IPL: ਹਾਰਦਿਕ ਤੇ ਅਰਸ਼ਦੀਪ ਦੀ ਅਦਲਾ ਬਦਲੀ

IPL: ਹਾਰਦਿਕ ਤੇ ਅਰਸ਼ਦੀਪ ਦੀ ਅਦਲਾ ਬਦਲੀ

ਨਵੀਂ ਦਿੱਲੀ : ਸ਼ਾਨਦਾਰ ਹਰਫ਼ਨਮੌਲਾ ਖਿਡਾਰੀ ਹਾਰਦਿਕ ਪੰਡਿਆ 18 ਕਰੋੜ ਰੁਪਏ ਦੀ ਵਧੀ ਹੋਈ ਫੀਸ ਨਾਲ ਮੁੰਬਈ ਇੰਡੀਅਨਜ਼ ਤੋਂ ਪੰਜਾਬ ਕਿੰਗਜ਼ ਵਿੱਚ ਸ਼ਾਮਲ ਹੋ ਗਿਆ ਹੈ, ਜਦਕਿ ਪੰਜਾਬ ਕਿੰਗਜ਼ ਨੇ ਉਸ ਦੇ ਬਦਲੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਮੁੰਬਈ ਦੀ ਟੀਮ ਨੂੰ ਸੌਂਪ ਦਿੱਤਾ। ਇਸ ਤਰ੍ਹਾਂ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੇ ਇਤਿਹਾਸ ਵਿੱਚ ਖਿਡਾਰੀਆਂ ਦੀ ਸਭ ਤੋਂ ਵੱਡੀ ਅਤੇ ਚਰਚਿਤ ਅਦਲਾ ਬਦਲੀ ਦਾ ਅਮਲ ਪੂਰਾ ਹੋ ਗਿਆ ਹੈ।

ਆਈ ਪੀ ਐੱਲ ਦੇ ਬਿਆਨ ਅਨੁਸਾਰ ਪੰਡਿਆ ਦੀ ਮੌਜੂਦਾ ਫੀਸ 16.35 ਕਰੋੜ ਰੁਪਏ ਸੀ। ਦੂਜੇ ਪਾਸੇ ਅਰਸ਼ਦੀਪ 18 ਕਰੋੜ ਰੁਪਏ ਦੀ ਉਸੇ ਕੀਮਤ ’ਤੇ ਮੁੰਬਈ ਟੀਮ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਪਹਿਲਾਂ, ਚੇਨੱਈ ਸੁਪਰ ਕਿੰਗਜ਼ ਨੇ ਇਸ ਸਾਲ ਰਾਜਸਥਾਨ ਰੌਇਲਜ਼ ਤੋਂ ਸੰਜੂ ਸੈਮਸਨ ਨੂੰ 18 ਕਰੋੜ ਰੁਪਏ ਵਿੱਚ ਹਾਸਲ ਕੀਤਾ ਸੀ। ਰਾਜਸਥਾਨ ਰੌਇਲਜ਼ ਨੇ ਵੱਟੇ ਵਿੱਚ ਚੇਨੱਈ ਸੁਪਰ ਕਿੰਗਜ਼ ਤੋਂ ਰਵਿੰਦਰ ਜਡੇਜਾ ਨੂੰ 14 ਕਰੋੜ ਰੁਪਏ ਅਤੇ ਸੈਮ ਕਰਨ ਨੂੰ 2.4 ਕਰੋੜ ਰੁਪਏ ਵਿੱਚ ਪ੍ਰਾਪਤ ਕੀਤਾ। ਟਰਾਂਸਫਰ ਫੀਸ ਦੋ ਫਰੈਂਚਾਇਜ਼ੀਆਂ ਦਰਮਿਆਨ ਦੁਵੱਲਾ ਸਮਝੌਤਾ ਹੁੰਦੀ ਹੈ ਅਤੇ ਇਹ ਰਿਟੈਂਸ਼ਨ ਫੀਸ (ਉਹ ਤਨਖ਼ਾਹ ਜੋ ਫਰੈਂਚਾਇਜ਼ੀ ਵੱਲੋਂ ਖਿਡਾਰੀ ਨੂੰ ਦਿੱਤੀ ਜਾਂਦੀ ਹੈ) ਤੋਂ ਵੱਖਰੀ ਹੁੰਦੀ ਹੈ। 2015 ਵਿੱਚ ਪਹਿਲੀ ਵਾਰ ਮੁੰਬਈ ਇੰਡੀਅਨਜ਼ ਨਾਲ ਜੁੜਨ ਵਾਲੇ ਪੰਡਿਆ ਨੇ 2015, 2017, 2019 ਅਤੇ 2020 ਵਿੱਚ ਟੀਮ ਦੀਆਂ ਖ਼ਿਤਾਬੀ ਜਿੱਤਾਂ ਦੌਰਾਨ ਬੱਲੇ ਅਤੇ ਗੇਂਦ, ਦੋਵਾਂ ਨਾਲ ਅਹਿਮ ਭੂਮਿਕਾ ਨਿਭਾਈ ਸੀ। ਸੱਤ ਸੀਜ਼ਨਾਂ ਮਗਰੋਂ ਪੰਡਿਆ 2022 ਵਿੱਚ 15 ਕਰੋੜ ਦੀ ਕੀਮਤ ਨਾਲ ਗੁਜਰਾਤ ਟਾਈਟਨਜ਼ ਵਿੱਚ ਸ਼ਾਮਲ ਹੋ ਗਿਆ, ਪਰ 2024 ਵਿੱਚ 33 ਸਾਲਾ ਖਿਡਾਰੀ ਨੇ ਮੁੰਬਈ ਟੀਮ ’ਚ ਵਾਪਸੀ ਕੀਤੀ। ਉੱਧਰ, ਅਰਸ਼ਦੀਪ ਸਿੰਘ ਪੰਜਾਬ ਦੀ ਟੀਮ ਨਾਲ ਅੱਠ ਸੀਜ਼ਨ ਬਿਤਾਉਣ ਮਗਰੋਂ ਮੁੰਬਈ ਇੰਡੀਅਨਜ਼ ਵਿੱਚ ਗਿਆ ਹੈ। ਉਸ ਦੇ ਖਾਤੇ ਵਿੱਚ 111 ਆਈ ਪੀ ਐੱਲ ਵਿਕਟ ਹਨ।

Share: