IPL 2026: Mumbai Indians ਪਲੇਅ-ਆਫ ਦੌੜ ਵਿੱਚੋਂ ਬਾਹਰ; ਰੌਇਲ ਚੈਲੰਜਰਜ਼ ਬੰਗਲੁਰੂ ਨੇ ਆਖਰੀ ਗੇਂਦ ’ਤੇ ਹਰਾਇਆ

IPL 2026: Mumbai Indians ਪਲੇਅ-ਆਫ ਦੌੜ ਵਿੱਚੋਂ ਬਾਹਰ; ਰੌਇਲ ਚੈਲੰਜਰਜ਼ ਬੰਗਲੁਰੂ ਨੇ ਆਖਰੀ ਗੇਂਦ ’ਤੇ ਹਰਾਇਆ

ਰਾਏਪੁਰ: ਰੌਇਲ ਚੈਲੰਜਰਜ਼ ਬੰਗਲੁਰੂ (RCB) ਨੇ ਐਤਵਾਰ ਨੂੰ ਖੇਡੇ ਗਏ ਆਈ.ਪੀ.ਐਲ. ਦੇ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ (MI) ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਇਸ ਹਾਰ ਦੇ ਨਾਲ ਹੀ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਪਲੇਅ-ਆਫ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਹੁਣ ਮੁੰਬਈ ਜੇਕਰ ਆਪਣੇ ਅਗਲੇ ਤਿੰਨੋਂ ਮੈਚ ਜਿੱਤ ਵੀ ਲੈਂਦੀ ਹੈ ਤਾਂ ਉਹ ਸਿਰਫ਼ 12 ਅੰਕਾਂ ਤੱਕ ਹੀ ਪਹੁੰਚ ਸਕੇਗੀ ਜੋ ਕਿ ਅਗਲੇ ਗੇੜ ਵਿੱਚ ਜਾਣ ਲਈ ਕਾਫ਼ੀ ਨਹੀਂ ਹਨ।

ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ਵਿੱਚ ਰੌਇਲ ਚੈਲੰਜਰਜ਼ ਬੰਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਅਤੇ ਟੀਮ ਨੇ ਸਿਰਫ਼ 3 ਓਵਰਾਂ ਵਿੱਚ 28 ਦੌੜਾਂ ‘ਤੇ 3 ਵਿਕਟਾਂ ਗੁਆ ਦਿੱਤੀਆਂ। ਨਮਨ ਧੀਰ (47) ਅਤੇ ਤਿਲਕ ਵਰਮਾ (57) ਨੇ 82 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ ਪਰ ਭੁਵਨੇਸ਼ਵਰ ਕੁਮਾਰ ਦੀ ਗੇਂਦਬਾਜ਼ੀ (4 ਵਿਕਟਾਂ) ਅੱਗੇ ਮੁੰਬਈ ਦੀ ਟੀਮ 20 ਓਵਰਾਂ ਵਿੱਚ 7 ਵਿਕਟਾਂ ‘ਤੇ 166 ਦੌੜਾਂ ਹੀ ਬਣਾ ਸਕੀ। 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰੌਇਲ ਚੈਲੰਜਰਜ਼ ਬੰਗਲੁਰੂ ਦੀ ਟੀਮ ਵੱਲੋਂ ਕਰੁਣਾਲ ਪਾਂਡਿਆ ਨੇ 46 ਗੇਂਦਾਂ ਵਿੱਚ 73 ਦੌੜਾਂ ਦੀ ਪਾਰੀ ਖੇਡੀ। ਮੈਚ ਆਖਰੀ ਓਵਰ ਤੱਕ ਗਿਆ ਜਿੱਥੇ RCB ਨੂੰ ਜਿੱਤ ਲਈ 6 ਗੇਂਦਾਂ ਵਿੱਚ 15 ਦੌੜਾਂ ਦੀ ਲੋੜ ਸੀ। ਭੁਵਨੇਸ਼ਵਰ ਕੁਮਾਰ ਨੇ ਇੱਕ ਅਹਿਮ ਛੱਕਾ ਜੜਿਆ ਅਤੇ ਆਖਰੀ ਗੇਂਦ ‘ਤੇ ਰਸਿਖ ਸਲਾਮ ਨੇ ਰਾਜ ਬਾਵਾ ਦੀ ਗੇਂਦ ‘ਤੇ ਦੋ ਦੌੜਾਂ ਲੈ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਇਸ ਜਿੱਤ ਨਾਲ ਬੰਗਲੁਰੂ ਦੀ ਟੀਮ ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਗਈ ਹੈ। ਮੁੰਬਈ ਵੱਲੋਂ ਕੋਰਬਿਨ ਬੌਸ਼ ਨੇ 26 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਬਚਾਉਣ ਲਈ ਕਾਫ਼ੀ ਨਹੀਂ ਸਨ।

ਸੰਖੇਪ ਸਕੋਰ:

ਮੁੰਬਈ ਇੰਡੀਅਨਜ਼: 20 ਓਵਰਾਂ ਵਿੱਚ 166/7 (ਤਿਲਕ ਵਰਮਾ 57, ਨਮਨ ਧੀਰ 47; ਭੁਵਨੇਸ਼ਵਰ ਕੁਮਾਰ 4/23)

ਰੌਇਲ ਚੈਲੰਜਰਜ਼ ਬੰਗਲੁਰੂ: 20 ਓਵਰਾਂ ਵਿੱਚ 167/8 (ਕਰੁਣਾਲ ਪਾਂਡਿਆ 73, ਭੁਵਨੇਸ਼ਵਰ ਕੁਮਾਰ 12*; ਕੋਰਬਿਨ ਬੌਸ਼ 4/26)

Share: