Malaysia Masters: ਮਾਲਵਿਕਾ ਤੇ ਅਸ਼ਮਿਤਾ ਮਲੇਸ਼ੀਆ ਮਾਸਟਰਜ਼ ਦੇ ਅਗਲੇ ਗੇੜ ’ਚ

Malaysia Masters: ਮਾਲਵਿਕਾ ਤੇ ਅਸ਼ਮਿਤਾ ਮਲੇਸ਼ੀਆ ਮਾਸਟਰਜ਼ ਦੇ ਅਗਲੇ ਗੇੜ ’ਚ

ਕੁਆਲਾਲੰਪੁਰ:  ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਅੱਜ ਮਹਿਲਾ ਸਿੰਗਲਜ਼ ਵਿੱਚ ਮਾਲਵਿਕਾ ਬਾਂਸੋੜ ਅਤੇ ਅਸ਼ਮਿਤਾ ਚਾਲੀਹਾ ਨੇ ਆਪੋ-ਆਪਣੇ ਪਹਿਲੇ ਗੇੜ ਦੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਬਾਕੀ ਭਾਰਤੀ ਖਿਡਾਰੀਆਂ ਲਈ ਅੱਜ ਦਾ ਦਿਨ ਨਿਰਾਸ਼ਾਜਨਕ ਰਿਹਾ।

ਗੋਡੇ ਦੀ ਸੱਟ ਤੋਂ ਉਭਰਨ ਬਾਅਦ ਵਾਪਸੀ ਕਰ ਰਹੀ ਮਾਲਵਿਕਾ ਨੇ ਜਰਮਨੀ ਦੀ ਵਾਈਵੋਨ ਲੀ ਨੂੰ 21-17, 16-21, 21-9 ਨਾਲ ਹਰਾਇਆ। ਇਸੇ ਤਰ੍ਹਾਂ ਅਸ਼ਮਿਤਾ ਨੇ ਇੰਡੋਨੇਸ਼ੀਆ ਦੀ ਥਾਲੀਤਾ ਰਾਮਧਾਨੀ ਨੂੰ ਸਿੱਧੇ ਸੈੱਟਾਂ ਵਿੱਚ 21-16, 21-13 ਨਾਲ ਮਾਤ ਦਿੱਤੀ। ਪੁਰਸ਼ ਸਿੰਗਲਜ਼ ਅੱਠਵਾਂ ਦਰਜਾ ਪ੍ਰਾਪਤ ਲਕਸ਼ੇ ਸੈਨ ਇੰਡੋਨੇਸ਼ੀਆ ਦੇ ਐੱਮ ਜ਼ਾਕੀ ਉਬੈਦਿੱਲਾ ਤੋਂ 17-21, 11-21 ਨਾਲ ਹਾਰ ਕੇ ਬਾਹਰ ਹੋ ਗਿਆ। ਤਜਰਬੇਕਾਰ ਐੱਚ ਐੱਸ ਪ੍ਰਣੌਏ ਵੀ ਜਪਾਨ ਦੇ ਕੋਦਾਈ ਨਾਰਾਓਕਾ ਖ਼ਿਲਾਫ਼ 80 ਮਿੰਟ ਚੱਲੇ ਫਸਵੇਂ ਮੁਕਾਬਲੇ ਵਿੱਚ 17-21, 22-20, 22-24 ਨਾਲ ਮੈਚ ਗੁਆ ਬੈਠਾ। ਕਿਰਨ ਜੌਰਜ ਨੇ ਸੱਟ ਕਾਰਨ ਫਰਾਂਸ ਦੇ ਐਲੇਕਸ ਲੇਨੀਅਰ ਖ਼ਿਲਾਫ਼ ਮੈਚ ਵਿਚਾਲੇ ਹੀ ਛੱਡ ਦਿੱਤਾ; ਤਰੁਣ ਮੰਨੇਪੱਲੀ ਨੂੰ ਚੀਨੀ ਤੈਪਈ ਦੇ ਵਾਂਗ ਪੋ-ਵੇਈ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਸਿੰਗਲਜ਼ ਦੇ ਇੱਕ ਹੋਰ ਮੈਚ ਵਿੱਚ ਅਨਮੋਲ ਖਰਬ ਡੈਨਮਾਰਕ ਦੀ ਲਾਈਨ ਕ੍ਰਿਸਟੋਫਰਸਨ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ ਹਾਰ ਗਈ। ਮਿਕਸਡ ਡਬਲਜ਼ ਵਿੱਚ ਆਸ਼ਿਤ ਸੂਰਿਆ ਅਤੇ ਅੰਮ੍ਰਿਤਾ ਪ੍ਰਮੁਤੇਸ਼ ਦੀ ਜੋੜੀ ਇੰਡੋਨੇਸ਼ਿਆਈ ਜੋੜੀ ਤੋਂ ਪਹਿਲੇ ਹੀ ਗੇੜ ਵਿੱਚ ਹਾਰ ਕੇ ਬਾਹਰ ਹੋ ਗਈ। ਮਹਿਲਾ ਡਬਲਜ਼ ਵਿੱਚ ਰੁਤਪਰਨਾ ਪਾਂਡਾ ਅਤੇ ਸ਼ਵੇਤਪਰਨਾ ਪਾਂਡਾ ਦੀ ਜੋੜੀ ਨੂੰ ਵੀ ਜਪਾਨੀ ਜੋੜੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

Share: