ਕੋਲਕਾਤਾ : ਭਾਜਪਾ ਨੇ ਪੱਛਮੀ ਬੰਗਾਲ ਦੇ ਫਾਲਟਾ ਵਿਧਾਨ ਸਭਾ ਹਲਕੇ ਦੀ ਚੋਣ ਇਕ ਲੱਖ ਤੋਂ ਜ਼ਿਆਦਾ ਵੋਟਾਂ ਦੇ ਫ਼ਰਕ ਨਾਲ ਜਿੱਤ ਲਈ ਹੈ। ਇਹ ਹਲਕਾ ਤ੍ਰਿਣਮੂਲ ਕਾਂਗਰਸ ਦਾ ਗੜ੍ਹ ਰਿਹਾ ਹੈ। ਇਸ ਜਿੱਤ ਨਾਲ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ ਵਧ ਕੇ 208 ਹੋ ਗਈ ਹੈ। ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਵੱਲੋਂ ਨੰਦੀਗ੍ਰਾਮ ਹਲਕੇ ਤੋਂ ਅਸਤੀਫ਼ਾ ਦੇਣ ਕਾਰਨ ਵੈਸੇ ਭਾਜਪਾ ਦੀਆਂ ਸੀਟਾਂ ਦੀ ਗਿਣਤੀ 207 ਹੀ ਰਹੇਗੀ। ਅਧਿਕਾਰੀ ਨੇ ਕਿਹਾ ਕਿ ਲੋਕਾਂ ਨੂੰ ਜਦੋਂ ਆਜ਼ਾਦਾਨਾ ਢੰਗ ਨਾਲ ਵੋਟ ਪਾਉਣ ਦਾ ਮੌਕਾ ਮਿਲਿਆ ਤਾਂ ਹਕੀਕਤ ਸਭ ਦੇ ਸਾਹਮਣੇ ਆ ਗਈ ਹੈ। ਜ਼ਿਕਰਯੋਗ ਹੈ ਕਿ ਫਾਲਟਾ ’ਚ 29 ਅਪਰੈਲ ਨੂੰ ਵੋਟਿੰਗ ਦੌਰਾਨ ਵੱਡੇ ਪੱਧਰ ’ਤੇ ਗੜਬੜੀਆਂ ਦੇ ਦੋਸ਼ ਲੱਗੇ ਸਨ ਜਿਸ ਮਗਰੋਂ ਚੋਣ ਕਮਿਸ਼ਨ ਨੇ 21 ਮਈ ਨੂੰ ਮੁੜ ਪੋਲਿੰਗ ਕਰਵਾਈ ਸੀ।ਭਾਜਪਾ ਦੇ ਦਿਬਾਂਗਸ਼ੂ ਪਾਂਡਾ ਨੂੰ 149666 ਵੋਟਾਂ ਪਈਆਂ ਅਤੇ ਉਨ੍ਹਾਂ ਆਪਣੇ ਨੇੜਲੇ ਵਿਰੋਧੀ ਸੀ ਪੀ ਐੱਮ ਦੇ ਸ਼ੰਭੂ ਨਾਥ ਕੁਰਮੀ ਨੂੰ 109021 ਵੋਟਾਂ ਦੇ ਫ਼ਰਕ ਨਾਲ ਹਰਾਇਆ। ਕੁਰਮੀ ਨੂੰ 40645 ਵੋਟਾਂ ਮਿਲੀਆਂ ਜਦਕਿ ਕਾਂਗਰਸ ਦਾ ਅਬਦੁਰ ਰਜ਼ਾਕ ਮੌਲਾ 10084 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਿਹਾ। ਤ੍ਰਿਣਮੂਲ ਕਾਂਗਰਸ ਦੇ ਜਹਾਂਗੀਰ ਖ਼ਾਨ ਨੂੰ ਸਿਰਫ਼ 7783 ਵੋਟਾਂ ਪਈਆਂ ਅਤੇ ਉਸ ਦੀ ਜ਼ਮਾਨਤ ਜ਼ਬਤ ਹੋ ਗਈ। ਉਂਝ ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ ਜਹਾਂਗੀਰ ਨੇ ‘ਫਾਲਟਾ ਦੇ ਹਿੱਤ ’ਚ’ ਚੋਣ ਮੈਦਾਨ ’ਚੋਂ ਹਟਣ ਦਾ ਐਲਾਨ ਕੀਤਾ ਸੀ। ਭਾਜਪਾ ਨੇ ਦਾਅਵਾ ਕੀਤਾ ਕਿ ਉਹ ਹਾਰ ਨੂੰ ਦੇਖਦਿਆਂ ਚੋਣ ਮੈਦਾਨ ਛੱਡ ਗਿਆ ਹੈ। ਇੰਨੇ ਘੱਟ ਸਮੇਂ ’ਚ ਨਾਮਜ਼ਦਗੀ ਵਪਾਸ ਨਹੀਂ ਲਈ ਜਾ ਸਕਦੀ ਸੀ ਜਿਸ ਕਾਰਨ ਉਸ ਦਾ ਨਾਮ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਉਮੀਦਵਾਰਾਂ ਦੀ ਸੂਚੀ ’ਚ ਸੀ। ਫਾਲਟਾ ਸੀਟ ’ਤੇ ਤ੍ਰਿਣਮੂਲ ਕਾਂਗਰਸ ਦਾ 2011 ਤੋਂ ਕਬਜ਼ਾ ਰਿਹਾ ਸੀ। ਸਾਲ 2021 ’ਚ ਹੋਈਆਂ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਨੂੰ ਕਰੀਬ 57 ਫ਼ੀਸਦ ਵੋਟਾਂ ਪਈਆਂ ਸਨ। ਐਤਕੀਂ ਭਾਜਪਾ ਉਮੀਦਵਾਰ ਨੂੰ 71.2 ਫ਼ੀਸਦ ਵੋਟਾਂ ਪਈਆਂ ਹਨ। ਤ੍ਰਿਣਮੂਲ ਦਾ ਵੋਟ ਸ਼ੇਅਰ ਘਟ ਕੇ ਮਹਿਜ਼ 3.7 ਫ਼ੀਸਦ ਰਹਿ ਗਿਆ।
Posted inWest Bengal
Falta Bypoll ’ਚ ਭਾਜਪਾ ਉਮੀਦਵਾਰ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜੇਤੂ

