Punjab ’ਚ ਕਈ ਥਾਈਂ ATM ਖਾਲੀ ਹੋਏ

Punjab ’ਚ ਕਈ ਥਾਈਂ ATM ਖਾਲੀ ਹੋਏ

ਚੰਡੀਗਡ਼੍ਹ : ਪੰਜਾਬ ਦੇ ਬੈਂਕਾਂ ’ਚ ਨਗਦੀ ਦਾ ਸੰਕਟ ਬਣ ਗਿਆ ਹੈ ਜਿਸ ਕਰ ਕੇ ਏ ਟੀ ਐੱਮ ਡਰਾਈ ਹੋਣ ਲੱਗੇ ਹਨ। ਏ ਟੀ ਐੱਮਾਂ ’ਚ ਕਰੰਸੀ ਲੋਡਿੰਗ ਵੀ ਹੁਣ ਕਈ ਘੰਟੇ ਅਤੇ ਕਈ ਦਿਨਾਂ ਦੀ ਦੇਰੀ ਨਾਲ ਹੋਣ ਲੱਗੀ ਹੈ। ਸਨਅਤੀ ਖੇਤਰ ਨੂੰ ਦਿੱਕਤਾਂ ਝੱਲਣੀਆਂ ਪੈ ਰਹੀਆਂ ਹਨ ਅਤੇ ਮਜ਼ਦੂਰਾਂ ਨੂੰ ਸਮੇਂ ਸਿਰ ਤਨਖ਼ਾਹਾਂ ਦੇਣੀਆਂ ਵੀ ਔਖੀਆਂ ਹੋਈਆਂ ਹਨ। ਬੈਂਕਾਂ ਵੱਲੋਂ ਇੱਕ ਨਿਰਧਾਰਿਤ ਸੀਮਾ ’ਚ ਨਕਦੀ ਕਢਵਾਉਣ ਦੇ ਨਿਰਦੇਸ਼ ਦਿੱਤੇ ਹਨ। ਰੀਅਲ ਅਸਟੇਟ ਦੇ ਕਾਰੋਬਾਰ ਨੂੰ ਵੀ ਨਗਦੀ ਦੀ ਕਮੀ ਨੇ ਪ੍ਰਭਾਵਿਤ ਕੀਤਾ ਹੈ।

ਬਠਿੰਡਾ ਦੇ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਪ੍ਰਾਈਵੇਟ ਸਕੂਲ ਦੇ ਐੱਮ ਡੀ ਬਲਵੀਰ ਸਿੰਘ ਕੋਟ ਗੁਰੂ ਦਾ ਕਹਿਣਾ ਸੀ ਕਿ ਉਹ ਜਦੋਂ ਪਿੰਡ ਬਾਦਲ ਦੇ ਏ ਟੀ ਐੱਮ ਤੋਂ ਨਗਦੀ ਕਢਾਉਣ ਗਏ ਤਾਂ ਕਿਸੇ ’ਚ ਵੀ ਨਗਦੀ ਨਹੀਂ ਸੀ। ਬੈਂਕ ਅਧਿਕਾਰੀ ਇਸ ਸਮੱਸਿਆ ਨੂੰ ਆਰਜ਼ੀ ਦੱਸ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਬੈਂਕਾਂ ’ਚ ਹੋਰ ਪੈਸੇ ਪਾਉਣ ਲਈ ਕਿਹਾ ਗਿਆ ਹੈ। ਅਪਰੈਲ ਤੇ ਮਈ ਮਹੀਨੇ ’ਚ ਪੰਜਾਬ ’ਚ ਨਗਦੀ ਕਢਵਾਉਣ ਦੀ ਦਰ ਜ਼ਿਆਦਾ ਰਹੀ। ਲੁਧਿਆਣਾ ਦੇ ਸਨਅਤ ਮਾਲਕ ਇਸ਼ਵਰ ਸਿੰਘ ਭੰਦੋਹਲ ਨੇ ਦੱਸਿਆ ਕਿ ਬੈਂਕਾਂ ਦੇ ਏ ਟੀ ਐੱਮ ਹੁਣ ਖ਼ਾਲੀ ਖੜਕ ਰਹੇ ਹਨ। ਉਨ੍ਹਾਂ ਨੂੰ ਜਦੋਂ ਹਰ ਮਹੀਨੇ ਦੀ 25 ਤਰੀਕ ਨੂੰ ਐਡਵਾਂਸ ਅਤੇ 10 ਤਰੀਕ ਨੂੰ ਲੇਬਰ ਨੂੰ ਤਨਖ਼ਾਹ ਦੇਣੀ ਹੁੰਦੀ ਹੈ ਤਾਂ ਨਗਦੀ ਦੀ ਵੱਡੀ ਕਿੱਲਤ ਝੱਲਣੀ ਪੈਂਦੀ ਹੈ। ਹੁਣ ਲੇਬਰ ਨੂੰ ਵੀ ਖਾਤਿਆਂ ’ਚ ਤਨਖ਼ਾਹ ਪਾਉਣੀ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ, ਮੁਹਾਲੀ ਦੇ ਇੱਕ ਪ੍ਰਾਪਰਟੀ ਕਾਰੋਬਾਰੀ ਦਾ ਕਹਿਣਾ ਸੀ ਕਿ ਬੈਂਕਾਂ ਨੇ ਨਗਦੀ ਕਢਵਾਏ ਜਾਣ ਦੀ ਸੀਮਾ ਤੈਅ ਕਰ ਦਿੱਤੀ ਹੈ ਜਿਸ ਕਰ ਕੇ ਰੀਅਲ ਅਸਟੇਟ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ।

ਇਸੇ ਦੌਰਾਨ ਬਰਨਾਲਾ ਦੇ ਪਾਈਪ ਕਾਰੋਬਾਰੀ ਰਾਜੀਵ ਕੁਮਾਰ ਗੁਪਤਾ ਦਾ ਕਹਿਣਾ ਸੀ ਕਿ ਬਰਨਾਲਾ ਦੇ ਏ ਟੀ ਐੱਮਜ਼ ਦੀ ਸਥਿਤੀ ਤਾਂ ਠੀਕ ਹੈ ਪਰ ਬੈਂਕਾਂ ਚੋਂ ਹੁਣ ਨਗਦ ਰਾਸ਼ੀ ਨਹੀਂ ਮਿਲ ਰਹੀ। ਅੰਮ੍ਰਿਤਸਰ ਦੇ ਫਾਰਮਾਸਿਊਟੀਕਲ ਯੂਨਿਟ ਵੀ ਪ੍ਰਭਾਵਿਤ ਹੋ ਰਹੇ ਹਨ ਜਿੱਥੇ ਯੂਨਿਟਾਂ ਨੂੰ ਅੱਧੀ ਸਮਰੱਥਾ ’ਤੇ ਹੀ ਚਲਾਉਣਾ ਪੈ ਰਿਹਾ ਹੈ। ਗਿੱਦੜਬਾਹਾ ਦੇ ਕਾਰੋਬਾਰੀ ਸ਼ਿਆਮ ਕਟਾਰੀਆ ਆਖਦੇ ਹਨ ਕਿ ਰੋਜ਼ਾਨਾ ਦਾ ਲੈਣ ਦੇਣ ਪ੍ਰਭਾਵਿਤ ਹੋਇਆ ਹੈ ਅਤੇ ਨਗਦੀ ਲਈ ਬੈਂਕਾਂ ਨੂੰ ਅਗਾਊਂ ਸੂਚਨਾ ਦੇਣੀ ਪੈਂਦੀ ਹੈ। ਨਾਭਾ ਨੇੜਲੇ ਪਿੰਡ ਰੋਹਟੀ ਖ਼ਾਸ ਦੇ ਕਿਸਾਨ ਦਰਸ਼ਨ ਸਿੰਘ ਖੱਟੜਾ ਦਾ ਕਹਿਣਾ ਹੈ ਕਿ ਹੁਣ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ ਅਤੇ ਮਜ਼ਦੂਰਾਂ ਨੂੰ ਐਡਵਾਂਸ ਦੇਣ ’ਚ ਸਮੱਸਿਆ ਆ ਰਹੀ ਹੈ ਕਿਉਂਕਿ ਪਰਵਾਸੀ ਮਜ਼ਦੂਰ ਨਗਦੀ ਮੰਗਦੇ ਹਨ।
Share: