ਭਾਰਤੀ ਮਹਿਲਾ ਤੀਰਅੰਦਾਜ਼ਾਂ ਨੇ ਸੰਸਾਰ ਕੱਪ ’ਚ Gold Medal ਜਿੱਤਿਆ

ਭਾਰਤੀ ਮਹਿਲਾ ਤੀਰਅੰਦਾਜ਼ਾਂ ਨੇ ਸੰਸਾਰ ਕੱਪ ’ਚ Gold Medal ਜਿੱਤਿਆ

ਸ਼ੰਘਾਈ: ਭਾਰਤ ਦੀਆਂ ਮਹਿਲਾ ਤੀਰਅੰਦਾਜ਼ਾਂ ਨੇ ਵਿਸ਼ਵ ਕੱਪ (ਸਟੇਜ 2) ਦੇ ਰਿਕਰਵ ਟੀਮ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਚੀਨ ਨੂੰ ਹਰਾ ਕੇ ਸੋਨੇ ਦਾ ਤਮਗ਼ਾ ਆਪਣੇ ਨਾਮ ਕਰ ਲਿਆ ਹੈ। ਤਜਰਬੇਕਾਰ ਦੀਪਿਕਾ ਕੁਮਾਰੀ, ਅੰਕਿਤਾ ਭਗਤ ਅਤੇ 17 ਸਾਲਾ ਕੁਮਕੁਮ ਮੋਹੋਦ ਦੀ ਤਿੱਕੜੀ ਨੇ ਸ਼ੂਟਆਫ ਮੁਕਾਬਲੇ ਵਿੱਚ ਚੀਨ ਨੂੰ 5-4 (28-26) ਨਾਲ ਮਾਤ ਦਿੱਤੀ। ਨਿਰਧਾਰਤ ਚਾਰ ਸੈੱਟਾਂ ਤੋਂ ਬਾਅਦ ਦੋਵੇਂ ਟੀਮਾਂ 4-4 ਦੀ ਬਰਾਬਰੀ ’ਤੇ ਸਨ, ਜਿਸ ਤੋਂ ਬਾਅਦ ਫ਼ੈਸਲਾ ਸ਼ੂਟਆਫ ਰਾਹੀਂ ਹੋਇਆ।

ਭਾਰਤ ਨੇ ਸੈਮੀ ਫਾਈਨਲ ਵਿੱਚ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੀ ਟੀਮ ਨੂੰ ਹਰਾਇਆ ਸੀ। ਸਾਲ 2021 ਤੋਂ ਬਾਅਦ ਭਾਰਤੀ ਮਹਿਲਾ ਰਿਕਰਵ ਟੀਮ ਦਾ ਇਹ ਪਹਿਲਾ ਸੰਸਾਰ ਕੱਪ ਸੋਨ ਤਗ਼ਮਾ ਹੈ। ਫਾਈਨਲ ਮੁਕਾਬਲੇ ਵਿੱਚ ਇੱਕ ਵੇਲੇ ਭਾਰਤੀ ਟੀਮ 2-4 ਨਾਲ ਪੱਛੜ ਰਹੀ ਸੀ ਅਤੇ ਹਾਰ ਦੇ ਕੰਢੇ ਸੀ, ਪਰ ਚੀਨੀ ਖਿਡਾਰਨ ਯੂ ਕੀ ਅੰਤਿਮ ਤੀਰ ਵਿੱਚ ਲੋੜੀਂਦੇ 9 ਅੰਕ ਹਾਸਲ ਨਾ ਕਰ ਸਕੀ ਅਤੇ ਸਿਰਫ਼ 8 ਅੰਕ ਹੀ ਬਣਾ ਸਕੀ। ਇਸ ਦਾ ਫ਼ਾਇਦਾ ਉਠਾਉਂਦਿਆਂ ਭਾਰਤੀ ਤਿੱਕੜੀ ਨੇ ਸ਼ੂਟਆਫ ਵਿੱਚ ਸ਼ਾਨਦਾਰ ਵਾਪਸੀ ਕੀਤੀ। ਸ਼ੂਟਆਫ ਵਿੱਚ ਅੰਕਿਤਾ ਨੇ 9 ਅਤੇ ਪਹਿਲਾ ਵਿਸ਼ਵ ਕੱਪ ਖੇਡ ਰਹੀ ਕੁਮਕੁਮ ਨੇ ਸਟੀਕ 10 ਦਾ ਨਿਸ਼ਾਨਾ ਲਾਇਆ। ਅੰਤ ਵਿੱਚ ਦੀਪਿਕਾ ਕੁਮਾਰੀ ਨੇ 9 ਅੰਕਾਂ ਦਾ ਨਿਸ਼ਾਨਾ ਲਾ ਕੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ। ਦੀਪਿਕਾ ਨੇ ਨਾ ਸਿਰਫ਼ ਮੈਦਾਨ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਸਗੋਂ ਪੂਰੇ ਟੂਰਨਾਮੈਂਟ ਦੌਰਾਨ ਆਪਣੀਆਂ ਜੂਨੀਅਰ ਸਾਥੀ ਖਿਡਾਰਨਾਂ ਦਾ ਹੌਸਲਾ ਵੀ ਵਧਾਇਆ। ਇਸ ਜਿੱਤ ਨਾਲ ਦੀਪਿਕਾ ਦੇ ਨਾਮ ਹੁਣ ਵਿਸ਼ਵ ਕੱਪ ਦੇ ਕੁੱਲ ਸੱਤ ਟੀਮ ਸੋਨ ਤਗ਼ਮੇ ਹੋ ਗਏ ਹਨ।ਦੂਜੇ ਪਾਸੇ ਮਹਿਲਾ ਵਿਅਕਤੀਗਤ ਵਰਗ ਵਿੱਚ ਸਿਮਰਨਜੀਤ ਕੌਰ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਸੈਮੀ ਫਾਈਨਲ ਵਿੱਚ ਉਹ ਦੱਖਣੀ ਕੋਰੀਆ ਦੀ ਕਾਂਗ ਚਾਏਯੰਗ ਤੋਂ ਹਾਰ ਗਈ ਅਤੇ ਬਾਅਦ ਵਿੱਚ ਕਾਂਸੇ ਦੇ ਤਗ਼ਮੇ ਲਈ ਹੋਏ ਮੁਕਾਬਲੇ ਵਿੱਚ ਵੀ ਕੋਰਿਆਈ ਖਿਡਾਰਨ ਜਾਂਗ ਮਿਨਹੀ ਹੱਥੋਂ 4-6 ਨਾਲ ਮਾਤ ਖਾ ਗਈ। ਭਾਰਤ ਨੇ ਇਸ ਵਿਸ਼ਵ ਕੱਪ ਮੁਹਿੰਮ ਦਾ ਅੰਤ ਦੋ ਤਮਗ਼ਿਆਂ ਨਾਲ ਕੀਤਾ, ਜਿਸ ਵਿੱਚ ਮਹਿਲਾ ਟੀਮ ਦਾ ਸੋਨਾ ਅਤੇ ਸਾਹਿਲ ਜਾਧਵ ਵੱਲੋਂ ਕੰਪਾਊਂਡ ਵਰਗ ਵਿੱਚ ਜਿੱਤਿਆ ਕਾਂਸੇ ਦਾ ਤਗ਼ਮਾ ਸ਼ਾਮਲ ਹੈ।

Share: