ਝੋਨੇ ਦੀ ਲੁਆਈ: ਜ਼ਮੀਨੀ ਪਾਣੀ ਤੋਂ ਨਹਿਰਾਂ ਵੱਲ ਮੋੜਾ

ਝੋਨੇ ਦੀ ਲੁਆਈ: ਜ਼ਮੀਨੀ ਪਾਣੀ ਤੋਂ ਨਹਿਰਾਂ ਵੱਲ ਮੋੜਾ

ਚੰਡੀਗਡ਼੍ਹ : ਪੰਜਾਬ ’ਚ ਝੋਨੇ ਦੀ ਲੁਆਈ ਦੇ ਸੀਜ਼ਨ ’ਚ ਹੁਣ ਜ਼ਮੀਨੀ ਪਾਣੀ ਤੋਂ ਨਹਿਰੀ ਪਾਣੀ ਵੱਲ ਮੋੜਾ ਪੈਣ ਲੱਗਿਆ ਹੈ। ਨਹਿਰੀ ਪਾਣੀ ਦੀ ਮੰਗ ਵਧਣ ਲੱਗੀ ਹੈ ਹਾਲਾਂਕਿ ਨਹਿਰੀ ਪਾਣੀ ਦੀ ਕਿੱਲਤ ਨੂੰ ਲੈ ਕੇ ਕਈ ਥਾਵਾਂ ਤੋਂ ਆਵਾਜ਼ ਵੀ ਉੱਠ ਰਹੀ ਹੈ ਪਰ ਪੰਜਾਬ ’ਚ ਝੋਨੇ ਦੀ ਲੁਆਈ ਦੌਰਾਨ ਨਹਿਰੀ ਪਾਣੀ ਦੀ ਸਪਲਾਈ ’ਚ 58 ਫ਼ੀਸਦੀ ਵਾਧਾ ਹੋਣ ਦਾ ਸਮਾਚਾਰ ਹੈ। ਭਾਖੜਾ ਬੋਰਡ ਦੀ ਮੀਟਿੰਗ ’ਚ ਐਤਕੀਂ ਪੰਜਾਬ ਨੇ 36 ਹਜ਼ਾਰ ਕਿਊਸਿਕ ਪਾਣੀ ਦੀ ਮੰਗ ਰੱਖੀ ਹੈ। ਇਸ ਵੇਲੇ ਨਹਿਰਾਂ ’ਚ 32,817 ਕਿਊਸਿਕ ਪਾਣੀ ਦੀ ਸਪਲਾਈ ਚੱਲ ਰਹੀ ਹੈ। ਭਾਖੜਾ ਬੋਰਡ ਨੇ ਡੈਮਾਂ ’ਚੋਂ ਵੱਧ ਤੋਂ ਵੱਧ ਪਾਣੀ ਲੈਣ ਲਈ ਹਿੱਸੇਦਾਰ ਸੂਬਿਆਂ ਨੂੰ ਕਿਹਾ ਹੈ। ਨਜ਼ਰ ਮਾਰੀਏ ਤਾਂ ਪਿਛਲੇ ਸਾਲਾਂ ਤੋਂ ਲਗਾਤਾਰ ਨਹਿਰੀ ਪਾਣੀ ਦੀ ਮੰਗ ਤੇ ਸਪਲਾਈ ’ਚ ਵਾਧਾ ਹੋ ਰਿਹਾ ਹੈ। ਵੇਰਵਿਆਂ ਅਨੁਸਾਰ ਚਾਰ ਸਾਲ ਪਹਿਲਾਂ ਝੋਨੇ ਦੇ ਸੀਜ਼ਨ ਦੌਰਾਨ 20,764 ਕਿਊਸਿਕ ਨਹਿਰੀ ਪਾਣੀ ਦੀ ਸਪਲਾਈ ਸੀ, ਜੋ ਹੁਣ ਵੱਧ ਕੇ 32,817 ਕਿਊਸਿਕ ਹੋ ਗਈ ਹੈ। ਭਾਖੜਾ ਮੇਨ ਲਾਈਨ ’ਚੋਂ ਪਹਿਲਾਂ ਪੰਜਾਬ ਸਿਰਫ਼ 900 ਕਿਊਸਿਕ ਪਾਣੀ ਵਰਤਦਾ ਸੀ ਜੋ ਕਿ ਹੁਣ 2735 ਕਿਊਸਿਕ ਪਾਣੀ ਵਰਤਣ ਲੱਗਿਆ ਹੈ। ਸਰਹਿੰਦ ਫੀਡਰ ’ਚ ਪਹਿਲਾਂ ਸੀਜ਼ਨ ਮੌਕੇ 8200 ਕਿਊਸਿਕ ਪਾਣੀ ਦੀ ਸਪਲਾਈ ਹੁੰਦੀ ਸੀ, ਜੋ ਹੁਣ ਵਧ ਕੇ 10,500 ਕਿਊਸਿਕ ਹੋ ਗਈ ਹੈ। ਦੂਜੇ ਸੂਬਿਆਂ ’ਤੇ ਨਜ਼ਰ ਮਾਰੀਏ ਤਾਂ ਹਰਿਆਣਾ ਇਸ ਵੇਲੇ 8768 ਕਿਊਸਿਕ ਪਾਣੀ ਲੈ ਰਿਹਾ ਹੈ, ਜਦ ਕਿ ਚਾਰ ਸਾਲ ਪਹਿਲਾਂ 9438 ਕਿਊਸਿਕ ਪਾਣੀ ਲੈਂਦਾ ਸੀ। ਰਾਜਸਥਾਨ ’ਚ ਚਾਰ ਸਾਲ ਪਹਿਲਾਂ 14,695 ਕਿਊਸਿਕ ਪਾਣੀ ਦੀ ਸਪਲਾਈ ਸੀ, ਜੋ ਕਿ ਹੁਣ 14200 ਕਿਊਸਿਕ ਹੈ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਸਪਲਾਈ ’ਚ ਵਾਧੇ ਨਾਲ ਜਿੱਥੇ ਬਿਜਲੀ ਦੀ ਪੈਦਾਵਾਰ ਹਾਈਡਲ ਪ੍ਰਾਜੈਕਟਾਂ ਤੋਂ ਵਧੀ ਹੈ, ਉੱਥੇ ਜ਼ਮੀਨੀ ਪਾਣੀ ਦੀ ਨਿਕਾਸੀ ਵੀ ਘਟੀ ਹੈ।

ਪਬਲਿਕ ਐਕਸ਼ਨ ਕਮੇਟੀ (ਮੱਤੇਵਾੜਾ, ਸਤਲੁਜ, ਬੁੱਢਾ ਦਰਿਆ) ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੌਨਸੂਨ ਤੋਂ ਪਹਿਲਾਂ ਤਿੰਨ ਨੁਕਾਤੀ ਰਣਨੀਤੀ ਅਪਣਾਉਣ ਦਾ ਮਸ਼ਵਰਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜੂਨ ਦੇ ਮਹੀਨੇ ’ਚ ਨਹਿਰਾਂ ਨੂੰ ਪੂਰੀ ਸਮਰੱਥਾ ’ਤੇ ਚਲਾਇਆ ਜਾਵੇ। ਇਸ ਵੇਲੇ ਭਾਖੜਾ ਦੇ ਪਾਣੀ ਦਾ ਪੱਧਰ 21 ਫੁੱਟ ਤੋਂ ਵੱਧ ਉੱਚਾ ਹੈ। ਪੰਜਾਬ ਇਸ ਦਾ ਫ਼ਾਇਦਾ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਡੈਮਾਂ ’ਚ ਪਾਣੀ ਦੀ ਮੌਜੂਦਗੀ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਪਾਣੀ ਨਹਿਰਾਂ ’ਚ ਛੱਡਿਆ ਜਾਵੇ। ਨਹਿਰਾਂ ਤੇ ਡਰੇਨਾਂ ਦੀ ਵਰਤੋਂ ਭੂਜਲ ਰੀਚਾਰਜ ਲਈ ਕੀਤੀ ਜਾਵੇ।

ਕਮੇਟੀ ਨੇ ਕਿਹਾ ਕਿ ਮੌਨਸੂਨ ਤੋਂ ਪਹਿਲਾਂ ਨਹਿਰਾਂ ’ਚ ਲਗਾਤਾਰ ਪਾਣੀ ਛੱਡਿਆ ਜਾਵੇਗਾ ਤਾਂ ਕਮਜ਼ੋਰ ਬੰਨ੍ਹਾਂ ਤੋਂ ਇਲਾਵਾ ਹੋਰਨਾਂ ਖ਼ਾਮੀਆਂ ਦਾ ਵੀ ਪਤਾ ਲੱਗ ਜਾਵੇਗਾ। ਇਸ ਦੌਰਾਨ ਬਠਿੰਡਾ ਤੇ ਮਾਨਸਾ ਦੇ ਕਿਸਾਨ ਜੋਗਾ ਡਿਸਟ੍ਰੀਬਿਊਟਰੀ ਅਤੇ ਮੰਡੀ ਮਾਈਨਰ ਦੇ ਬੰਦ ਹੋਣ ਕਾਰਨ ਪ੍ਰੇਸ਼ਾਨ ਹਨ। 11 ਅਤੇ 12 ਜੂਨ ਦੀ ਰਾਤ ਤੱਕ ਇਨ੍ਹਾਂ ’ਚ ਨਹਿਰੀ ਪਾਣੀ ਦੀ ਸਪਲਾਈ ਬਹਾਲ ਹੋਣ ਦਾ ਪਤਾ ਲੱਗਿਆ ਹੈ।

ਚਾਉਕੇ ਹੈੱਡ ਦੇ ਹੇਠਲੇ ਪਾਸੇ ਅਸਥਾਈ ਬੰਨ੍ਹ ਬਣਾਇਆ ਗਿਆ ਹੈ ਤਾਂ ਜੋ ਚਾਉਕੇ ਅਤੇ ਮੰਡੀ ਕਲਾਂ ਨੂੰ ਬਿਨਾਂ ਰੁਕਾਵਟ ਦੇ ਪਾਣੀ ਦੀ ਸਪਲਾਈ ਦਿੱਤੀ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਸਰਕਾਰ ਨੂੰ ਘੇਰਿਆ ਕਿ ਡੈਮਾਂ ’ਚ ਵਾਧੂ ਪਾਣੀ ਦੇ ਬਾਵਜੂਦ ਸਰਕਾਰ ਨੇ ਸਮੇਂ ਸਿਰ ਪਾਣੀ ਨਹੀਂ ਛੁਡਵਾਇਆ ਜਦੋਂ ਕਿ ਮਾਲਵਾ ਖ਼ਿੱਤੇ ’ਚ ਡਰੇਨਾਂ ਸੁੱਕੀਆਂ ਪਈਆਂ ਹਨ।

Share: