ਰੋਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਇਤਾਲਵੀ ਹਮਰੁਤਬਾ ਜੌਰਜੀਆ ਮੈਲੋਨੀ ਦਰਮਿਆਨ ਹੋਈ ਵਾਰਤਾ ਤੋਂ ਬਾਅਦ ਭਾਰਤ ਤੇ ਇਟਲੀ ਨੇ ਦੁਵੱਲੇ ਸਬੰਧਾਂ ਨੂੰ ਵਿਸ਼ੇਸ਼ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਤੇ ਵਪਾਰ, ਨਿਵੇਸ਼ ਤੇ ਨਵੀਂ ਤਕਨਾਲੋਜੀ ਦੇ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ। ਮੈਲੋਨੀ ਨਾਲ ਗੱਲਬਾਤ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਸਾਂਝੇ ਪ੍ਰੈੱਸ ਬਿਆਨ ’ਚ ਕਿਹਾ, ‘‘ਅਸੀਂ ਭਾਰਤ-ਇਟਲੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ’ਤੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ।’’
ਸ੍ਰੀ ਮੋਦੀ ਆਪਣੀ ਪੰਜ ਮੁਲਕਾਂ ਦੀ ਯਾਤਰਾ ਦੇ ਆਖ਼ਰੀ ਪੜਾਅ ਤਹਿਤ ਲੰਘੀ ਰਾਤ ਰੋਮ ਪੁੱਜੇ ਸਨ। ਮੈਲੋਨੀ ਨਾਲ ਗੱਲਬਾਤ ਲਈ ਪੁੱਜਣ ’ਤੇ ਸ੍ਰੀ ਮੋਦੀ ਨੂੰ ਰਸਮੀ ਗਾਰਡ ਆਫ ਆਨਰ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਇਟਲੀ ਦੇ ਰਾਸ਼ਟਰਪਤੀ ਸਰਜੀਓ ਮਟਾਰੇਲਾ ਨਾਲ ਵੀ ਮੁਲਾਕਾਤ ਕੀਤੀ ਅਤੇ ਵਪਾਰ, ਤਕਨਾਲੋਜੀ, ਸਵੱਛ ਊਰਜਾ ਤੇ ਸੱਭਿਆਚਾਰ ਜਿਹੇ ਖੇਤਰਾਂ ’ਚ ਭਾਰਤ-ਇਟਲੀ ਭਾਈਵਾਲੀ ਨੂੰ ਹੋਰ ਵਧਾਉਣ ਬਾਰੇ ਚਰਚਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਯਾਤਰਾ ਦਾ ਮੁੱਖ ਮਕਸਦ ਭਾਰਤ ਅਤੇ ਇਟਲੀ ਦਰਮਿਆਨ ਸਹਿਯੋਗ ਮਜ਼ਬੂਤ ਕਰਨ ਦੇ ਢੰਗਾਂ ਬਾਰੇ ਚਰਚਾ ਕਰਨਾ ਹੋਵੇਗਾ। ਉਨ੍ਹਾਂ ਸੋਸ਼ਲ ਮੀਡੀਆ ਪੋਸਟ ’ਚ ਇਹ ਵੀ ਕਿਹਾ ਕਿ ਦੋਵੇਂ ਧਿਰਾਂ ਵੱਖ ਵੱਖ ਖੇਤਰਾਂ ’ਚ ਸਹਿਯੋਗ ਲਈ ਰੂਪਰੇਖਾ ਅਤੇ ਸਾਂਝੀ ਰਣਨੀਤਕ ਕਾਰਜ ਯੋਜਨਾ 2025-2029 ਦੀ ਸਮੀਖਿਆ ਕਰਨਗੀਆਂ। ਲੰਘੀ ਰਾਤ ਪ੍ਰਧਾਨ ਮੰਤਰੀ ਮੋਦੀ ਦੇ ਰੋਮ ਪੁੱਜਣ ਤੋਂ ਤੁਰੰਤ ਬਾਅਦ ਇਤਾਲਵੀ ਪ੍ਰਧਾਨ ਮੰਤਰੀ ਮੈਲੋਨੀ ਨੇ ਉਨ੍ਹਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਅਤੇ ਭਾਰਤ-ਇਟਲੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹੋਣ ਵਾਲੀ ਰਸਮੀ ਗੱਲਬਾਤ ਤੋਂ ਪਹਿਲਾਂ ਉਨ੍ਹਾਂ ਨਾਲ ਇਤਿਹਾਸਕ ਕੋਲੋਸੀਅਮ ਦੇ ਦੌਰੇ ’ਤੇ ਵੀ ਗਏ। ਇਟਲੀ ’ਚ ਭਾਰਤੀ ਦੂਤਾਵਾਸ ਅਨੁਸਾਰ ਹਾਲ ਹੀ ਦੇ ਸਾਲਾਂ ’ਚ ਭਾਰਤ ਤੇ ਇਟਲੀ ਦਰਮਿਆਨ ਆਰਥਿਕ ਮੇਲ-ਜੋਲ ਵਧਿਆ ਹੈ ਅਤੇ 2025 ’ਚ ਦੋਵਾਂ ਮੁਲਕਾਂ ਦਰਮਿਆਨ ਵਪਾਰ 14.25 ਅਰਬ ਯੂਰੋ ਤੱਕ ਪਹੁੰਚ ਗਿਆ ਹੈ।
ਮੋਦੀ ਨੇ ਮੈਲੋਨੀ ਨੂੰ ‘Melody’ ਦਾ ਪੈਕੇਟ ਤੋਹਫ਼ੇ ਵਜੋਂ ਦਿੱਤਾ
ਰੋਮ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੂੰ Melody ਟਾਫੀਆਂ ਦਾ ਪੈਕੇਟ ਤੋਹਫ਼ੇ ਵਜੋਂ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਮੈਲੋਡੀ ਟਾਫੀਆਂ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਦੋਵਾਂ ਨੇਤਾਵਾਂ ਨਾਲ ਜੁੜੇ ਮਜ਼ਾਕੀਆ ਸ਼ਬਦ ‘ਮੈਲੋਡੀ’ ਦੀ ਚਰਚਾ ਇੱਕ ਵਾਰ ਫਿਰ ਤਾਜ਼ਾ ਹੋ ਗਈ ਹੈ।
ਰਾਹੁਲ ਨੇ ਪ੍ਰਧਾਨ ਮੰਤਰੀ ’ਤੇ ਸੇਧਿਆ ਨਿਸ਼ਾਨਾ
ਨਵੀਂ ਦਿੱਲੀ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਅਮੇਠੀ ’ਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਨੌਜਵਾਨ ਮਾਨਸਿਕ ਤਣਾਅ ਵਿੱਚ ਜਾ ਰਹੇ ਹਨ, ਨੀਟ ਦਾ ਪੇਪਰ ਰੱਦ ਹੋ ਗਿਆ ਹੈ, ਪੈਟਰੋਲ ਦੀਆਂ ਕੀਮਤਾਂ ਵਧ ਰਹੀਆਂ ਹਨ, ਗੈਸ ਸਪਲਾਈ ਦੀ ਕਮੀ ਹੈ ਅਤੇ ਮਹਿੰਗਾਈ ਲਗਾਤਾਰ ਅਸਮਾਨੀ ਚੜ੍ਹ ਰਹੀ ਹੈ; ਫਿਰ ਵੀ ਭਾਰਤੀ ਪ੍ਰਧਾਨ ਮੰਤਰੀ ਆਪਣੀ ਇਤਾਲਵੀ ਹਮਰੁਤਬਾ ਜੌਰਜੀਆ ਮੈਲੋਨੀ ਨਾਲ ‘ਮੈਲੋਡੀ’ ਖਾਣ ਵਿੱਚ ਰੁੱਝੇ ਹੋਏ ਹਨ। ਇਹ ਦੇਸ਼ ਦੇ ਅਸਲ ਹਾਲਾਤ ਹਨ।’’

