ਵਿਸ਼ਾਖਾਪਟਨਮ : ਓਮਾਨ ਦੇ ਸਮੁੰਦਰੀ ਤੱਟ ਨੇੜੇ ਇੱਕ ਵਪਾਰਕ ਜਹਾਜ਼ ‘ਤੇ ਹੋਏ ਅਮਰੀਕੀ ਫੌਜੀ ਹਮਲੇ ਵਿੱਚ ਚਾਲਕ ਦਲ (ਕਰੂ) ਦੇ ਤਿੰਨ ਭਾਰਤੀ ਮੈਂਬਰ ਮਾਰੇ ਗਏ ਸਨ। ਉਨ੍ਹਾਂ ਵਿੱਚ ਇੱਥੋਂ ਦਾ ਇੱਕ 44 ਸਾਲਾ ਮਰੀਨ ਇੰਜੀਨੀਅਰ ਸੁਰੇਸ਼ ਵੀ ਸ਼ਾਮਲ ਸੀ, ਜਿਸ ਦੀ ਪਤਨੀ ਦੇ ਹਰ ਦਿਨ ਦੀ ਸ਼ੁਰੂਆਤ ਆਪਣੇ ਪਤੀ ਦੇ ਇੱਕ ਸਾਧਾਰਨ ‘ਗੁੱਡ ਮੋਰਨਿੰਗ’ ਦੇ ਸੁਨੇਹੇ (ਮੈਸੇਜ) ਨਾਲ ਹੁੰਦੀ ਸੀ। ਪਰ ਹੁਣ ਤੋਂ ਵਿਧਵਾ ਭਾਰਗਵੀ ਨੂੰ ਆਪਣੇ ਮੋਬਾਈਲ ਦੇ ਮੈਸੇਜ ਬਾਕਸ ਵਿੱਚ ਸਿਰਫ਼ ਖਾਮੋਸ਼ੀ ਹੀ ਮਿਲੇਗੀ। ਇਸੇ ਮਹੀਨੇ ਦੇ ਅਖੀਰ ਵਿੱਚ ਉਨ੍ਹਾਂ ਦੇ ਵਿਆਹ ਦੀ 15ਵੀਂ ਵਰ੍ਹੇਗੰਢ ਸੀ, ਜਿਸ ‘ਤੇ ਪੂਰੇ ਪਰਿਵਾਰ ਨੇ ਇਕੱਠੇ ਹੋਣਾ ਸੀ, ਪਰ ਹੁਣ ਉਹ ਸਾਰੇ ਸੁਪਨੇ ਟੁੱਟ ਗਏ ਹਨ ਅਤੇ ਪਰਿਵਾਰ ਗਮ ਵਿੱਚ ਡੁੱਬ ਗਿਆ ਹੈ। ਪੀੜਤ ਭਾਰਗਵੀ ਨੇ ਪੀ ਟੀ ਆਈ (PTI) ਨੂੰ ਦੱਸਿਆ ਕਿ ਹਮਲੇ ਵਾਲੀ ਰਾਤ ਤੋਂ ਪਹਿਲਾਂ ਉਸ ਦਾ ਆਖਰੀ ਸੁਨੇਹਾ ਸੀ, “ਗੁੱਡ ਨਾਈਟ। ਬੱਚਿਆਂ ਦਾ ਖ਼ਿਆਲ ਰੱਖਣਾ।”
ਉਸ ਨੇ ਕਿਹਾ, “ਸੁਰੇਸ਼ ਹਰ ਰੋਜ਼ ਪਰਿਵਾਰ ਦੇ ਮੈਂਬਰਾਂ ਨੂੰ ਗੁੱਡ ਮੋਰਨਿੰਗ ਦਾ ਸੁਨੇਹਾ ਭੇਜਦਾ ਸੀ। ਹਮਲੇ ਵਾਲੀ ਸਵੇਰ, ਮੈਂ ਸੁਨੇਹੇ ਦਾ ਇੰਤਜ਼ਾਰ ਕਰਦੀ ਰਹੀ, ਮੈਨੂੰ ਲੱਗਿਆ ਕਿ ਉਹ ਕਿਸੇ ਕੰਮ ਵਿੱਚ ਰੁੱਝਿਆ ਹੋਵੇਗਾ।”
ਪਰਿਵਾਰ ‘ਤੇ ਟੁੱਟੇ ਇਸ ਦੁੱਖ ਦੇ ਪਹਾੜ ਬਾਰੇ ਦੱਸਦਿਆਂ ਉਸ ਨੇ ਕਿਹਾ, “ਅਸੀਂ ਚਾਰ ਜਣੇ ਸੀ, ਪਰ ਹੁਣ ਸਿਰਫ਼ ਤਿੰਨ ਰਹਿ ਗਏ ਹਾਂ।” ਉਸ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ (ਜਿਨ੍ਹਾਂ ਦੀ ਉਮਰ 13 ਅਤੇ 10 ਸਾਲ ਹੈ) ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਤੋਂ ਬੇਹਾਲ ਹਨ ਅਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਉਸ ਨੇ ਕਿਹਾ ਕਿ ਹੁਣ ਉਸ ਦੀ ਇੱਕੋ ਇੱਕ ਤਰਜੀਹ ਉਸ ਨੂੰ ਦੇਖਣਾ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਘਰ ਲਿਆਉਣਾ ਹੈ।
ਸੁਰੇਸ਼ ਦੇ ਪਰਿਵਾਰ ਵਿੱਚ ਉਸ ਦੀ ਪਤਨੀ, ਦੋ ਪੁੱਤਰ, ਮਾਤਾ-ਪਿਤਾ ਅਤੇ ਇੱਕ ਭੈਣ ਹੈ। ਉਸ ਕੋਲ ਸਮੁੰਦਰੀ ਜਹਾਜ਼ਾਂ ਦੇ ਖੇਤਰ ਵਿੱਚ ਲਗਪਗ 20 ਸਾਲਾਂ ਦਾ ਲੰਮਾ ਤਜਰਬਾ ਸੀ। ਇਸ ਹਾਦਸੇ ਵੇਲੇ ਉਹ ਚੀਫ਼ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ ਅਤੇ ਇਸ ਅਹੁਦੇ ‘ਤੇ ਆਉਣ ਤੋਂ ਪਹਿਲਾਂ ਉਸ ਨੇ ਕਰੀਬ 12 ਸਾਲ ਇੱਕੋ ਹੀ ਕੰਪਨੀ ਵਿੱਚ ਨੌਕਰੀ ਕੀਤੀ ਸੀ।
ਪਰਿਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ, ਜਹਾਜ਼ ਦੇ ਜਨਰੇਟਰ ਵਿੱਚ ਕੋਈ ਖਰਾਬੀ ਆ ਗਈ ਸੀ ਅਤੇ ਸੁਰੇਸ਼ ਉਸੇ ਦੀ ਜਾਂਚ ਕਰਨ ਗਿਆ ਹੋਇਆ ਸੀ ਕਿ ਅਚਾਨਕ ਹਮਲਾ ਹੋ ਗਿਆ। ਪਰਿਵਾਰ ਨੂੰ ਦੱਸਿਆ ਗਿਆ ਹੈ ਕਿ ਸੁਰੇਸ਼ ਸਿੱਧਾ ਹਮਲੇ ਦਾ ਸ਼ਿਕਾਰ ਹੋਇਆ ਸੀ, ਜਿਸ ਕਾਰਨ ਉਸ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ।
ਉੱਥੇ ਹੀ ਨਵੀਂ ਦਿੱਲੀ ਵਿੱਚ ਆਂਧਰਾ ਪ੍ਰਦੇਸ਼ ਭਵਨ ਦੇ ਕਮਿਸ਼ਨਰ ਅਰਜਾ ਸ੍ਰੀਕਾਂਤ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਨ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਯਤਨ ਕੀਤੇ ਜਾ ਰਹੇ ਹਨ।

