ਪਠਾਨਕੋਟ : ਸੁਜਾਨਪੁਰ ਥਾਣੇ ਅਧੀਨ ਪੈਂਦੇ ਪਿੰਡ ਅਜੀਜ਼ਪੁਰ ਵਿੱਚ ਦਾਜ ਵਿੱਚ ਬੁਲੇਟ ਮੋਟਰਸਾਈਕਲ ਦੀ ਮੰਗ ਕਾਰਨ ਚੱਲ ਰਿਹਾ ਘਰੇਲੂ ਵਿਵਾਦ ਹਿੰਸਕ ਰੂਪ ਧਾਰਨ ਕਰ ਗਿਆ। ਦੋਸ਼ ਹੈ ਕਿ ਜਵਾਈ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪਹਿਲਾਂ ਸਹੁਰੇ ਘਰ ਵਿੱਚ ਦਾਖ਼ਲ ਹੋ ਕੇ ਪਤਨੀ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਸਹੁਰੇ, ਸਾਲਿਆਂ ਅਤੇ ਸੱਸ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਥਾਣਾ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਲਿਆਕਤ ਅਲੀ ਵਾਸੀ ਅਜੀਜ਼ਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪੀੜਤ ਵਿਆਹੁਤਾ ਬਿੱਲੋ ਦੀਵਾਲੀ ਮੌਕੇ ਆਪਣੇ ਦੋ ਸਾਲਾ ਬੱਚੇ ਸਮੇਤ ਪੇਕੇ ਪਿੰਡ ਅਜੀਜ਼ਪੁਰ ਆਈ ਹੋਈ ਸੀ। ਬੱਚੇ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਸ ਨੇ ਆਪਣੇ ਪਤੀ ਨੂੰ ਫੋਨ ਕਰਕੇ ਉਸ ਨੂੰ ਸਹੁਰੇ ਘਰ ਆਉਣ ਵਾਸਤੇ ਕਿਹਾ। ਇਸ ਗੱਲ ਤੋਂ ਗੁੱਸੇ ਵਿੱਚ ਆਏ ਪਤੀ ਨੇ ਫੋਨ ’ਤੇ ਗਾਲੀ-ਗਲੋਚ ਕੀਤੀ ਅਤੇ ਕੁਝ ਸਮੇਂ ਬਾਅਦ ਪੇਕੇ ਘਰ ਪਹੁੰਚ ਕੇ ਉਸ ਨੂੰ ਕੁੱਟਿਆ। ਬਿੱਲੋ ਦੇ ਪਿਤਾ ਸ਼ਫ਼ੀ ਮੁਹੰਮਦ ਦੀ ਵੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ। ਉਸ ਨੇ ਉਸ ਨੂੰ ਛੁਡਾਉਣ ਆਏ ਸਹੁਰਾ ਪਰਿਵਾਰ ਦੇ ਮੈਂਬਰਾਂ ’ਤੇ ਵੀ ਹਮਲਾ ਕੀਤਾ। ਇਸ ਦੌਰਾਨ ਸਾਲੇ ਫ਼ਰਮਾਨ ਅਲੀ ਦੀ ਉਂਗਲ ਵੀ ਦਾਤਰ ਨਾਲ ਵੱਢ ਦਿੱਤੀ। ਲਿਆਕਤ ਅਲੀ ਅਤੇ ਜੂਨਾ ਬੇਗਮ ਵੀ ਜ਼ਖ਼ਮੀ ਹੋ ਗਏ। ਇਸ ਵਿੱਚ ਕੁੱਲ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਥਾਣਾ ਮੁਖੀ ਅਰੁਣ ਕੁਮਾਰ ਅਨੁਸਾਰ ਜਮਾਲਦੀਨ, ਅਸ਼ੂ, ਜਾਫ਼ਰ, ਸਲੀਮ, ਸੋਨੂੰ, ਭਾਊ ਅਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Posted inPathankot
ਬੁਲੇਟ ਮੋਟਰਸਾਈਕਲ ਨਾ ਮਿਲਣ ‘ਤੇ ਭੜਕਿਆ ਜਵਾਈ; ਸਹੁਰੇ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ, ਸਾਲੇ ਦੀ ਉਂਗਲ ਵੱਢੀ

