Kolkata-Mumbai flight ਨੂੰ ਅਗਵਾ ਕਰਨ ਦੀ ਝੂਠੀ ਧਮਕੀ ਦੇਣ ਦੇ ਮਾਮਲੇ ਵਿੱਚ ਮੁਸਾਫ਼ਰ ਕਾਬੂ

Kolkata-Mumbai flight ਨੂੰ ਅਗਵਾ ਕਰਨ ਦੀ ਝੂਠੀ ਧਮਕੀ ਦੇਣ ਦੇ ਮਾਮਲੇ ਵਿੱਚ ਮੁਸਾਫ਼ਰ ਕਾਬੂ

ਕੋਲਕਾਤਾ : ਕੋਲਕਾਤਾ ਤੋਂ ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਅਗਵਾ ਕਰਨ ਦੀ ਝੂਠੀ ਧਮਕੀ ਦੇਣ ਦੇ ਸਬੰਧ ਵਿੱਚ ਇੱਕ ਮੁਸਾਫ਼ਰ ਨੂੰ ਕਾਬੂ ਕਰਕੇ ਹਵਾਈ ਅੱਡਾ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ। ਭਾਰਤੀ ਹਵਾਈ ਅੱਡਾ ਅਥਾਰਟੀ (AAI) ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਕਾਰਵਾਈ ਬੁੱਧਵਾਰ ਨੂੰ ਏਅਰ ਇੰਡੀਆ ਦੀ ਉਡਾਣ AI 2772 ਨਾਲ ਵਾਪਰੀ ਘਟਨਾ ਦੇ ਸਬੰਧ ਵਿੱਚ ਕੀਤੀ ਗਈ ਹੈ, ਜੋ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ਦੇ ਪਖਾਨੇ (ਲੈਵੇਟਰੀ) ਦੇ ਅੰਦਰੋਂ ਹੱਥ ਨਾਲ ਲਿਖਿਆ ਧਮਕੀ ਭਰਿਆ ਨੋਟ ਮਿਲਣ ਤੋਂ ਬਾਅਦ ਕਈ ਘੰਟੇ ਲੇਟ ਹੋ ਗਈ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁਸਾਫ਼ਰ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ (NSCBI) ਹਵਾਈ ਅੱਡਾ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਨੋਟ, ਜਿਸ ਵਿੱਚ ਚਿਤਾਵਨੀ ਦਿੱਤੀ ਗਈ ਸੀ ਕਿ ਬੁੱਧਵਾਰ ਨੂੰ ਸਵੇਰੇ 11.10 ਵਜੇ ਜਹਾਜ਼ ਨੂੰ ਅਗਵਾ ਕਰ ਲਿਆ ਜਾਵੇਗਾ, ਸਵੇਰੇ 10.37 ਵਜੇ ਦੇ ਕਰੀਬ ਕੈਬਿਨ ਕਰੂ ਦੇ ਇੱਕ ਮੈਂਬਰ ਨੂੰ ਮਿਲਿਆ ਸੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਲਾਜ਼ਮੀ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ।

ਜਹਾਜ਼ ਵਿੱਚ ਸਵਾਰ ਸਾਰੇ 105 ਮੁਸਾਫ਼ਰਾਂ ਨੂੰ ਹੇਠਾਂ ਉਤਾਰਿਆ ਗਿਆ ਅਤੇ ਬਾਰੀਕੀ ਨਾਲ ਸੁਰੱਖਿਆ ਜਾਂਚ ਕਰਨ ਲਈ ਜਹਾਜ਼ ਨੂੰ ਆਈਸੋਲੇਸ਼ਨ ਬੇਅ (ਵੱਖਰੀ ਥਾਂ) ਵਿੱਚ ਲਿਜਾਇਆ ਗਿਆ। ਇਹ ਉਡਾਣ, ਜਿਸ ਨੇ ਮੂਲ ਰੂਪ ਵਿੱਚ ਸਵੇਰੇ 10.30 ਵਜੇ ਦੇ ਕਰੀਬ ਰਵਾਨਾ ਹੋਣਾ ਸੀ, ਅਧਿਕਾਰੀਆਂ ਵੱਲੋਂ ਨਿਰਧਾਰਤ ਸੁਰੱਖਿਆ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਆਖ਼ਰਕਾਰ ਸ਼ਾਮ 5.38 ਵਜੇ ਮੁੰਬਈ ਲਈ ਰਵਾਨਾ ਹੋਈ। ਬਾਅਦ ਵਿੱਚ ਇਸ ਧਮਕੀ ਨੂੰ ਝੂਠੀ (ਅਫ਼ਵਾਹ) ਕਰਾਰ ਦਿੱਤਾ ਗਿਆ।

Share: