ਅਮਰੀਕੀ ਸਿਆਸਤ ‘ਚ ਭਾਰਤੀ ਮੂਲ ਦੇ ਆਗੂਆਂ ਦਾ ਦਬਦਬਾ: ਸ਼ਾਹ ਅਤੇ ਡਾਂਡੀਆ ‘ਨਿਊ ਡੈਮੋਕ੍ਰੇਟਿਕ ਕੋਲੀਸ਼ਨ’ ’ਚ ਸ਼ਾਮਲ

ਅਮਰੀਕੀ ਸਿਆਸਤ ‘ਚ ਭਾਰਤੀ ਮੂਲ ਦੇ ਆਗੂਆਂ ਦਾ ਦਬਦਬਾ: ਸ਼ਾਹ ਅਤੇ ਡਾਂਡੀਆ ‘ਨਿਊ ਡੈਮੋਕ੍ਰੇਟਿਕ ਕੋਲੀਸ਼ਨ’ ’ਚ ਸ਼ਾਮਲ

ਵਾਸ਼ਿੰਗਟਨ : ਨਵੇਂ ਚੁਣੇ ਗਏ ਭਾਰਤੀ-ਅਮਰੀਕੀ ਸੰਸਦ ਮੈਂਬਰ ਅਮੀਸ਼ ਸ਼ਾਹ ਅਤੇ ਪੀਆ ਡਾਂਡੀਆ ‘ਨਿਊ ਡੈਮੋਕ੍ਰੇਟ ਕੋਲੀਸ਼ਨ’ ਵਿੱਚ ਸ਼ਾਮਲ ਹੋ ਗਏ ਹਨ, ਜਿਸ ਦੇ ਹੁਣ 142 ਮੈਂਬਰ ਹੋ ਗਏ ਹਨ, ਜਿਸ ਨਾਲ ਇਹ ਮੱਧਮਾਰਗੀ (ਸੈਂਟਰਿਸਟ) ਸਮੂਹ ਪਾਰਟੀ ਦੇ ਅੰਦਰ ਸਭ ਤੋਂ ਵੱਡਾ ਵਿਚਾਰਧਾਰਕ ਧੜਾ ਬਣ ਗਿਆ ਹੈ। ਬ੍ਰੈਡ ਸ਼ਨਾਈਡਰ ਦੀ ਅਗਵਾਈ ਵਾਲੇ ‘ਨਿਊ ਡੈਮੋਕ੍ਰੇਟ ਕੋਲੀਸ਼ਨ’ ਨੇ ਮੰਗਲਵਾਰ ਨੂੰ 40 ਨਵੇਂ ਚੁਣੇ ਗਏ ਮੈਂਬਰਾਂ ਨੂੰ ਇਸ ਸਮੂਹ ਵਿੱਚ ਸ਼ਾਮਲ ਕੀਤਾ, ਜੋ ਕਿ ਇਸ ਦੇ 30 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਵਾਧਾ ਹੈ। ਸ਼ਨਾਈਡਰ ਨੇ ਇੱਕ ਬਿਆਨ ਵਿੱਚ ਕਿਹਾ, “ਜਦੋਂ ਮੈਂ 2012 ਵਿੱਚ ਪਹਿਲੀ ਵਾਰ ਕਾਂਗਰਸ ਵਿੱਚ ਆਇਆ ਸੀ, ਤਾਂ ਨਿਊ ਡੈਮਜ਼ ਦੇ 43 ਮੈਂਬਰ ਸਨ। ਚੌਦਾਂ ਸਾਲਾਂ ਬਾਅਦ, ਨਿਊ ਡੈਮਜ਼ ਨੂੰ 40 ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ, ਜੋ ਸਾਡਾ ਹੁਣ ਤੱਕ ਦਾ ਸਭ ਤੋਂ ਵੱਡਾ ਨਵਾਂ ਬੈਚ ਹੈ, ਅਤੇ ਹੁਣ ਸਾਡੇ ਮੈਂਬਰਾਂ ਦੀ ਗਿਣਤੀ 142 ਹੋ ਗਈ ਹੈ।”

ਡੈਮੋਕ੍ਰੇਟਿਕ ਪਾਰਟੀ ਦੇ ਅੰਦਰ ਦੂਜੇ ਪ੍ਰਮੁੱਖ ਧੜੇ — ਪ੍ਰਗਤੀਸ਼ੀਲ (ਪ੍ਰੋਗਰੈਸਿਵਜ਼) — ਦੇ 100 ਤੋਂ ਵੱਧ ਮੈਂਬਰ ਹਨ ਅਤੇ ਇਸ ਦੀ ਅਗਵਾਈ ਟੈਕਸਾਸ ਤੋਂ ਕਾਂਗਰਸਮੈਨ ਗ੍ਰੇਗ ਕੈਸਰ ਕਰ ਰਹੇ ਹਨ, ਜਿਸ ਵਿੱਚ ਸੰਸਦ ਮੈਂਬਰ ਇਲਹਾਨ ਉਮਰ, ਪ੍ਰਮਿਲਾ ਜੈਪਾਲ ਅਤੇ ਰੋ ਖੰਨਾ ਸ਼ਾਮਲ ਹਨ।

ਸ਼ਾਹ ਅਤੇ ਡਾਂਡੀਆ ਤੋਂ ਇਲਾਵਾ ਨਿਊ ਡੈਮੋਕ੍ਰੇਟ ਕੋਲੀਸ਼ਨ ਵਿੱਚ ਅਮੀ ਬੇਰਾ, ਸੁਹਾਸ ਸੁਬਰਾਮਨੀਅਮ, ਸ੍ਰੀ ਥਾਣੇਦਾਰ ਅਤੇ ਰਾਜਾ ਕ੍ਰਿਸ਼ਨਾਮੂਰਤੀ ਵੀ ਮੈਂਬਰ ਹਨ।

ਥਾਣੇਦਾਰ ਅਤੇ ਕ੍ਰਿਸ਼ਨਾਮੂਰਤੀ ਨਵੇਂ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦਾ ਹਿੱਸਾ ਨਹੀਂ ਹਨ ਜੋ 3 ਜਨਵਰੀ ਨੂੰ ਅਹੁਦਾ ਸੰਭਾਲੇਗਾ, ਕਿਉਂਕਿ ਉਹ ਕ੍ਰਮਵਾਰ ਹਾਊਸ ਅਤੇ ਸੈਨੇਟ ਲਈ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਹਾਰ ਗਏ ਸਨ।

ਸ਼ਾਹ, ਜੋ ਕਿ ਇੱਕ ਐਮਰਜੈਂਸੀ ਮੈਡੀਸਨ ਡਾਕਟਰ ਅਤੇ ਐਰੀਜ਼ੋਨਾ ਹਾਊਸ ਦੇ ਤਿੰਨ ਵਾਰ ਮੈਂਬਰ ਰਹਿ ਚੁੱਕੇ ਹਨ, ਦੀਆਂ ਪਰਿਵਾਰਕ ਜੜ੍ਹਾਂ ਗੁਜਰਾਤ ਨਾਲ ਜੁੜੀਆਂ ਹੋਈਆਂ ਹਨ।

ਸ਼ਿਕਾਗੋ ਵਿੱਚ ਜਨਮੇ ਸ਼ਾਹ ਦੇ ਮਾਪੇ 1960 ਦੇ ਦਹਾਕੇ ਵਿੱਚ ਅਮਰੀਕਾ ਆ ਕੇ ਵਸ ਗਏ ਸਨ। ਉਨ੍ਹਾਂ ਨੇ ਨੌਰਥਵੈਸਟਰਨ ਯੂਨੀਵਰਸਿਟੀ ਤੋਂ ਆਪਣੀ ਅੰਡਰਗ੍ਰੈਜੂਏਟ ਡਿਗਰੀ ਅਤੇ ਮੈਡੀਕਲ ਸਿੱਖਿਆ ਵਿੱਚ ਆਨਰਜ਼ ਪ੍ਰੋਗਰਾਮ ਦੇ ਹਿੱਸੇ ਵਜੋਂ ਨੌਰਥਵੈਸਟਰਨ ਯੂਨੀਵਰਸਿਟੀ ਮੈਡੀਕਲ ਸਕੂਲ ਤੋਂ ਆਪਣੀ ਮੈਡੀਕਲ ਡਿਗਰੀ ਹਾਸਲ ਕੀਤੀ।

ਸ਼ਾਹ ਦੇ ਪਿਤਾ ਜੈਨ ਹਨ ਅਤੇ ਉਨ੍ਹਾਂ ਦੀ ਮਾਤਾ ਹਿੰਦੂ ਹਨ। ਉਨ੍ਹਾਂ ਨੂੰ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਬਰਕਲੇ ਤੋਂ ਪਬਲਿਕ ਹੈਲਥ ਵਿੱਚ ਮਾਸਟਰ ਡਿਗਰੀ ਹਾਸਲ ਕਰਨ ਲਈ ਪੂਰੀ ਮੈਰਿਟ ਸਕਾਲਰਸ਼ਿਪ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਨਿਊਯਾਰਕ ਸਿਟੀ ਦੇ ਸਭ ਤੋਂ ਵਿਅਸਤ ਲੈਵਲ-1 ਟਰਾਮਾ ਸੈਂਟਰ ਵਿੱਚ ਐਮਰਜੈਂਸੀ ਮੈਡੀਸਨ ਵਿੱਚ ਰੈਜ਼ੀਡੈਂਸੀ ਸਿਖਲਾਈ ਪ੍ਰਾਪਤ ਕੀਤੀ। ਫਲੋਰੀਡਾ ਦੀ ਪਾਮ ਬੀਚ ਕਾਉਂਟੀ ਵਿੱਚ ਜਨਮੀ ਅਤੇ ਪਲੀ ਡਾਂਡੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਅਧਿਆਪਕ ਵਜੋਂ ਕੀਤੀ ਸੀ ਅਤੇ ਉਹ ਹਾਰਲੇਮ ਵਿੱਚ ਇੱਕ ਹਾਈ ਸਕੂਲ ਦੀ ਪ੍ਰਿੰਸੀਪਲ ਵੀ ਰਹੀ। 1997 ਵਿੱਚ ਸਥਾਪਿਤ, ਨਿਊ ਡੈਮੋਕ੍ਰੇਟ ਕੋਲੀਸ਼ਨ ਨਵੀਨਤਾਕਾਰੀ, ਸਮਾਵੇਸ਼ੀ ਅਤੇ ਅਗਾਂਹਵਧੂ ਨੀਤੀਆਂ ਨੂੰ ਅੱਗੇ ਵਧਾਉਣ ਲਈ ਸਾਰੀਆਂ ਧਿਰਾਂ ਅਤੇ ਕੈਪੀਟਲ ਵਿੱਚ ਮਿਲ ਕੇ ਕੰਮ ਕਰਦਾ ਹੈ।

Share: