Strait of Hormuz: ਅਮਰੀਕੀ ਹਮਲੇ ’ਚ ਤਿੰਨ ਭਾਰਤੀ ਮਲਾਹ ਹਲਾਕ

Strait of Hormuz: ਅਮਰੀਕੀ ਹਮਲੇ ’ਚ ਤਿੰਨ ਭਾਰਤੀ ਮਲਾਹ ਹਲਾਕ

ਨਵੀਂ ਦਿੱਲੀ : ਭਾਰਤ ਨੇ ਕਿਹਾ ਹੈ ਕਿ ਓਮਾਨ ਦੇ ਤੱਟ ਨੇੜੇ ਪਿਛਲੇ ਚਾਰ ਦਿਨਾਂ ਵਿੱਚ ਭਾਰਤੀ ਅਮਲੇ ਵਾਲੇ ਤਿੰਨ ਵਪਾਰਕ ਜਹਾਜ਼ਾਂ ’ਤੇ ਅਮਰੀਕਾ ਵੱਲੋਂ ਹਮਲਾ ਕੀਤਾ ਗਿਆ, ਜਿਸ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਇਹ ਤਿੰਨੇ ਭਾਰਤ ਦੇ ਵੱਖ-ਵੱਖ ਸੂਬਿਆਂ- ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਤੋਂ ਹਨ। ਭਾਰਤ ਨੇ ਅਮਰੀਕਾ ਕੋਲ ਇਹ ਮਾਮਲਾ ਉਠਾਉਂਦਿਆਂ ਸਖ਼ਤ ਇਤਰਾਜ਼ ਦਰਜ ਕਰਾਇਆ ਹੈ। ਇਹ ਪਹਿਲੀ ਵਾਰ ਹੈ, ਜਦੋਂ ਭਾਰਤ ਨੇ ਖੁੱਲ੍ਹੇ ਤੌਰ ’ਤੇ ਮੰਨਿਆ ਹੈ ਕਿ ਅਮਰੀਕੀ ਜਲ ਸੈਨਾ ਨੇ ਭਾਰਤੀ ਮਲਾਹਾਂ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ। 8 ਜੂਨ ਨੂੰ ਪਲਾਉ ਝੰਡੇ ਵਾਲੇ ਤੇਲ ਟੈਂਕਰ ਐੱਮ ਟੀ ਮੈਰੀਵੇੈਕਸ ਨੂੰ ਅਮਰੀਕੀ ਫੌਜ ਨੇ ਨਕਾਰਾ ਕਰ ਦਿੱਤਾ ਸੀ, ਜਿਸ ਵਿੱਚ ਸਵਾਰ ਅਮਲੇ ਦੇ ਸਾਰੇ 24 ਭਾਰਤੀ ਮੈਂਬਰਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਸੀ। 10 ਜੂਨ ਨੂੰ ਅਮਰੀਕਾ ਨੇ ਐੱਮ ਟੀ ਸੇਟੇਬੈਲੋ ਨੂੰ ਨਿਸ਼ਾਨਾ ਬਣਾਇਆ, ਜਿਸ ’ਤੇ ਵੀ 24 ਭਾਰਤੀ ਮਲਾਹ ਸਵਾਰ ਸਨ। ਅਮਲੇ ਦੇ 21 ਮੈਂਬਰਾਂ ਨੂੰ ਬਚਾਅ ਲਿਆ ਗਿਆ, ਜਦਕਿ 3 ਦੀ ਮੌਤ ਹੋ ਗਈ। ਹਮਲੇ ਬਾਅਦ ਵਿਦੇਸ਼ ਮੰਤਰਾਲੇ ਨੇ ਅਮਰੀਕੀ ਡਿਪਲੋਮੈਟ ਜੇਸਨ ਮੀਕਸ ਨੂੰ ਤਲਬ ਕਰ ਕੇ ਸਖ਼ਤ ਇਤਰਾਜ਼ ਦਰਜ ਕਰਾਇਆ।

ਵਿਭਾਗ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਆਪਣੇ ਮਲਾਹਾਂ ਦੀ ਸੁਰੱਖਿਆ ਨੂੰ ਵਧੇਰੇ ਤਰਜੀਹ ਦਿੰਦਾ ਹੈ। ਭਾਰਤ ਨੇ ਅਮਰੀਕਾ ਤੋਂ ਹਮਲੇ ਰੋਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਨੂੰ ਦੱਸਿਆ ਕਿ ਸਮੱਸਿਆ ਦਾ ਕੂਟਨੀਤੀ ਅਤੇ ਗੱਲਬਾਤ ਰਾਹੀਂ ਸ਼ਾਂਤੀਪੂਰਨ ਹੱਲ ਕੱਢਿਆ ਜਾ ਸਕਦਾ ਹੈ ਅਤੇ ਕੌਮਾਂਤਰੀ ਕਾਨੂੰਨ ਅਨੁਸਾਰ ਹੀ ਹਰਮੁਜ਼ ਜਲ ਮਾਰਗ ਤੋਂ ਬੇਰੋਕ ਆਵਾਜਾਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਅਸੀਂ ਇਨ੍ਹਾਂ ਮਸਲਿਆਂ ’ਤੇ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ।’’

ਉਨ੍ਹਾਂ ਕਿਹਾ ਕਿ ਖਿੱਤੇ ’ਚ ਤਾਇਨਾਤ ਅਮਰੀਕੀ ਫੌਜ ਵੱਲੋਂ ਤਿੰਨ ਵਪਾਰਕ ਜਹਾਜ਼ਾਂ ’ਤੇ ਹਮਲੇ ਕੀਤੇ ਗਏ। ਇਨ੍ਹਾਂ ਵਿਚੋਂ ਦੋ ਜਹਾਜ਼ ਪਲਾਉ ਝੰਡੇ ਵਾਲੇ ਸਨ ਅਤੇ ਇੱਕ ਗਿਨੀ-ਬਿਸਾਉ ਦਾ ਸੀ। ਜਹਾਜ਼ਰਾਨੀ ਮੰਤਰਾਲੇ ਦੇ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਕਿਹਾ ਕਿ ਜਲਵੀਰ ’ਤੇ ਤਾਇਨਾਤ ਅਮਲੇ ਨੂੰ ਸੁਰੱਖਿਅਤ ਕੱਢਣ ਦਾ ਕੰਮ ਜਾਰੀ ਹੈ। 18,000 ਤੋਂ ਵੱਧ ਭਾਰਤੀ ਮਲਾਹ ਖਾੜੀ ਖੇਤਰ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ, ‘‘ਅਸੀਂ ਹਾਲੇ ਤੱਕ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਸਥਾਪਤ ਨਹੀਂ ਕੀਤਾ ਹੈ। ਅਸੀਂ ਅਜੇ ਵੀ ਓਮਾਨ ਤੋਂ ਕੁਝ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।’’ ਨੈਸ਼ਨਲ ਯੂਨੀਅਨ ਆਫ ਸੀਫੇਰਰਜ਼ ਆਫ ਇੰਡੀਆ (ਐੱਨ ਯੂ ਐੱਸ ਆਈ) ਨੇ ਵੱਖਰੇ ਬਿਆਨ ਵਿੱਚ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਾਰੇ ਭਾਈਵਾਲਾਂ ਨੂੰ ਉੱਚ ਜੋਖ਼ਮ ਵਾਲੇ ਖੇਤਰਾਂ ਵਿੱਚ ਜਾਣ ਵਾਲੇ ਜਹਾਜ਼ਾਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।

ਸੰਯੁਕਤ ਰਾਸ਼ਟਰ ’ਚ ਵਪਾਰਕ ਜਹਾਜ਼ਾਂ ’ਤੇ ਹਮਲਿਆਂ ਦਾ ਵਿਰੋਧ

ਸੰਯੁਕਤ ਰਾਸ਼ਟਰ: ਇਰਾਨ ਅਤੇ ਖਾੜੀ ਵਿੱਚ ਜਾਰੀ ਟਕਰਾਅ ਦਰਮਿਆਨ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਵਪਾਰਕ ਜਹਾਜ਼ਾਂ ’ਤੇ ਹੋ ਰਹੇ ਹਮਲਿਆਂ ਦਾ ਸਖ਼ਤ ਵਿਰੋਧ ਕੀਤਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਹਰੀਸ਼ ਪਰਵਤਨੇਨੀ ਨੇ ਕਿਹਾ ਕਿ ਖੇਤਰ ਵਿੱਚ ਹਮਲਿਆਂ ਕਾਰਨ ਕਈ ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਜਾਂ ਉਹ ਲਾਪਤਾ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਇਰਾਨ ਅਤੇ ਖਾੜੀ ਖੇਤਰ ਦੇ ਹਾਲਾਤ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ, ਤਣਾਅ ਘਟਾਉਣ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਪਹਿਲ ਦੇਣ ਦੀ ਅਪੀਲ ਕੀਤੀ ਹੈ।

 

ਇਰਾਨ ਦੀ ਤੇਲ ਤੇ ਗੈਸ ਸਨਅਤ ’ਤੇ ਕਬਜ਼ਾ ਕਰਾਂਗੇ: ਟਰੰਪ

ਦੁਬਈ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ’ਤੇ ਅੱਜ ਰਾਤ ਬਹੁਤ ਜ਼ੋਰਦਾਰ ਹਮਲੇ ਕਰਨ ਦੀ ਚਿਤਾਵਨੀ ਦਿੰਦਿਆਂ ਧਮਕੀ ਦਿੱਤੀ ਕਿ ਆਉਂਦੇ ਸਮੇਂ ’ਚ ਅਮਰੀਕਾ ਵੱਲੋਂ ਇਰਾਨ ਦੇ ਤੇਲ ਅਤੇ ਗੈਸ ਉਦਯੋਗਾਂ ’ਤੇ ਕਬਜ਼ਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ’ਚ ਇਰਾਨ ਦਾ ਅਹਿਮ ਖਾਰਗ ਟਾਪੂ ਵੀ ਸ਼ਾਮਲ ਹੈ ਜਿਸ ਨੂੰ ਤੇਲ ਦੇ ਮੁੱਖ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਟਰੰਪ ਨੇ ਇਹ ਬਿਆਨ ਸੋਸ਼ਲ ਮੀਡੀਆ ’ਤੇ ਜਾਰੀ ਕੀਤਾ ਹੈ। ਉਂਝ ਟਰੰਪ ਨੇ ਵੀਰਵਾਰ ਨੂੰ ‘ਫੌਕਸ ਨਿਊਜ਼’ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਮਰੀਕਾ ਕਿਸੇ ਸਮਝੌਤੇ ’ਤੇ ਪਹੁੰਚਣ ਲਈ ਹਾਲੇ ਵੀ ਇਰਾਨ ਨਾਲ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਨਾਲ ਗੱਲਬਾਤ ਤਾਂ ਕਰ ਰਹੇ ਹਾਂ ਪਰ ਦੇਖੋ, ਮੇਰੀ ਪਹਿਲੀ ਪਸੰਦ ਹਮੇਸ਼ਾ ਤੋਂ ਖਾਰਗ ਟਾਪੂ ’ਤੇ ਕਬਜ਼ਾ ਕਰਨ ਦੀ ਰਹੀ ਹੈ। ਮੇਰੀ ਤਰਜੀਹ ਇਹੋ ਹੋਵੇਗੀ। ਮੈਨੂੰ ਨਹੀਂ ਪਤਾ ਕਿ ਅਮਰੀਕਾ ਵਿੱਚ ਇਸ ਲਈ ਕਿੰਨਾ ਕੁ ਹੌਸਲਾ ਹੈ।’’ -ਏਪੀ

ਪਰਿਵਾਰ ਵੱਲੋਂ ਪੁੱਤਰ ਦੀ ਲਾਸ਼ ਭਾਰਤ ਲਿਆਉਣ ਦੀ ਅਪੀਲ

ਸ਼ਿਮਲਾ: ਓਮਾਨ ਨੇੜੇ ਹਰਮੁਜ਼ ਜਲ ਮਾਰਗ ਵਿੱਚ ਅਮਰੀਕੀ ਹਮਲੇ ਦੌਰਾਨ ਮਾਰੇ ਗਏ 23 ਸਾਲਾ ਭਾਰਤੀ ਮਲਾਹ ਆਦਿੱਤਿਆ ਸ਼ਰਮਾ ਦੇ ਪਰਿਵਾਰ ਨੇ ਕੇਂਦਰ ਅਤੇ ਹਿਮਾਚਲ ਸਰਕਾਰ ਨੂੰ ਉਸ ਦੀ ਲਾਸ਼ ਜਲਦੀ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਅੰਤਿਮ ਸੰਸਕਾਰ ਕੀਤਾ ਜਾ ਸਕੇ। ਆਦਿੱਤਿਆ ਹਮੀਰਪੁਰ ਜ਼ਿਲ੍ਹੇ ਦੇ ਗਲੋਰ ਪਿੰਡ ਦਾ ਰਹਿਣ ਵਾਲਾ ਸੀ। ਉਹ ਪਲਾਉ ਝੰਡੇ ਵਾਲੇ ਜਹਾਜ਼ ਐੱਮਟੀ ਸੇਟੇਬੈਲੋ ’ਤੇ ਡੈੱਕ ਕੈਡੇਟ ਵਜੋਂ ਕੰਮ ਕਰ ਰਿਹਾ ਸੀ। ਇਸ ਜਹਾਜ਼ ’ਤੇ 24 ਭਾਰਤੀ ਸਵਾਰ ਸਨ। ਆਦਿੱਤਿਆ ਦੇ ਦਾਦਾ ਅਸ਼ੋਕ ਨੇ ਕਿਹਾ ਕਿ ਜੇ ਕੈਪਟਨ ਨੂੰ ਅੱਗੇ ਨਾ ਜਾਣ ਦੀ ਚਿਤਾਵਨੀ ਮਿਲੀ ਸੀ ਤਾਂ ਉਹ ਜਹਾਜ਼ ਅੱਗੇ ਕਿਉਂ ਲੈ ਗਿਆ? ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪੀੜਤ ਪਰਿਵਾਰ ਨੇ ਹਮੀਰਪੁਰ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਕੇਂਦਰ ਸਰਕਾਰ ਨੂੰ ਲਾਸ਼ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।

ਪ੍ਰਧਾਨ ਮੰਤਰੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਓਮਾਨ ਤੱਟ ਨੇੜੇ ਵਪਾਰਕ ਜਹਾਜ਼ ’ਤੇ ਹੋਏ ਹਮਲੇ ਵਿੱਚ ਤਿੰਨ ਭਾਰਤੀ ਮਲਾਹਾਂ ਦੇ ਮਾਰੇ ਜਾਣ ’ਤੇ ਦੁੱਖ ਪ੍ਰਗਟਾਉਂਦਿਆਂ ਅਮਰੀਕੀ ਫੌਜ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਕਾਂਗਰਸ ਨੇ ਸਰਕਾਰ ਤੋਂ ਹਮਲੇ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਲੋੜੀਂਦੇ ਕੂਟਨੀਤਕ ਕਦਮ ਚੁੱਕਣ ਦੀ ਮੰਗ ਕੀਤੀ ਹੈ।

ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਵਾਰ-ਵਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਆਪਣੇ ਨਿਜੀ ਸਬੰਧਾਂ ਨੂੰ ਕੂਟਨੀਤਕ ਸਫਲਤਾ ਵਜੋਂ ਪੇਸ਼ ਕੀਤਾ ਹੈ, ਜਦੋਂ ਇਹ ਸਬੰਧ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ।

ਪਾਰਟੀ ਨੇ ਸਰਕਾਰ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ, ਲਾਸ਼ਾਂ ਦੀ ਜਲਦੀ ਵਾਪਸੀ ਅਤੇ ਭਾਰਤੀ ਅਮਲੇ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਸਰਕਾਰ ਨੂੰ ਤੁਰੰਤ ਸੰਸਦ ਨੂੰ ਜਾਣਕਾਰੀ ਦੇਣ ਅਤੇ ਖਾੜੀ ਖੇਤਰ ਵਿੱਚ ਭਾਰਤੀਆਂ ਦੀ ਸੁਰੱਖਿਆ ਲਈ ਰਣਨੀਤੀ ਤਿਆਰ ਕਰਨ ਦੀ ਅਪੀਲ ਕੀਤੀ ਹੈ।

Share: