Punjab Election: ਮਾਲਵੇ ਦੀਆਂ 69 ਸੀਟਾਂ ’ਤੇ ਨਜ਼ਰ, ਮੋਗੇ ਤੋਂ ਲੱਗਣ ਲੱਗੇ ਸਿਆਸੀ ਦਰਬਾਰ

Punjab Election: ਮਾਲਵੇ ਦੀਆਂ 69 ਸੀਟਾਂ ’ਤੇ ਨਜ਼ਰ, ਮੋਗੇ ਤੋਂ ਲੱਗਣ ਲੱਗੇ ਸਿਆਸੀ ਦਰਬਾਰ

ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋਣ ਦੇ ਨਾਲ ਹੀ ਮੋਗਾ ਜ਼ਿਲ੍ਹਾ ਸੂਬੇ ਦੀ ਸਿਆਸਤ ਅਤੇ ਚੋਣ ਗਤੀਵਿਧੀਆਂ ਦਾ ਮੁੱਖ ਕੇਂਦਰ ਬਣ ਕੇ ਉੱਭਰ ਰਿਹਾ ਹੈ। ਭੂਗੋਲਿਕ ਤੌਰ ’ਤੇ ਸਿਆਸੀ ਪੱਖੋਂ ਅਹਿਮ ਮਾਲਵਾ ਖੇਤਰ ਦੇ ਕੇਂਦਰ ਵਿੱਚ ਸਥਿਤ ਇਸ ਜ਼ਿਲ੍ਹੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਅਤੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਲਗਾਤਾਰ ਆਪਣੀਆਂ ਚੋਣ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਸਿਆਸੀ ਹਲਕਿਆਂ ਮੁਤਾਬਕ,ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ 69 ਸੀਟਾਂ ਮਾਲਵਾ ਖੇਤਰ ਵਿੱਚ ਪੈਂਦੀਆਂ ਹਨ,ਜਿਸ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਲਈ ਇਹ ਖਿੱਤਾ ਬੇਹੱਦ ਮਹੱਤਵਪੂਰਨ ਰਹਿੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸੂਬੇ ਦੀ ਸੱਤਾ ਕਿਸ ਪਾਰਟੀ ਦੇ ਹੱਥ ਜਾਵੇਗੀ, ਇਸ ਦਾ ਫ਼ੈਸਲਾ ਮਾਲਵਾ ਹੀ ਕਰਦਾ ਹੈ। ਇਹੀ ਕਾਰਨ ਹੈ ਕਿ ‘ਆਪ’ ਅਤੇ ਅਕਾਲੀ-ਭਾਜਪਾ ਗੱਠਜੋੜ ਦੋਵਾਂ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਲਈ ਮਾਲਵੇ ਦੇ ਧੁਰੇ ਵਜੋਂ ਜਾਣੇ ਜਾਂਦੇ ਮੋਗਾ ਨੂੰ ਚੁਣਿਆ ਹੈ।

ਵੀਰਵਾਰ ਨੂੰ ‘ਆਪ’ ਦੀ ‘ਖ਼ੁਸ਼ਹਾਲ ਰੈਲੀ’ ਤੇ 8 ਦਸੰਬਰ ਨੂੰ ਅਕਾਲੀ-ਭਾਜਪਾ ਦਾ ਸ਼ਕਤੀ ਪ੍ਰਦਰਸ਼ਨ

ਆਮ ਆਦਮੀ ਪਾਰਟੀ ਵੀਰਵਾਰ ਨੂੰ ਮੋਗਾ ਵਿਖੇ ‘ਖ਼ੁਸ਼ਹਾਲ ਰੈਲੀ’ ਨਾਮੀ ਵਿਸ਼ਾਲ ਇਕੱਠ ਕਰਕੇ ਰਸਮੀ ਤੌਰ ’ਤੇ ਆਪਣੀ ਚੋਣ ਮੁਹਿੰਮ ਦਾ ਆਗ਼ਾਜ਼ ਕਰੇਗੀ। ਇਸ ਰੈਲੀ ਰਾਹੀਂ ਪਾਰਟੀ ਲੀਡਰਸ਼ਿਪ ਵੱਲੋਂ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਸਾਹਮਣੇ ਰੱਖਣ ਅਤੇ ਚੋਣਾਂ ਤੋਂ ਪਹਿਲਾਂ ਆਪਣੇ ਸਿਆਸੀ ਆਧਾਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਦੂਜੇ ਪਾਸੇ,ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਗੱਠਜੋੜ 8 ਦਸੰਬਰ ਨੂੰ ਮੋਗਾ ਤੋਂ ਹੀ ਆਪਣੀ ਸਾਂਝੀ ਚੋਣ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਉਮੀਦ ਹੈ,ਜੋ ਕਿ ਦੋਵਾਂ ਪਾਰਟੀਆਂ ਵਿਚਾਲੇ ਮੁੜ ਗੱਠਜੋੜ ਦੇ ਐਲਾਨ ਤੋਂ ਬਾਅਦ ਪਹਿਲਾ ਵੱਡਾ ਸ਼ਕਤੀ ਪ੍ਰਦਰਸ਼ਨ ਹੋਵੇਗਾ। ਸਾਲਾਂ ਦੀ ਸਿਆਸੀ ਦੂਰੀ ਤੋਂ ਬਾਅਦ ਦੋਵੇਂ ਪਾਰਟੀਆਂ ਕਿਸ ਹੱਦ ਤੱਕ ਇੱਕਜੁੱਟਤਾ ਦਾ ਸੁਨੇਹਾ ਦਿੰਦੀਆਂ ਹਨ,ਇਸ ’ਤੇ ਸਿਆਸੀ ਮਾਹਿਰਾਂ ਦੀ ਖ਼ਾਸ ਨਜ਼ਰ ਰਹੇਗੀ।

ਅਕਾਲੀ ਦਲ ਤੇ ‘ਆਪ’ ਲਈ ਮੋਗਾ ਦਾ ਪਿਛਲਾ ਸਿਆਸੀ ਇਤਿਹਾਸ

ਦੋਵਾਂ ਸਿਆਸੀ ਧਿਰਾਂ ਵੱਲੋਂ ਮੋਗਾ ਦੀ ਚੋਣ ਕਰਨਾ ਸਿਆਸੀ ਪੱਖੋਂ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਹ ਜ਼ਿਲ੍ਹਾ ਰਵਾਇਤੀ ਤੌਰ ’ਤੇ ਪੰਜਾਬ ਦਾ ਪ੍ਰਮੁੱਖ ਸਿਆਸੀ ਕੇਂਦਰ ਰਿਹਾ ਹੈ ਅਤੇ ਇੱਥੇ ਅਕਾਲੀ ਦਲ,ਕਾਂਗਰਸ ਅਤੇ ‘ਆਪ’ ਵੱਲੋਂ ਵੱਡੀਆਂ ਰੈਲੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅਕਸਰ ਮੋਗਾ ਨੂੰ ਆਪਣੇ ਲਈ ‘ਸ਼ੁਭ ਸ਼ੁਰੂਆਤ’ ਵਜੋਂ ਦੇਖਦਾ ਆਇਆ ਹੈ, ਕਿਉਂਕਿ ਪਾਰਟੀ ਨੇ 1996, 2006 ਅਤੇ 2011 ਵਿੱਚ ਆਪਣੀਆਂ ਚੋਣ ਮੁਹਿੰਮਾਂ ਦੀ ਸ਼ੁਰੂਆਤ ਮੋਗਾ ਤੋਂ ਹੀ ਕੀਤੀ ਸੀ ਅਤੇ ਇਸ ਤੋਂ ਬਾਅਦ ਕ੍ਰਮਵਾਰ 1997, 2007 ਅਤੇ 2012 ਵਿੱਚ ਸੱਤਾ ਹਾਸਲ ਕੀਤੀ ਸੀ।

ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਬੀਤੇ ਸਮੇਂ ਵਿੱਚ ਵੱਡੇ ਸਿਆਸੀ ਐਲਾਨਾਂ ਲਈ ਇਸੇ ਜ਼ਿਲ੍ਹੇ ਦੀ ਵਰਤੋਂ ਕੀਤੀ ਹੈ। ਸਤੰਬਰ 2016 ਵਿੱਚ, 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਵਿਖੇ ਇੱਕ ਵੱਡੀ ਰੈਲੀ ਕਰਕੇ ਕਿਸਾਨਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ।

ਆਜ਼ਾਦੀ ਸੰਗਰਾਮ ਤੇ ਵਿਦਿਆਰਥੀ ਅੰਦੋਲਨ ਦੀ ਵਿਰਾਸਤ

ਚੋਣ ਸਮੀਕਰਨਾਂ ਤੋਂ ਇਲਾਵਾ ਮੋਗਾ ਜ਼ਿਲ੍ਹੇ ਦੀ ਆਪਣੀ ਇੱਕ ਇਤਿਹਾਸਕ ਅਤੇ ਸਿਆਸੀ ਵਿਰਾਸਤ ਵੀ ਰਹੀ ਹੈ। ਆਜ਼ਾਦੀ ਸੰਗਰਾਮ ਵਿੱਚ ਇਸ ਖੇਤਰ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਇਸੇ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਨਾਲ ਸਬੰਧ ਰੱਖਦੇ ਸਨ। ਇਸ ਤੋਂ ਇਲਾਵਾ 1972 ਦੇ ਇਤਿਹਾਸਕ ਵਿਦਿਆਰਥੀ ਅੰਦੋਲਨ ਨੇ ਵੀ ਇਸ ਖਿੱਤੇ ਨੂੰ ਸਿਆਸੀ ਤੌਰ ’ਤੇ ਵੱਡੀ ਪਛਾਣ ਦਿਵਾਈ ਸੀ।

Share: