ਮੋਦੀ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ: Sonia Gandhi

ਮੋਦੀ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ: Sonia Gandhi

ਨਵੀਂ ਦਿੱਲੀ : ਕਾਂਗਰਸ ਸੰਸਦੀ ਦਲ ਦੀ ਆਗੂ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਅਤੇ ਇਹ ਸਰਕਾਰ ਜ਼ਿਆਦਾ ਦੇਰ ਸੱਤਾ ਵਿੱਚ ਨਹੀਂ ਰਹੇਗੀ। ਸਰਕਾਰ ਦੀਆਂ ਕਾਰਵਾਈਆਂ ਉਸ ਦੀ ਘਬਰਾਹਟ ਅਤੇ ਅਸੁਰੱਖਿਆ ਨੂੰ ਦਰਸਾਉਂਦੀਆਂ ਹਨ। ਇਹ ਦਾਅਵਾ ਉਨ੍ਹਾਂ ਨੇ ਆਪਣੀ ਸਵੈ-ਜੀਵਨੀ ‘ਬਿਲੌਂਗਿੰਗ : ਏ ਜਰਨੀ ਆਫ ਲਵ’ ਵਿੱਚ ਕੀਤਾ ਹੈ। ਇਹ ਕਿਤਾਬ ਮੰਗਲਵਾਰ ਨੂੰ ਰਿਲੀਜ਼ ਕੀਤੀ ਗਈ ਸੀ।526 ਸਫ਼ਿਆਂ ਦੀ ਇਸ ਕਿਤਾਬ ਵਿੱਚ ਸੋਨੀਆ ਗਾਂਧੀ ਨੇ ਆਪਣੀ ਜ਼ਿੰਦਗੀ, ਰਾਜੀਵ ਗਾਂਧੀ ਨਾਲ ਮੁਲਾਕਾਤ, ਉਨ੍ਹਾਂ ਦੀ ਹੱਤਿਆ ਅਤੇ ਸਿਆਸਤ ਵਿੱਚ ਆਉਣ ਸਮੇਤ ਕਈ ਅਹਿਮ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਦੇ ਨੌਜਵਾਨਾਂ ਵਿੱਚ ਨਿਆਂ, ਬਰਾਬਰੀ ਅਤੇ ਜ਼ੁਲਮ ਨੂੰ ਖ਼ਤਮ ਕਰਨ ਦੀ ਇੱਛਾ ਵਧ ਰਹੀ ਹੈ। ਉਨ੍ਹਾਂ ਭਰੋਸਾ ਜਤਾਇਆ ਹੈ ਕਿ ਆਉਣ ਵਾਲੀ ਪੀੜ੍ਹੀ ਦੇਸ਼ ਦੀ ਜਮਹੂਰੀਅਤ ਅਤੇ ਆਜ਼ਾਦੀ ਦੀ ਰਾਖੀ ਕਰੇਗੀ। ਉਨ੍ਹਾਂ ਕਿਤਾਬ ’ਚ ਮੁਲਕ ਦੇ ਮੌਜੂਦਾ ਸਿਆਸੀ ਹਾਲਾਤ, ਲੋਕਤੰਤਰ, ਵਿਰੋਧੀ ਧਿਰ ਭੂਮਿਕਾ ਅਤੇ ਭਾਜਪਾ ਅਤੇ ਆਰ ਐੱਸ ਐੱਸ ਦੀ ਵਿਚਾਰਧਾਰਾ ਬਾਰੇ ਵੀ ਵਿਚਾਰ ਪ੍ਰਗਟ ਕੀਤੇ ਹਨ। ਸਾਬਕਾ ਕਾਂਗਰਸ ਪ੍ਰਧਾਨ ਦਾ ਕਹਿਣਾ ਹੈ ਕਿ ਸਰਕਾਰ ਭਾਵੇਂ ਆਪਣੀ ਸੱਤਾ ਅਤੇ ਲੋਕਾਂ ’ਚ ਲੋਕਪ੍ਰਿਆ ਹੋਣ ਦਾ ਦਾਅਵਾ ਕਰ ਰਹੀ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਸਿਆਸੀ ਹਾਲਾਤ ਬਦਲ ਰਹੇ ਹਨ। ਉਨ੍ਹਾਂ ਅਨੁਸਾਰ ਮੁੱਖ ਧਾਰਾ ਦਾ ਮੀਡੀਆ ਪਹਿਲਾਂ ਵਾਂਗ ਹੀ ਪੱਖਪਾਤੀ ਬਣਿਆ ਹੋਇਆ ਹੈ, ਪਰ ਸਰਕਾਰ ਦੀ ਕਾਰਵਾਈ ਉਸ ਦੀ ਅਸੁਰੱਖਿਆ ਨੂੰ ਜ਼ਾਹਰ ਕਰਦੀ ਹੈ।

ਸੋਨੀਆ ਗਾਂਧੀ ਨੇ ਕਿਤਾਬ ’ਚ ਦੋਸ਼ ਲਾਇਆ ਹੈ ਕਿ ਸਰਕਾਰ ਸੰਸਦ ਵਿੱਚ ਚੀਨ ਵੱਲੋਂ ਸਰਹੱਦੀ ਇਲਾਕਿਆਂ ’ਤੇ ਕਬਜ਼ੇ, ਘੱਟਗਿਣਤੀਆਂ ਦੇ ਅਧਿਕਾਰਾਂ, ਸੰਘੀ ਢਾਂਚੇ ਅਤੇ ਨਾਗਰਿਕਾਂ ਦੀ ਨਿੱਜਤਾ ਵਰਗੇ ਅਹਿਮ ਮੁੱਦਿਆਂ ’ਤੇ ਚਰਚਾ ਤੋਂ ਬਚਦੀ ਰਹੀ ਹੈ। ਉਨ੍ਹਾਂ ਵੋਟਰ ਸੂਚੀਆਂ ਵਿੱਚ ਕਥਿਤ ਗੜਬੜ, ਵਧਦੀ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਭਾਜਪਾ ਅਤੇ ਆਰ ਐੱਸ ਐੱਸ ਦੀ ਫੁੱਟਪਾਊ ਸਿਆਸਤ ਅਤੇ ਇੱਕ ਧਰਮ ਤੇ ਇੱਕ ਭਾਸ਼ਾ ਥੋਪਣ ਦੀ ਕੋਸ਼ਿਸ਼ ਦਾ ਭਾਰਤ ਦੀ ਵਿਭਿੰਨਤਾ ਵੱਲੋਂ ਵਿਰੋਧ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਅਨੁਸਾਰ ਤਾਨਾਸ਼ਾਹੀ ਰੁਝਾਨਾਂ ਵਿਰੁੱਧ ਲੋਕਾਂ ਦਾ ਵਿਰੋਧ ਵਧ ਰਿਹਾ ਹੈ। 2024 ਵਾਲੀਆਂ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਸੋਨੀਆ ਨੇ ਕਿਹਾ ਹੈ ਕਿ ‘ਇੰਡੀਆ’ ਬਲਾਕ ਨੇ ਭਾਜਪਾ ਦੀ ਅਜੇਤੂ ਰਹਿਣ ਦੀ ਧਾਰਨਾ ਨੂੰ ਤੋੜਿਆ। ਭਾਜਪਾ 240 ਸੀਟਾਂ ਹੀ ਜਿੱਤ ਸਕੀ, ਜਦਕਿ ਬਹੁਮਤ ਲਈ 272 ਸੀਟਾਂ ਲੋੜੀਂਦੀਆਂ ਸਨ। ਐੱਨ ਡੀ ਏ ਨੇ 293 ਅਤੇ ‘ਇੰਡੀਆ’ ਬਲਾਕ ਨੇ 235 ਸੀਟਾਂ ਹਾਸਲ ਕੀਤੀਆਂ। ਉਨ੍ਹਾਂ ਉਮੀਦ ਜਤਾਈ ਕਿ ਮੁਲਕ ਦੇ ਨੌਜਵਾਨ ਅਨਿਆਂ ਅਤੇ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਜਾਰੀ ਰੱਖਣਗੇ।

ਸੋਨੀਆ ਨੇ ‘ਸੁਪਰ ਪੀ ਐੱਮ’ ਬਣਨ ਲਈ ਪੀ ਐੱਮ ਦਾ ਅਹੁਦਾ ਛੱਡਿਆਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਦੀ ਸਵੈ-ਜੀਵਨੀ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਲਈ ਉਨ੍ਹਾਂ ’ਤੇ ਤਿੱਖਾ ਹਮਲਾ ਕੀਤਾ ਹੈ। ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਤਨਜ਼ ਕੱਸਦਿਆਂ ਕਿਹਾ ਕਿ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ (ਪੀ ਐੱਮ) ਦਾ ਅਹੁਦਾ ਸਵੀਕਾਰ ਨਾ ਕਰਨ ਦਾ ‘ਮਹਾਂ ਤਿਆਗ’ ਸਿਰਫ਼ ‘ਸੁਪਰ ਪੀ ਐੱਮ’ ਬਣਨ ਲਈ ਕੀਤਾ ਸੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੋਨੀਆ ਨੇ ਯੂ ਪੀ ਏ ਸਰਕਾਰ ਦੌਰਾਨ ਕੌਮੀ ਸਲਾਹਕਾਰ ਕੌਂਸਲ ਦੀ ਚੇਅਰਪਰਸਨ ਬਣ ਕੇ ਕੈਬਨਿਟ ਮੰਤਰੀ ਦੇ ਬਰਾਬਰ ਦਾ ਦਰਜਾ ਹਾਸਲ ਕੀਤਾ ਸੀ। ਤ੍ਰਿਵੇਦੀ ਨੇ ਦਾਅਵਾ ਕੀਤਾ ਕਿ 1999 ਵਿੱਚ ਵੀ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਸੀ, ਪਰ ਉਨ੍ਹਾਂ ਨੂੰ ਸਹਿਯੋਗੀ ਪਾਰਟੀਆਂ ਦੀ ਹਮਾਇਤ ਨਹੀਂ ਮਿਲੀ। ਭਾਜਪਾ ਆਗੂ ਨੇ ਐਮਰਜੈਂਸੀ ਬਾਰੇ ਸੋਨੀਆ ਦੇ ਦਾਅਵਿਆਂ ਨੂੰ ਵੀ ਗ਼ਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੇ 1985 ਵਿੱਚ ਐਮਰਜੈਂਸੀ ਨੂੰ ਸਹੀ ਕਦਮ ਦੱਸਿਆ ਸੀ। ਉਨ੍ਹਾਂ ਸੋਨੀਆ ਦੀ ਕਿਤਾਬ ਵਿੱਚ ਅੰਨਾ ਹਜ਼ਾਰੇ ਅੰਦੋਲਨ ਅਤੇ ਆਰ ਐੱਸ ਐੱਸ ਦੀ ਸਥਾਪਨਾ ਸਬੰਧੀ ਦਿੱਤੇ ਵੇਰਵਿਆਂ ਨੂੰ ਵੀ ਤੱਥਾਂ ਪੱਖੋਂ ਗ਼ਲਤ ਦੱਸਦਿਆਂ ਕਿਹਾ ਕਿ ਲੇਖਿਕਾ ਨੇ ਢੁੱਕਵੀਂ ਖੋਜ ਨਹੀਂ ਕੀਤੀ।

ਸੋਨੀਆ ਦੇ ਦਾਅਵੇ ਅੰਨਾ ਹਜ਼ਾਰੇ ਤੇ ਜੇ ਡੀ (ਯੂ) ਨੇ ਖ਼ਾਰਜ ਕੀਤੇ

ਨਵੀਂ ਦਿੱਲੀ: ਕਾਂਗਰਸ ਆਗੂ ਸੋਨੀਆ ਗਾਂਧੀ ਦੀ ਸਵੈ-ਜੀਵਨੀ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਵਿੱਚ ਕੀਤੇ ਗਏ ਦਾਅਵਿਆਂ ਸਬੰਧੀ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਸਮਾਜ ਸੇਵੀ ਅੰਨਾ ਹਜ਼ਾਰੇ ਨੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ 2011-12 ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦਾ ਭਾਜਪਾ ਜਾਂ ਆਰ ਐੱਸ ਐੱਸ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਦੇਸ਼ ਸਭ ਤੋਂ ਪਹਿਲਾਂ ਹੈ ਅਤੇ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂ ਜੁੜੇ ਹਨ। ਉੱਧਰ, ਜਨਤਾ ਦਲ (ਯੂ) ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਬਾਰੇ ਸੋਨੀਆ ਗਾਂਧੀ ਦੀਆਂ ਟਿੱਪਣੀਆਂ ’ਤੇ ਨਾਰਾਜ਼ਗੀ ਜਤਾਈ ਹੈ। ਪਾਰਟੀ ਦੇ ਕੌਮੀ ਬੁਲਾਰੇ ਰਾਜੀਵ ਰੰਜਨ ਪ੍ਰਸਾਦ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਵਿਰੋਧੀ ਧਿਰ ਦੇ ‘ਇੰਡੀਆ’ ਗੱਠਜੋੜ ਦੀ ਕਾਇਮੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਸੋਨੀਆ ਗਾਂਧੀ ਦੀਆਂ ਟਿੱਪਣੀਆਂ ਨੂੰ ਨਾਵਾਜਬ ਦੱਸਿਆ ਹੈ।

Share: