Mahadev betting app ਮਾਮਲੇ ’ਚ ਸੀਬੀਆਈ ਵੱਲੋਂ ਪੰਜਾਬ ਸਮੇਤ 6 ਸੂਬਿਆਂ ’ਚ ਛਾਪੇਮਾਰੀ

Mahadev betting app ਮਾਮਲੇ ’ਚ ਸੀਬੀਆਈ ਵੱਲੋਂ ਪੰਜਾਬ ਸਮੇਤ 6 ਸੂਬਿਆਂ ’ਚ ਛਾਪੇਮਾਰੀ

ਨਵੀਂ ਦਿੱਲੀ : ਸੀਬੀਆਈ ਨੇ ਪਿਛਲੇ ਕੁਝ ਦਿਨਾਂ ਦੌਰਾਨ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ ‘ਮਹਾਦੇਵ ਆਨਲਾਈਨ ਬੁੱਕ ਐਪ’ ਦੇ ਪੈਨਲ ਸੰਚਾਲਕਾਂ ਦੇ ਟਿਕਾਣਿਆਂ ’ਤੇ ਛੇ ਸੂਬਿਆਂ ਵਿੱਚ 33 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਇਹ ਤਲਾਸ਼ੀ ਪਲੇਟਫਾਰਮ ਦੇ ਮੁੱਖ ਪ੍ਰਮੋਟਰਾਂ ਵਿੱਚੋਂ ਇੱਕ ਅਤੇ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਵੱਲੋਂ ਸਲਤਨਤ ਆਫ਼ ਓਮਾਨ ਤੋਂ ਹਵਾਲਗੀ ਤੋਂ ਬਾਅਦ ਕੀਤੇ ਗਏ ਖੁਲਾਸਿਆਂ ਦੇ ਆਧਾਰ ’ਤੇ ਲਈ ਗਈ।

ਇਸ ਛਾਪੇਮਾਰੀ ਤਹਿਤ ਜਿਨ੍ਹਾਂ ਸ਼ਹਿਰਾਂ ਵਿੱਚ ਤਲਾਸ਼ੀ ਲਈ ਗਈ, ਉਨ੍ਹਾਂ ਵਿੱਚ ਅੰਮ੍ਰਿਤਸਰ, ਦਿੱਲੀ, ਨਾਗੌਰ, ਧੌਲਪੁਰ, ਭੋਪਾਲ, ਰਾਏਪੁਰ, ਦੁਰਗ, ਇੰਦੌਰ, ਅਹਿਮਦਾਬਾਦ, ਵਡੋਦਰਾ, ਸੂਰਤ, ਮੁੰਬਈ ਅਤੇ ਨਾਗਪੁਰ ਸ਼ਾਮਲ ਹਨ। ਸੀਬੀਆਈ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਛਾਪਿਆਂ ਦੌਰਾਨ ਸੱਟੇਬਾਜ਼ੀ ਅਤੇ ਜੂਏ ਦੇ ਲਾਈਵ ਪੈਨਲ ਚੱਲਦੇ ਪਾਏ ਗਏ ਅਤੇ ਉਨ੍ਹਾਂ ਨੂੰ ਬੰਦ ਕਰਵਾ ਦਿੱਤਾ ਗਿਆ। ਤਲਾਸ਼ੀ ਦੌਰਾਨ ਡਿਜੀਟਲ ਉਪਕਰਨ, ਮੋਬਾਈਲ ਫ਼ੋਨ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕਰਕੇ ਜ਼ਬਤ ਕੀਤੇ ਗਏ ਹਨ, ਜੋ ਫਰਜ਼ੀ ਖਾਤਿਆਂ (ਮਿਊਲ ਅਕਾਊਂਟਸ) ਅਤੇ ਹਵਾਲਾ ਨੈੱਟਵਰਕ ਦੀ ਵਰਤੋਂ ਨੂੰ ਦਰਸਾਉਂਦੇ ਹਨ। ਇਸ ਦੌਰਾਨ, ਚੰਦਰਾਕਰ ਨੂੰ 13 ਨਵੰਬਰ ਨੂੰ ਈਡੀ (ED) ਵੱਲੋਂ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਅਜੇ ਸੀਬੀਆਈ ਦੀ ਹਿਰਾਸਤ ਵਿੱਚ ਹੀ ਸੀ। ਸੌਰਭ ਚੰਦਰਾਕਰ ਨੂੰ ਓਮਾਨ ਤੋਂ ਹਵਾਲਗੀ ਰਾਹੀਂ ਲਿਆਂਦਾ ਗਿਆ ਸੀ ਅਤੇ ਸੀਬੀਆਈ ਨੇ 1 ਨਵੰਬਰ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸ਼ੁਰੂ ਵਿੱਚ ਉਸ ਨੂੰ ਅੱਠ ਦਿਨਾਂ ਦੇ ਸੀਬੀਆਈ ਪੁਲੀਸ ਰਿਮਾਂਡ ’ਤੇ ਭੇਜਿਆ ਸੀ। ਉਸ ਤੋਂ ਪੁੱਛਗਿੱਛ ਦੌਰਾਨ ਪਲੇਟਫਾਰਮ ਦੇ ਕੰਮ ਕਰਨ ਦੇ ਤਰੀਕੇ ਅਤੇ ਭਾਰਤ ਵਿੱਚ ਇਸ ਦੇ ਪੈਨਲ ਸੰਚਾਲਕਾਂ ਦੇ ਨੈੱਟਵਰਕ ਬਾਰੇ ਵੇਰਵਿਆਂ ਦਾ ਖੁਲਾਸਾ ਹੋਇਆ।ਜਾਂਚ ਦੌਰਾਨ ਇਕੱਠੇ ਕੀਤੇ ਗਏ ਦਸਤਾਵੇਜ਼ੀ ਅਤੇ ਡਿਜੀਟਲ ਸਬੂਤਾਂ ਨਾਲ ਵੀ ਉਸ ਦਾ ਸਾਹਮਣਾ ਕਰਵਾਇਆ ਗਿਆ। ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਸੌਰਭ ਚੰਦਰਾਕਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਨੂੰ 19 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। 13 ਨਵੰਬਰ ਨੂੰ, ਰਾਏਪੁਰ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਈਡੀ ਨੇ ਚੰਦਰਾਕਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੂੰ 19 ਨਵੰਬਰ ਤੱਕ ਸੱਤ ਦਿਨਾਂ ਦੇ ਈਡੀ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

Share: