ਨਵੀਂ ਦਿੱਲੀ : ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀ ਐੱਸ ਈ) ਵੱਲੋਂ ਕੀਤੇ ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਕਿ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੇ ਵੱਖ-ਵੱਖ ਪੜਾਅ ਲਾਗੂ ਕੀਤੇ ਜਾਣ ਦੇ ਬਾਵਜੂਦ ਦਿੱਲੀ ਦੀ ਹਵਾ ਸਾਫ਼ ਹੋਣ ਦੀ ਬਜਾਏ ਹੋਰ ਜ਼ਿਆਦਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਦੀਵਾਲੀ ਤੋਂ ਪਹਿਲਾਂ ਹੀ ਰਾਜਧਾਨੀ ਦੀ ਹਵਾ ਵਧੇਰੇ ਪ੍ਰਦੂਸ਼ਿਤ ਸੀ। ਸੀ ਐੱਸ ਈ ਦੀ ਅਰਬਨ ਲੈਬ ਵਿੱਚ ਡਿਪਟੀ ਪ੍ਰੋਗਰਾਮ ਮੈਨੇਜਰ ਸ਼ਰਨਜੀਤ ਕੌਰ ਨੇ ਕਿਹਾ ਕਿ ਇਸ ਸਾਲ ਦਿੱਲੀ ਵਿੱਚ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਦੂਸ਼ਣ ਦਾ ਪੱਧਰ 2025 ਦੇ ਮੁਕਾਬਲੇ ਵੱਧ ਰਿਹਾ ਹੈ। ਸਤੰਬਰ ਦੇ ਅੰਤ ਵਿੱਚ ਹੋਈ ਬਰਸਾਤ ਕਾਰਨ ਹੀ ਇਸ ਵਿੱਚ ਮਾਮੂਲੀ ਕਮੀ ਦੇਖਣ ਨੂੰ ਮਿਲੀ। ਸੀ ਐੱਸ ਈ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਰਾਜਧਾਨੀ ਵਿੱਚ ਪ੍ਰਦੂਸ਼ਣ ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ਅਤੇ ਹੋਰ ਸਥਾਨਕ ਸਰੋਤਾਂ ਕਾਰਨ ਹੁੰਦਾ ਹੈ। 6 ਨਵੰਬਰ ਨੂੰ ਜਦੋਂ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 382 ਦੇ ਉੱਚ ਪੱਧਰ ’ਤੇ ਪਹੁੰਚ ਗਿਆ ਸੀ ਤਾਂ ਪਰਾਲੀ ਸਾੜਨ ਨਾਲ ਪੈਦਾ ਹੋਏ ਧੂੰਏਂ ਦਾ ਯੋਗਦਾਨ ਸਿਰਫ਼ 8 ਫੀਸਦੀ ਦੇ ਕਰੀਬ ਸੀ। ਦਿੱਲੀ ਵਿੱਚ ‘ਗਰੈਪ’ ਦਾ ਪੜਾਅ ਚਾਰ ਲਾਗੂ ਹੈ। ਪ੍ਰਦੂਸ਼ਣ ਕੰਟਰੋਲ ਦੇ ਨਾਮ ’ਤੇ ਪਾਬੰਦੀਆਂ ਦਾ ਵੀ ਕੋਈ ਅਸਰ ਨਹੀਂ ਹੋਇਆ। ਰਿਪੋਰਟ ਮੁਤਾਬਕ ਦੀਵਾਲੀ ਤੋਂ ਪਹਿਲਾਂ ਔਸਤ ਪੀ ਐੱਮ 2.5 ਪੱਧਰ 2026 ਵਿੱਚ 236, 2025 ਨੂੰ 120 ਅਤੇ 2024 ਵਿੱਚ 179 ਸੀ। ਦਿੱਲੀ ਦੇ ਪ੍ਰਦੂਸ਼ਣ ਦੇ ਸਰੋਤ ਵਿੱਚ ਗੁਆਂਢੀ ਜ਼ਿਲ੍ਹਿਆਂ ਤੋਂ ਆਉਣ ਵਾਲੀਆਂ ਗੱਡੀਆਂ ਦਾ 54.43 ਫ਼ੀਸਦ, ਸਥਾਨਕ ਸਰੋਤ 33.06 ਫ਼ੀਸਦ ਅਤੇ ਪਰਾਲੀ ਸਾੜਨ ਤੋਂ 14.29 ਫ਼ੀਸਦ ਪ੍ਰਦੂਸ਼ਣ ਹੁੰਦਾ ਹੈ। ਦਿੱਲੀ ਵਿੱਚ ਸਥਾਨਕ ਪ੍ਰਦੂਸ਼ਣ ਦੇ ਸਰੋਤਾਂ ਵਿੱਚ ਗੱਡੀਆਂ 52 ਫ਼ੀਸਦ, ਰਿਹਾਇਸ਼ੀ ਸਰਗਰਮੀਆਂ 13 ਫ਼ੀਸਦ, ਦਿੱਲੀ ਦੇ ਉਦਯੋਗ 11 ਫ਼ੀਸਦ, ਨਿਰਮਾਣ ਕਾਰਜ 7ਫ਼ੀਸਦ, ਊਰਜਾ ਦੀ ਵਰਤੋਂ 5 ਫ਼ੀਸਦ, ਕੂੜਾ ਸਾੜਨ ਦਾ ਹਿੱਸਾ 5 ਫ਼ੀਸਦ, ਧੂੜ ਦਾ ਹਿੱਸਾ 4 ਫ਼ੀਸਦ ਹੀ ਹੁੰਦਾ ਹੈ। ਮਾਹਿਰਾਂ ਮੁਤਾਬਕ ਪ੍ਰਦੂਸ਼ਣ ਸਰੋਤਾਂ ’ਤੇ ਕੰਟਰੋਲ ਅਜੇ ਵੀ ਨਾਕਾਫ਼ੀ ਹੈ। ਜੇਕਰ ਸਰਦੀਆਂ ਦੀ ਸ਼ੁਰੂਆਤ ਵਿੱਚ ਹਵਾ ਦੀ ਗੁਣਵੱਤਾ ਸਾਫ਼ ਹੁੰਦੀ ਅਤੇ ਪਰਾਲੀ ਸਾੜਨ ਅਤੇ ਪਟਾਕਿਆਂ ਤੋਂ ਪ੍ਰਦੂਸ਼ਣ ਵਿੱਚ ਅਚਾਨਕ ਵਾਧੇ ਨੂੰ ਰੋਕਿਆ ਜਾਂਦਾ ਤਾਂ ਮੌਸਮੀ ਤਬਦੀਲੀਆਂ ਇੰਨੀਆਂ ਗੰਭੀਰ ਪ੍ਰਦੂਸ਼ਣ ਪੈਦਾ ਨਹੀਂ ਕਰਦੀਆਂ। ਉਨ੍ਹਾਂ ਮੁਤਾਬਕ ਜਦੋਂ ਤੱਕ ਸੜਕਾਂ ’ਤੇ ਵਾਹਨਾਂ ਦੀ ਕੁੱਲ ਗਿਣਤੀ ਨੂੰ ਘਟਾਉਣ, ਜਨਤਕ ਆਵਾਜਾਈ ਨੂੰ ਮਜ਼ਬੂਤ ਕਰਨ ਅਤੇ ਪੂਰੇ ਐਨਸੀਆਰ ਵਿੱਚ ਸਾਲ ਭਰ ਸਖ਼ਤ ਉਪਾਅ ਕਰਨ ਲਈ ਕੋਈ ਰਣਨੀਤੀ ਨਹੀਂ ਅਪਣਾਈ ਜਾਂਦੀ, ਦਿੱਲੀ ਲਈ ਇਸ ਦਮ ਘੁੱਟਣ ਵਾਲੀ ਸਥਿਤੀ ਤੋਂ ਬਚਣਾ ਮੁਸ਼ਕਲ ਹੋਵੇਗਾ।
Posted inNew Delhi
Delhi Pollution: ਦਿੱਲੀ ਦੀ ਹਵਾ ਸਾਫ਼ ਹੋਣ ਦੀ ਬਜਾਏ ਹੋਰ ਜ਼ਹਿਰੀਲੀ ਹੋਈ

