Bhagwant Mann ਦੇ ਦੌਰੇ ਲਈ ਭਾਰੀ ਸੁਰੱਖਿਆ ਦੇ ਬਾਵਜੂਦ ਮਾਛੀਵਾੜਾ ’ਚ ਤਿੰਨ ਦਿਨਾਂ ਅੰਦਰ ਨਸ਼ੇ ਨਾਲ ਦੋ ਨੌਜਵਾਨਾਂ ਦੀ ਮੌਤ

Bhagwant Mann ਦੇ ਦੌਰੇ ਲਈ ਭਾਰੀ ਸੁਰੱਖਿਆ ਦੇ ਬਾਵਜੂਦ ਮਾਛੀਵਾੜਾ ’ਚ ਤਿੰਨ ਦਿਨਾਂ ਅੰਦਰ ਨਸ਼ੇ ਨਾਲ ਦੋ ਨੌਜਵਾਨਾਂ ਦੀ ਮੌਤ

ਲੁਧਿਆਣਾ : ਮਾਛੀਵਾੜਾ ਸਾਹਿਬ ਵਿਖੇ ਮਹਿਜ਼ ਤਿੰਨ ਦਿਨਾਂ ਦੇ ਅੰਦਰ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਗਗਨਦੀਪ ਸੰਨੀ ਕੈਂਥ ਨੇ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਚੁੱਕੇ ਹਨ।

ਸੰਨੀ ਕੈਂਥ ਨੇ ਕਿਹਾ ਕਿ ਸਭ ਤੋਂ ਸ਼ਰਮਨਾਕ ਪਹਿਲੂ ਇਹ ਹੈ ਕਿ ਮੁੱਖ ਮੰਤਰੀ ਦੇ ਇਲਾਕੇ ਵਿੱਚ ਦੌਰੇ ਦੇ ਮੱਦੇਨਜ਼ਰ ਪੁਲੀਸ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਚੱਪੇ-ਚੱਪੇ ’ਤੇ ਸਖ਼ਤ ਚੌਕਸੀ ਅਤੇ ਗਸ਼ਤ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਨਸ਼ਾ ਤਸਕਰ ਨੌਜਵਾਨਾਂ ਨੂੰ ਸ਼ਰ੍ਹੇਆਮ ਮੌਤ ਵੰਡ ਰਹੇ ਹਨ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਬੈਠਾ ਹੈ।

ਦੁਬਈ ਤੋਂ ਪਰਤੇ ਗਗਨਦੀਪ ਮਗਰੋਂ ਭੁਪਿੰਦਰ ਨੇ ਗੁਆਈ ਜਾਨ

ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਸੰਨੀ ਕੈਂਥ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਦੁਬਈ ਤੋਂ ਕਮਾਈ ਕਰਕੇ ਵਾਪਸ ਪਰਤੇ ਇੰਦਰਾ ਕਲੋਨੀ ਦੇ ਵਸਨੀਕ ਗਗਨਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਅਜੇ ਉਸ ਪਰਿਵਾਰ ਦੇ ਹੰਝੂ ਵੀ ਨਹੀਂ ਸੁੱਕੇ ਸਨ ਕਿ ਮਾਛੀਵਾੜਾ-ਨੂਰਪੁਰ ਰੋਡ ’ਤੇ ਇੱਕ ਕੱਚੇ ਰਸਤੇ ਤੋਂ ਫੈਕਟਰੀ ਕਾਮੇ ਭੁਪਿੰਦਰ ਸਿੰਘ ਦੀ ਲਾਸ਼ ਬਰਾਮਦ ਹੋਈ, ਜਿਸ ਕੋਲੋਂ ਸਰਿੰਜ ਵੀ ਮਿਲੀ ਹੈ।

ਉਨ੍ਹਾਂ ਕਿਹਾ ਕਿ ਮ੍ਰਿਤਕ ਭੁਪਿੰਦਰ ਦੇ ਬੇਬੱਸ ਪਿਤਾ ਅਮਰਦੀਪ ਸਿੰਘ ਦਾ ਇਹ ਬਿਆਨ ਪੰਜਾਬ ਦੇ ਹਰ ਸੰਵੇਦਨਸ਼ੀਲ ਨਾਗਰਿਕ ਦੇ ਦਿਲ ਨੂੰ ਝੰਜੋੜਨ ਵਾਲਾ ਹੈ ਕਿ ਉਨ੍ਹਾਂ ਦੇ ਪੁੱਤ ਨੇ ਖਾਣਾ ਖਾਣ ਦੇ ਬਹਾਨੇ 500 ਰੁਪਏ ਲਏ ਸਨ ਅਤੇ ਉਨ੍ਹਾਂ ਹੀ ਪੈਸਿਆਂ ਨਾਲ ਨਸ਼ੇ ਦਾ ਟੀਕਾ ਖ਼ਰੀਦ ਕੇ ਆਪਣੀ ਜਾਨ ਗੁਆ ਲਈ। ਕੈਂਥ ਨੇ ਕਿਹਾ, “ਮੁੱਖ ਮੰਤਰੀ ਦੀ ਸੁਰੱਖਿਆ ਲਈ ਸੈਂਕੜੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾ ਸਕਦੇ ਹਨ, ਪਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਰਕਾਰ ਕੋਲ ਨਾ ਤਾਂ ਕੋਈ ਠੋਸ ਨੀਤੀ ਹੈ ਅਤੇ ਨਾ ਹੀ ਇੱਛਾ ਸ਼ਕਤੀ।”

ਨਸ਼ੇ ਦੇ ਵੱਡੇ ਸੌਦਾਗਰਾਂ ਖ਼ਿਲਾਫ਼ ਕਤਲ ਦੇ ਮੁਕੱਦਮੇ ਦਰਜ ਕਰਨ ਦੀ ਮੰਗ

ਜ਼ਿਲ੍ਹਾ ਪ੍ਰਧਾਨ ਨੇ ਮੰਗ ਕੀਤੀ ਕਿ ਨਸ਼ਿਆਂ ਦੀ ਸਪਲਾਈ ਲੜੀ ਤੋੜਨ ਲਈ ਮਹਿਜ਼ ਦਿਖਾਵੇ ਵਜੋਂ ਛੋਟੇ ਤਸਕਰਾਂ ਨੂੰ ਫੜਨ ਦੀ ਪ੍ਰਥਾ ਤੁਰੰਤ ਬੰਦ ਕੀਤੀ ਜਾਵੇ। ਪੀੜਤ ਪਰਿਵਾਰ ਦੀ ਮੰਗ ਦਾ ਜ਼ੋਰਦਾਰ ਸਮਰਥਨ ਕਰਦਿਆਂ ਉਨ੍ਹਾਂ ਇਲਾਕੇ ਵਿੱਚ ਜ਼ਹਿਰ ਸਪਲਾਈ ਕਰਨ ਵਾਲੇ ਵੱਡੇ ਸਰਗਨਿਆਂ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਅਤੇ ਉਨ੍ਹਾਂ ਖ਼ਿਲਾਫ਼ ਸਿੱਧੇ ਤੌਰ ’ਤੇ ਕਤਲ (Murder) ਦੇ ਕੇਸ ਦਰਜ ਕਰਕੇ ਸਖ਼ਤ ਸਜ਼ਾ ਯਕੀਨੀ ਬਣਾਉਣ ਦੀ ਅਪੀਲ ਕੀਤੀ।

ਗਗਨਦੀਪ ਸੰਨੀ ਕੈਂਥ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਾਛੀਵਾੜਾ ਅਤੇ ਸਮੁੱਚੇ ਲੁਧਿਆਣਾ ਦਿਹਾਤੀ ਹਲਕੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਨਾ ਕੀਤੀ ਗਈ ਤਾਂ ਭਾਰਤੀ ਜਨਤਾ ਪਾਰਟੀ ਜਨਤਾ ਨੂੰ ਨਾਲ ਲੈ ਕੇ ਸੜਕਾਂ ’ਤੇ ਉੱਤਰੇਗੀ ਅਤੇ ਸਰਕਾਰ ਦੀ ਨਾਕਾਮੀ ਵਿਰੁੱਧ ਤਿੱਖਾ ਜਨ ਅੰਦੋਲਨ ਵਿੱਢੇਗੀ।

Share: