ਰੇਲ ਯਾਤਰੀਆਂ ਲਈ ਵੱਡੀ ਰਾਹਤ; ਪੰਜਾਬ ਤੋਂ ਚੱਲਣਗੀਆਂ 16 Summer Special Trains

ਰੇਲ ਯਾਤਰੀਆਂ ਲਈ ਵੱਡੀ ਰਾਹਤ; ਪੰਜਾਬ ਤੋਂ ਚੱਲਣਗੀਆਂ 16 Summer Special Trains

ਚੰਡੀਗੜ੍ਹ: ਗਰਮੀਆਂ ਦੀਆਂ ਛੁੱਟੀਆਂ ਦੇ ਸੀਜ਼ਨ ਅਤੇ ਰੇਲਗੱਡੀਆਂ ਵਿੱਚ ਯਾਤਰੀਆਂ ਦੀ ਲਗਾਤਾਰ ਵਧ ਰਹੀ ਭਾਰੀ ਭੀੜ ਨੂੰ ਮੁੱਖ ਰੱਖਦਿਆਂ ਰੇਲ ਵਿਭਾਗ ਨੇ ਮੁਸਾਫ਼ਰਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਰੇਲ ਵਿਭਾਗ ਵੱਲੋਂ ਉੱਤਰੀ ਭਾਰਤ, ਖ਼ਾਸ ਕਰਕੇ ਪੰਜਾਬ ਨਾਲ ਸਬੰਧਤ ਵੱਖ-ਵੱਖ ਰੂਟਾਂ ‘ਤੇ ਕੁੱਲ 16 ਨਵੀਆਂ ਸਮਰ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਅਹਿਮ ਫ਼ੈਸਲਾ ਲਿਆ ਗਿਆ ਹੈ। ਰੇਲਵੇ ਦੇ ਉੱਚ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਦਾ 21 ਮਈ ਤੋਂ ਪੜਾਅਵਾਰ ਤਰੀਕੇ ਨਾਲ ਚੱਲਣਗੀਆਂ, ਤਾਂ ਜੋ ਯਾਤਰੀਆਂ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਖ਼ੱਜਲ-ਖ਼ੁਆਰ ਨਾ ਹੋਣਾ ਪਵੇ। ਰੇਲਵੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ, ਇਨ੍ਹਾਂ ਵਿਸ਼ੇਸ਼ ਰੇਲਗੱਡੀਆਂ ਵਿੱਚ ਅੰਮ੍ਰਿਤਸਰ-ਕਟਿਹਾਰ (05736/05735), ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (04081/04082), ਅੰਮ੍ਰਿਤਸਰ-ਬਰੌਨੀ (04610/04609), ਪਠਾਨਕੋਟ-ਛਪਰਾ (05193/05194), ਅੰਮ੍ਰਿਤਸਰ-ਕੋਲਕਾਤਾ (04624/04623), ਅੰਮ੍ਰਿਤਸਰ-ਜੈਨਗਰ (04651/04652), ਫਿਰੋਜ਼ਪੁਰ ਕੈਂਟ-ਝੰਝਾਰਪੁਰ (04620/04619) ਅਤੇ ਫਿਰੋਜ਼ਪੁਰ ਕੈਂਟ-ਪਟਨਾ (04616/04615) ਸ਼ਾਮਲ ਹਨ।

ਇਨ੍ਹਾਂ ਗੱਡੀਆਂ ਦੇ ਚੱਲਣ ਨਾਲ ਪੰਜਾਬ ਵਿੱਚ ਰਹਿਣ ਵਾਲੇ ਪਰਵਾਸੀ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਆਉਣ-ਜਾਣ ਲਈ ਸਿੱਧੀ ਕਨੈਕਟੀਵਿਟੀ ਮਿਲੇਗੀ, ਜਿਸ ਨਾਲ ਆਮ ਰੇਲਾਂ ‘ਤੇ ਪੈਣ ਵਾਲਾ ਵਾਧੂ ਬੋਝ ਕਾਫ਼ੀ ਹੱਦ ਤੱਕ ਘਟੇਗਾ।

ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਇਸ ਮੌਸਮ ਵਿੱਚ ਹਰ ਸਾਲ ਮੁਸਾਫ਼ਰਾਂ ਦੀ ਗਿਣਤੀ ਕਈ ਗੁਣਾ ਵੱਧ ਜਾਂਦੀ ਹੈ, ਜਿਸ ਕਾਰਨ ਨਿਯਮਤ ਟ੍ਰੇਨਾਂ ਵਿੱਚ ਵੇਟਿੰਗ ਲਿਸਟ ਬਹੁਤ ਲੰਬੀ ਹੋ ਜਾਂਦੀ ਹੈ। ਇਸੇ ਭੀੜ ਨੂੰ ਕੰਟਰੋਲ ਕਰਨ ਅਤੇ ਯਾਤਰੀਆਂ ਨੂੰ ਸੁਖਦ ਸਫ਼ਰ ਦੇ ਨਾਲ-ਨਾਲ ਕਨਫਰਮ ਸੀਟਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਗਿਆ ਹੈ।

ਇਸ ਦੇ ਨਾਲ ਹੀ ਰੇਲਵੇ ਪ੍ਰਸ਼ਾਸਨ ਨੇ ਸਮੂਹ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਸਫ਼ਰ ਸ਼ੁਰੂ ਕਰਨ ਜਾਂ ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਇਨ੍ਹਾਂ ਸਪੈਸ਼ਲ ਰੇਲ ਗੱਡੀਆਂ ਦੀ ਸਮਾਂ-ਸਾਰਣੀ (ਟਾਈਮ-ਟੇਬਲ), ਰੂਟ ਅਤੇ ਬੁਕਿੰਗ ਦੀ ਸਹੀ ਜਾਣਕਾਰੀ ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ, ਆਈ.ਆਰ.ਸੀ.ਟੀ.ਸੀ. (IRCTC) ਐਪ ਜਾਂ ਰੇਲਵੇ ਹੈਲਪਲਾਈਨ ਨੰਬਰ 139 ਤੋਂ ਜ਼ਰੂਰ ਚੈੱਕ ਕਰ ਲੈਣ ਤਾਂ ਜੋ ਸਟੇਸ਼ਨ ‘ਤੇ ਪਹੁੰਚ ਕੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।

Share: