ਛਤਰਪਤੀ ਸੰਭਾਜੀਨਗਰ : ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਦੇ ਐੱਮ ਆਈ ਡੀ ਸੀ ਵਾਲੂਜ ਇਲਾਕੇ ਵਿੱਚ ਕੌਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਨਿਵਾਸ ਸਥਾਨ ’ਤੇ ਪੁਲੀਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਇਹ ਪਾਰਟੀ ਪਿਛਲੇ ਹਫ਼ਤੇ ਇੰਟਰਨੈੱਟ (ਔਨਲਾਈਨ) ’ਤੇ ਸਾਹਮਣੇ ਆਈ ਸੀ ਅਤੇ ਬੇਰੁਜ਼ਗਾਰੀ, ਪ੍ਰੀਖਿਆ ਪੇਪਰ ਲੀਕ ਤੇ ਸਿੱਖਿਆ ਨਾਲ ਜੁੜੇ ਮੁੱਦਿਆਂ ’ਤੇ ਮੀਮਜ਼ ਅਤੇ ਸਿਆਸੀ ਟਿੱਪਣੀਆਂ ਰਾਹੀਂ ਤੇਜ਼ੀ ਨਾਲ ਪ੍ਰਸਿੱਧ ਹੋਈ ਹੈ।
ਡੀ ਸੀ ਪੀ ਪੰਕਜ ਅਤੁਲਕਰ ਨੇ ਦੱਸਿਆ, ‘‘ਅਸੀਂ ਐੱਮ ਆਈ ਡੀ ਸੀ ਵਾਲੂਜ ਇਲਾਕੇ ਵਿੱਚ ਸਥਿਤ ਅਭਿਜੀਤ ਦੀਪਕੇ ਦੇ ਨਿਵਾਸ ਸਥਾਨ ’ਤੇ 24 ਘੰਟੇ ਆਮ ਪੁਲੀਸ ਸੁਰੱਖਿਆ ਦਿੱਤੀ ਹੈ। ਇਹ ਇਸ ਲਈ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਘਰ ’ਤੇ ਭੀੜ ਇਕੱਠੀ ਨਾ ਹੋਵੇ, ਕਿਉਂਕਿ ਸੀ ਜੇ ਪੀ ਦਾ ਮੁੱਦਾ ਇਸ ਵੇਲੇ ਸੋਸ਼ਲ ਮੀਡੀਆ ’ਤੇ ਕਾਫੀ ਟਰੈਂਡ ਕਰ ਰਿਹਾ ਹੈ।’’ ਅਤੁਲਕਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਸੁਰੱਖਿਆ ਕਿਸੇ ਕਿਸਮ ਦੀ ਧਮਕੀ ਕਾਰਨ ਦਿੱਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਦੇ ਕਿਸੇ ਵੀ ਥਾਣੇ ਵਿੱਚ ਇਸ ਸਬੰਧ ’ਚ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਹੋਈ ਹੈ। ਜ਼ਿਰਰਯੋਗ ਹੈ ਕਿ ਦੀਪਕੇ ਨੇ ਸ਼ਨਿਚਰਵਾਰ ਨੂੰ ਦੋਸ਼ ਲਗਾਇਆ ਸੀ ਕਿ ਇਸ ਡਿਜੀਟਲ ਅੰਦੋਲਨ ’ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਸਾਰੇ ਸੋਸ਼ਲ ਮੀਡੀਆ ਖਾਤੇ ਅਤੇ ਵੈੱਬਸਾਈਟ ਬੰਦ ਕਰ ਦਿੱਤੀ ਗਈ ਹੈ ਜਾਂ ਉਨ੍ਹਾਂ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਕਾਰਨ ਗਰੁੱਪ ਦੀ ਆਪਣੇ ਕਿਸੇ ਵੀ ਅਧਿਕਾਰਤ ਪਲੈਟਫਾਰਮ ਤੱਕ ਪਹੁੰਚ ਨਹੀਂ ਰਹੀ ਹੈ।

