ ਨਵ-ਨਾਜ਼ੀ (neo-Nazi) ਦੱਸਦਾ ਹੈ,ਅਤੇ ਉਸ ਨੇ ਗ਼ੈਰ-ਗੋਰੇ ਲੋਕਾਂ ਦੇ ਕਤਲ ਕਰਨ ਦੀਆਂ ਆਪਣੀਆਂ ਕਲਪਨਾਵਾਂ ਦਾ ਵੇਰਵਾ ਦਿੰਦਾ ਇੱਕ ਦਸਤਾਵੇਜ਼ ਵੀ ਲਿਖਿਆ ਸੀ।
ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੇ ਘਰੋਂ ਇੱਕ ਰਾਈਫਲ,ਗੋਲਾ ਬਾਰੂਦ, ਇੱਕ ਟੈਕਟੀਕਲ ਵੈਸਟ ਅਤੇ ਗੋਰੀ ਨਸਲ ਦੇ ਕੱਟੜਪੰਥ ਨਾਲ ਜੁੜੀਆਂ ਤਸਵੀਰਾਂ ਵਾਲਾ ਇੱਕ ਪੈਚ ਬਰਾਮਦ ਕੀਤਾ ਹੈ। ਇੱਕ ਜੱਜ ਨੇ ਪਾਪੋਰਾਕਿਸ ਨੂੰ ਭਾਈਚਾਰੇ ਲਈ ਖ਼ਤਰਾ ਕਰਾਰ ਦਿੰਦਿਆਂ ਉਸ ਨੂੰ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ। ਉਸ ਨੂੰ ਵੀਰਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ, ਜੋ ਯੋਜਨਾਬੱਧ ਹਮਲੇ ਵਾਲੇ ਦਿਨ ਨਿਸ਼ਾਨਾ ਬਣਾਏ ਗਏ ਮੰਦਰ ਵਿੱਚ ਹੀ ਮੌਜੂਦ ਸਨ, ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਪਾਪੋਰਾਕਿਸ ਵਿਰੁੱਧ ਨਫ਼ਰਤੀ ਅਪਰਾਧ (hate crime) ਤਹਿਤ ਦੋਸ਼ ਲਗਾਏ ਜਾਣ।

