PAU Warns of New Weed Threats: ਖੇਤੀਬਾੜੀ ’ਵਰਸਿਟੀ ਨੇ ਹੜ੍ਹਾਂ ਮਗਰੋਂ ਪੈਦਾ ਹੋਏ ਨਵੇਂ ਨਦੀਨਾਂ ਬਾਰੇ ਚੌਕਸ ਕੀਤਾ

ਲੁਧਿਆਣਾ  (ਮਨੀਸ਼ ਰਿਹਾਨ ): ਪੰਜਾਬ ਵਿੱਚ ਸਾਲ 2023 ਅਤੇ 2025 ਵਿੱਚ ਆਏ ਭਾਰੀ ਹੜ੍ਹਾਂ ਨੇ ਫ਼ਸਲਾਂ ਦੇ ਉਤਪਾਦਨ ਦੇ ਨਾਲ-ਨਾਲ ਖੇਤੀ ਦੇ ਬੁਨਿਆਦੀ ਢਾਂਚੇ ਅਤੇ ਸਰੋਤਾਂ ਦਾ ਨੁਕਸਾਨ ਕੀਤਾ ਹੈ। ਪੀ ਏ ਯੂ ਮੁਤਾਬਕ ਹੜ੍ਹਾਂ ਨਾਲ ਰੁੜ੍ਹ ਕੇ ਆਏ ਬੀਜਾਂ ਤੋਂ ਪੈਦਾ ਹੋਣ ਵਾਲੇ ਨਦੀਨ ਸੂਬੇ ਦੀ ਖੇਤੀਬਾੜੀ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਸਕਦੇ ਹਨ। ਪੀ ਏ ਯੂ ਵੱਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਰੋਪੜ, ਅੰਮ੍ਰਿਤਸਰ ਅਤੇ ਪਟਿਆਲਾ ਆਦਿ ਵਿੱਚ ਕੀਤੇ ਗਏ ਸਰਵੇਖਣ ਵਿੱਚ ਨਦੀਨਾਂ ਦੀਆਂ ਨਵੀਆਂ ਕਿਸਮਾਂ ਦੇ ਉਭਾਰ ਅਤੇ ਬਨਸਪਤੀ ਢਾਂਚੇ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਖੁਲਾਸਾ ਕੀਤਾ ਗਿਆ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਚੌਕਸ ਕਰਦਿਆਂ ਸਮੇਂ ਸਿਰ ਧਿਆਨ ਦੇਣ ਦੀ ਲੋੜ ਜ਼ੋਰ ਦਿੱਤਾ ਹੈ। ਸਰਵੇਖਣ ਤੋਂ ਪਤਾ ਚੱਲਿਆ ਕਿ ਤਿੰਨ ਨਦੀਨਾਂ ਦੀਆਂ ਕਿਸਮਾਂ ਵਿੱਚ ਜੰਗਲੀ ਮੂਲੀ, ਸੈਲਰੀ-ਲੀਵਡ ਬਟਰਕਪ ਜਾਂ ਜਲ ਧਨੀਆ ਅਤੇ ਮਾਰਸ਼ ਪੀਲੀ-ਕ੍ਰੇਸ ਦੇਖਣ ਨੂੰ ਮਿਲੀਆਂ ਹਨ।

ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਵਿੱਚ ਨਦੀਨਾਂ ਦੀਆਂ ਇਨ੍ਹਾਂ ਕਿਸਮਾਂ ਦੀ ਤਾਸੀਰ ਅਤੇ ਵਾਤਾਵਰਨ ਉੱਪਰ ਪ੍ਰਭਾਵ ਬਾਰੇ ਕੋਈ ਅਨੁਭਵ ਨਹੀਂ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਸ ਤੋਂ ਪਹਿਲਾਂ ਕਿ ਇਹ ਮਜ਼ਬੂਤੀ ਨਾਲ ਸਥਾਪਤ ਹੋ ਜਾਣ ਅਤੇ ਫਸਲ ਉਤਪਾਦਨ, ਜੈਵ ਵਿਭਿੰਨਤਾ ਅਤੇ ਵਾਤਾਵਰਨ ਸਥਿਰਤਾ ਨੂੰ ਖ਼ਤਰਾ ਪੈਦਾ ਕਰਨ, ਇਨ੍ਹਾਂ ਦੀ ਰੋਕਥਾਮ ਦੇ ਉਪਾਅ ਕਰਨੇ ਲਾਜ਼ਮੀ ਹਨ ਅਤੇ ਪੀ ਏ ਯੂ ਦੇ ਵਿਗਿਆਨੀ ਇਸ ਦਿਸ਼ਾ ਵਿੱਚ ਨਿਰੰਤਰ ਕਾਰਜਸ਼ੀਲ ਹਨ। ਪੀ ਏ ਯੂ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਚੱਲ ਰਹੇ ਸਾਉਣੀ ਸੀਜ਼ਨ ਦੌਰਾਨ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਸਲਾਹ ਦਿੱਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਅਣਜਾਣ ਪੌਦਿਆਂ ਦੀਆਂ ਕਿਸਮਾਂ ਜਾਂ ਵੱਖਰੇ ਨਦੀਨਾਂ ਦੇ ਹਮਲੇ ਬਾਰੇ ਪੀ ਏ ਯੂ ਮਾਹਿਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਸੂਚਿਤ ਕਰਨ।

Share: