Khushhaal Punjab Rally: ‘ਆਪ’ ਸਰਕਾਰ ਨਵੇਂ ਰਾਸ਼ਨ ਕਾਰਡ ਵੰਡੇਗੀ

Khushhaal Punjab Rally: ‘ਆਪ’ ਸਰਕਾਰ ਨਵੇਂ ਰਾਸ਼ਨ ਕਾਰਡ ਵੰਡੇਗੀ

ਚੰਡੀਗਡ਼੍ਹ : ‘ਆਪ’ ਨੇ 26 ਨਵੰਬਰ ਦੀ ਮੋਗਾ ਰੈਲੀ ਨੂੰ ‘ਖ਼ੁਸ਼ਹਾਲ ਪੰਜਾਬ ਰੈਲੀ’ ਦਾ ਨਾਮ ਦਿੱਤਾ ਹੈ। ਇਸ ’ਚ 10 ਲੱਖ ਨਵੇਂ ਰਾਸ਼ਨ ਵੰਡਣ ਦਾ ਆਗਾਜ਼ ਹੋਵੇਗਾ। ਪੰਜਾਬ ਸਰਕਾਰ ਇਸ ਰੈਲੀ ’ਚ ਆਪਣਾ 56 ਮਹੀਨਿਆਂ ਦਾ ਰਿਪੋਰਟ ਕਾਰਡ ਵੀ ਪੇਸ਼ ਕਰੇਗੀ ਪਰ ਮੁੱਖ ਤੌਰ ’ਤੇ ਨਵੇਂ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ ਕੀਤੀ ਜਾਣੀ ਹੈ। ‘ਆਪ’ ਮੋਗਾ ’ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਇਕੱਠ ਕਰਨਾ ਚਾਹੁੰਦੀ ਹੈ। 

ਮੁੱਖ ਮੰਤਰੀ ਭਗਵੰਤ ਮਾਨ ਮੋਗਾ ਰੈਲੀ ’ਚ ਮੁੱਖ ਬੁਲਾਰੇ ਹੋਣਗੇ ਜਦੋਂਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਰੈਲੀ ’ਚ ਮੁੱਖ ਮੰਤਰੀ ਨਾਲ ਸਟੇਜ ਸਾਂਝੀ ਕਰਨਗੇ। ਪੰਜਾਬ ਸਰਕਾਰ ਨੇ ਮੋਗਾ ਰੈਲੀ ਦੀ ਤਿਆਰੀ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਸਰਕਾਰੀ ਪ੍ਰਾਪਤੀਆਂ ਦੇ ਵੇਰਵੇ ਮੰਗੇ ਹਨ ਅਤੇ ਪ੍ਰਾਪਤੀਆਂ ਵਾਲਾ ਕਿਤਾਬਚਾ ਵੀ ਰੈਲੀ ’ਚ ਵੰਡਣ ਦੀ ਸੰਭਾਵਨਾ ਹੈ। ਵਿਰੋਧੀ ਧਿਰਾਂ ਵੱਲੋਂ ਨਸ਼ਿਆਂ ਅਤੇ ਅਮਨ-ਕਾਨੂੰਨ ਦੀ ਵਿਵਸਥਾ ਦੇ ਮੁੱਦੇ ’ਤੇ ‘ਆਪ’ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਕਰ ਕੇ ਇਸ ਰੈਲੀ ’ਚ ‘ਆਪ’ ਆਪਣਾ ਪੱਖ ਰੱਖੇਗੀ। ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਮੋਗਾ ਰੈਲੀ ਵਿੱਚ ਵੱਖ-ਵੱਖ ਸੂਬਿਆਂ ਤੋਂ ਪਾਰਟੀ ਦੀ ਲੀਡਰਸ਼ਿਪ, ਅਹੁਦੇਦਾਰ, ਵਾਲੰਟੀਅਰ ਅਤੇ ਪੰਜਾਬ ਦੇ ਕੋਨੇ-ਕੋਨੇ ਤੋਂ ਵੋਟਰ ਤੇ ਸਮਰਥਕ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਅਤੇ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਨੂੰ ਮਾਰੂਥਲ ਬਣਨ ਤੋਂ ਰੋਕ ਲਿਆ। ਅੱਜ ਨਹਿਰੀ ਪਾਣੀ ਟੇਲਾਂ, ਸੂਇਆਂ ਅਤੇ ਕੱਸੀਆਂ ਤੱਕ ਪਹੁੰਚ ਗਿਆ ਹੈ। ‘ਆਪ’ ਸਰਕਾਰ ਨੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਰਜਿਸਟਰੀਆਂ ਦੇ ਕੇ ਉਨ੍ਹਾਂ ਨੂੰ ਕਰਜ਼ਾ ਲੈਣ ਅਤੇ ਜਾਇਦਾਦ ਦੇ ਅਧਿਕਾਰ ਦਿੱਤੇ ਹਨ। ਸਰਕਾਰ ਨੇ ਮਾਤਾਵਾਂ ਅਤੇ ਭੈਣਾਂ ਨਾਲ ਕੀਤਾ ਵਾਅਦਾ ਨਿਭਾਉਂਦਿਆਂ ਉਨ੍ਹਾਂ ਨੂੰ ਵਿੱਤੀ ਸਹਾਇਤਾ ਦਿੱਤੀ ਹੈ। ਵਿਰੋਧੀ ਧਿਰਾਂ ਵੱਲੋਂ ਕੱਢੀਆਂ ਜਾ ਰਹੀਆਂ ‘ਪੰਜਾਬ ਬਚਾਓ ਰੈਲੀਆਂ’ ਬਾਰੇ ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਹੁਣ ਬਚਾਉਣ ਲਈ ਕੁਝ ਵੀ ਬਾਕੀ ਨਹੀਂ ਰਿਹਾ ਹੈ।

Share: