ਮੇਰੇ ਜਾਂ ਅਭਿਸ਼ੇਕ ’ਚੋਂ ਇਕ ਨੂੰ ਚੁਣ ਲਓ: Kalyan Banerjee

ਮੇਰੇ ਜਾਂ ਅਭਿਸ਼ੇਕ ’ਚੋਂ ਇਕ ਨੂੰ ਚੁਣ ਲਓ: Kalyan Banerjee

ਕੋਲਕਾਤਾ : ਤ੍ਰਿਣਮੂਲ ਕਾਂਗਰਸ ਵਿਚਲਾ ਅੰਦਰੂਨੀ ਕਲੇਸ਼ ਲਗਾਤਾਰ ਵਧ ਰਿਹਾ ਹੈ। ਸੀਨੀਅਰ ਆਗੂ ਤੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਵੀਰਵਾਰ ਨੂੰ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨੂੰ ਅਲਟੀਮੇਟਮ ਦਿੱਤਾ ਕਿ ਉਹ ਪਾਰਟੀ ਚਲਾਉਣ ਲਈ ਆਪਣੇ ਭਤੀਜੇ ਅਭਿਸ਼ੇਕ ਬੈਨਰਜੀ ਜਾਂ ਉਨ੍ਹਾਂ ਵਰਗੇ ਵਫ਼ਾਦਾਰ ਸੀਨੀਅਰ ਪਾਰਟੀ ਆਗੂਆਂ ’ਚੋਂ ਕਿਸੇ ਇਕ ਦੀ ਚੋਣ ਕਰ ਲੈਣ। ਉਨ੍ਹਾਂ ਪਾਰਟੀ ਦੇ ਜਨਰਲ ਸਕੱਤਰ (ਅਭਿਸ਼ੇਕ) ਉੱਤੇ ‘ਹੰਕਾਰ’ ਤੇ ‘ਬਦਲਦੀ ਮਾਨਸਿਕਤਾ’ ਦਾ ਦੋਸ਼ ਲਾਇਆ। ਕਲਿਆਣ, ਜੋ ਸੀਨੀਅਰ ਵਕੀਲ ਵੀ ਹਨ, ਨੇ ਐਲਾਨ ਕੀਤਾ ਕਿ ਉਹ ਅਭਿਸ਼ੇਕ ਨਾਲ ਜੁੜੇ ਸਾਰੇ ਕਾਨੂੰਨੀ ਮਸਲਿਆਂ ਤੇ ਕੋਰਟ ਪਟੀਸ਼ਨਾਂ ਤੋਂ ਖੁ਼ਦ ਨੂੰ ਵੱਖ ਕਰ ਲੈਣਗੇ। ਉਂਝ, ਉਨ੍ਹਾਂ ਕਿਹਾ ਕਿ ਉਹ ਤ੍ਰਿਣਮੂਲ ਨਾਲ ਸਬੰਧਤ ਕੇਸਾਂ ਦੀ ਪੈਰਵੀ ਕਰਦੇ ਰਹਿਣਗੇ।

ਦੋਵਾਂ ਆਗੂਆਂ ਦਰਮਿਆਨ ਵੱਖਰੇਵੇਂ ਉਦੋਂ ਸਿਖਰ ’ਤੇ ਪਹੁੰਚ ਗਏ ਜਦੋਂ ਕਲਿਆਣ, ਜੋ ਸੀ ਆਈ ਡੀ ਦੇ ਦਸਤਖ਼ਤ ਜਾਲਸਾਜ਼ੀ ਮਾਮਲੇ ਵਿੱਚ ਕਲਕੱਤਾ ਹਾਈ ਕੋਰਟ ਵਿੱਚ ਅਭਿਸ਼ੇਕ ਦੀ ਨੁਮਾਇੰਦਗੀ ਕਰ ਰਹੇ ਸਨ, ਨੂੰ ਕਥਿਤ ਤੌਰ ’ਤੇ ਸੂਚਿਤ ਕੀਤਾ ਗਿਆ ਕਿ ਅਭਿਸ਼ੇਕ ਵੱਲੋਂ ਮਮਤਾ ਬੈਨਰਜੀ ਦੇ ਕਾਲੀਘਾਟ ਨਿਵਾਸ ਅਤੇ ਅਭਿਸ਼ੇਕ ਦੇ ਕੈਮੈਕ ਸਟਰੀਟ ਦਫਤਰ ਵਿੱਚ ਏਜੰਸੀ ਵੱਲੋਂ ਮਾਰੇ ਗਏ ਛਾਪੇ ਦੇ ਸਬੰਧ ਵਿੱਚ ਵੱਖਰੀ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ। ਕਲਿਆਣ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਇਹ ਦੋਵੇਂ ਮਾਮਲੇ ਜੁੜੇ ਹੋਏ ਹਨ, ਤੇ ਮੈਂ ਦਸਤਖ਼ਤ ਜਾਅਲਸਾਜ਼ੀ ਮਾਮਲੇ ਦੀ ਸੁਣਵਾਈ ਕਰ ਰਹੇ ਬੈਂਚ ਸਾਹਮਣੇ ਸਰਚ ਅਪ੍ਰੇਸ਼ਨ ਦੇ ਮੁੱਦੇ ਦਾ ਜ਼ਿਕਰ ਕੀਤਾ ਸੀ। ਜੱਜ ਨੇ ਵੀਰਵਾਰ ਨੂੰ ਮਾਮਲੇ ਦੀ ਸੁਣਵਾਈ ਲਈ ਸੂਚੀਬੱਧ ਕੀਤਾ ਸੀ। ਬਾਅਦ ਵਿੱਚ, ਅਭਿਸ਼ੇਕ ਦੇ ਕੁਝ ਪ੍ਰਤੀਨਿਧ ਮੇਰੇ ਕੋਲ ਆਏ ਅਤੇ ਕਿਹਾ ਕਿ ਸੀ ਆਈ ਡੀ ਛਾਪੇਮਾਰੀ ਦੇ ਮੁੱਦੇ ’ਤੇ ਵੱਖਰੀ ਰਿੱਟ ਦਾਇਰ ਕੀਤੀ ਗਈ ਹੈ। ਮੈਂ ਹੈਰਾਨ ਰਹਿ ਗਿਆ ਕਿਉਂਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।’’

ਮੁਸ਼ਕਲ ਸਮੇਂ ’ਚ ਮਮਤਾ ਦਾ ਹੱਥ ਨਹੀਂ ਛੱਡਾਂਗਾ: ਸ਼ਤਰੂਘਨ

ਨਵੀਂ ਦਿੱਲੀ: ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਟੀ ਐੱਮ ਸੀ ਸੁਪਰੀਮੋ ਮਮਤਾ ਬੈਨਰਜੀ ਦਾ ਸਾਥ ਨਹੀਂ ਛੱਡਣਗੇ। ਜਦੋਂ ਉਹ ਆਪਣੇ ਸਿਆਸੀ ਕਰੀਅਰ ਦੌਰਾਨ ਮੁਸ਼ਕਲ ਦੌਰ ’ਚੋਂ ਲੰਘ ਰਹੇ ਸਨ ਤਾਂ ਮਮਤਾ ਵੀ ਉਨ੍ਹਾਂ ਨਾਲ ਖੜ੍ਹੀ ਸੀ। ਪੱਛਮੀ ਬੰਗਾਲ ਦੇ ਆਸਨਸੋਲ ਤੋਂ ਤ੍ਰਿਣਮੂਲ ਸੰਸਦ ਮੈਂਬਰ ਨੇ ਕਿਹਾ ਕਿ ਕੁਝ ਲੋਕ ਸ਼ਾਇਦ ਮਜਬੂਰੀ, ਡਰ ਜਾਂ ਫਿਰ ਕਿਸੇ ਲਾਲਚਵੱਸ ਬੈਨਰਜੀ ਦਾ ਸਾਥ ਛੱਡ ਗਏ ਹਨ, ਪਰ ਉਨ੍ਹਾਂ ਦਾ ਸਿਧਾਂਤਕ ਸਟੈਂਡ ਹੈ ਕਿ ਉਹ ਨਾ ਤਾਂ ਪਾਰਟੀ ਛੱਡਣਗੇ ਤੇ ਨਾ ਹੀ ਇਸ ਦੇ ਆਗੂ ਨੂੰ। ਉਨ੍ਹਾਂ ਕਿਹਾ, ‘‘ਮੈਂ ਆਪਣੇ ਲਈ ਤਿੰਨ ਸਤਰਾਂ ਦਾ ਵ੍ਹਿਪ ਜਾਰੀ ਕੀਤਾ ਹੈ… ਮੈਂ ਟੀ ਐੱਮ ਸੀ ਤੇ ਮਮਤਾ ਜੀ ਨਾਲ ਸੀ, ਹਾਂ ਅਤੇ ਮੈਂ ਰਹਾਂਗਾ। ਮੇਰਾ ਕਿਤੇ ਹੋਰ ਜਾਣ ਦਾ ਕੋਈ ਇਰਾਦਾ ਨਹੀਂ।’’

ਤ੍ਰਿਣਮੂਲ ਕਾਂਗਰਸ ਨੂੰ ਇਕ ਹੋਰ ਝਟਕਾ

ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਨੂੰ ਇਕ ਹੋਰ ਝਟਕਾ ਲੱਗਾ ਹੈ। ਪਾਰਟੀ ਦੇ ਰਾਜ ਸਭਾ ਮੈਂਬਰ ਪ੍ਰਕਾਸ਼ ਚਿਕ ਬਰਾਇਕ ਨੇ ਵੀਰਵਾਰ ਨੂੰ ਸੰਸਦ ਦੇ ਉਪਰਲੇ ਸਦਨ ਤੋਂ ਅਸਤੀਫ਼ਾ ਦੇ ਦਿੱੱਤਾ ਹੈ। ਬਰਾਇਕ ਨੇ ਕਿਹਾ ਕਿ ਉਨ੍ਹਾਂ ਪੱਛਮੀ ਬੰਗਾਲ ਦੇ ਲੋਕਾਂ ਵੱਲੋੋਂ ਹਾਲੀਆ ਚੋਣਾਂ ਵਿੱਚ ਭਾਜਪਾ ਨੂੰ ਦਿੱਤੇ ਫ਼ਤਵੇ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਹੈ। ਸੁਖੇਂਦੁ ਸ਼ੇਖਰ ਰੇਅ ਤੇ ਸੁਸ਼ਮਿਤਾ ਦੇਵ ਮਗਰੋਂ ਬਰਾਇਕ ਤੀਜੇ ਤ੍ਰਿਣਮੂਲ ਸੰਸਦ ਮੈਂਬਰ ਹਨ, ਜਿਨ੍ਹਾਂ ਰਾਜ ਸਭਾ ਤੋਂ ਅਸਤੀਫ਼ਾ ਦਿੱਤਾ ਹੈ। ਬਰਾਇਕ ਰਾਜ ਸਭਾ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੂੰ ਮਿਲੇ ਤੇ ਅਸਤੀਫ਼ਾ ਸੌਂਪ ਦਿੱਤਾ।

Share: