ਪਾਕਿਸਤਾਨ ਨੂੰ ਫੌਜੀ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਭਾਰਤੀ ਜਲ ਸੈਨਾ ਦਾ ਜਵਾਨ ਗ੍ਰਿਫ਼ਤਾਰ

ਪਾਕਿਸਤਾਨ ਨੂੰ ਫੌਜੀ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਭਾਰਤੀ ਜਲ ਸੈਨਾ ਦਾ ਜਵਾਨ ਗ੍ਰਿਫ਼ਤਾਰ

ਕੋਇੰਬਟੂਰ : ਆਂਧਰਾ ਪ੍ਰਦੇਸ਼ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਸੈੱਲ ਨੇ ਪਾਕਿਸਤਾਨੀ ਖੂਫੀਆ ਏਜੰਸੀ ਨੂੰ ਸੰਵੇਦਨਸ਼ੀਲ ਫੌਜੀ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਭਾਰਤੀ ਜਲ ਸੈਨਾ ਦੇ ਇੱਕ 31 ਸਾਲਾ ਜਵਾਨ ਪ੍ਰਦੀਪ ਮੁਖਰਜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸਰੋਤਾਂ ਅਨੁਸਾਰ, ਇਹ ਮਾਮਲਾ ਸੋਸ਼ਲ ਮੀਡੀਆ ’ਤੇ ‘ਹਨੀ-ਟ੍ਰੈਪ’ (ਜਾਲ ‘ਚ ਫਸਾਉਣ) ਰਾਹੀਂ ਜਾਸੂਸੀ ਨਾਲ ਜੁੜਿਆ ਹੋਇਆ ਹੈ।

ਸੀ.ਆਈ. ਸੈੱਲ ਨੇ ਮੁਖਰਜੀ ਨੂੰ 3 ਅਕਤੂਬਰ ਨੂੰ ਕੋਇੰਬਟੂਰ ਸਥਿਤ ਜਲ ਸੈਨਾ ਦੇ ਲੀਡਰਸ਼ਿਪ ਸਿਖਲਾਈ ਕੇਂਦਰ ‘ਆਈ.ਐਨ.ਐਸ. ਅਗਰਾਨੀ’ (INS Agrani) ਤੋਂ ਹਿਰਾਸਤ ਵਿੱਚ ਲਿਆ। ਪੱਛਮੀ ਬੰਗਾਲ ਦਾ ਰਹਿਣ ਵਾਲਾ ਮੁਖਰਜੀ ਸਾਲ 2014 ਵਿੱਚ ਨੌਸੈਨਾ ਵਿੱਚ ਭਰਤੀ ਹੋਇਆ ਸੀ ਅਤੇ ਉਹ ਵਿਸ਼ਾਖਾਪਟਨਮ ਵਿੱਚ ‘ਈਸਟਰਨ ਨੇਵਲ ਕਮਾਂਡ’ ਵਿਖੇ ਤਾਇਨਾਤ ਸੀ। ਗ੍ਰਿਫ਼ਤਾਰੀ ਦੇ ਸਮੇਂ ਉਹ ਇੱਕ ਮੈਨੇਜਮੈਂਟ ਕੋਰਸ ਲਈ ਕੋਇੰਬਟੂਰ ਆਇਆ ਹੋਇਆ ਸੀ ਅਤੇ ਉੱਥੇ ਲਗਪਗ ਇੱਕ ਹਫ਼ਤੇ ਤੋਂ ਠਹਿਰਿਆ ਹੋਇਆ ਸੀ। ਜਾਣਕਾਰੀ ਮੁਤਾਬਕ, ਕੁਝ ਮਹੀਨੇ ਪਹਿਲਾਂ ਇੱਕ ਪਾਕਿਸਤਾਨੀ ਮਹਿਲਾ ਖੂਫੀਆ ਏਜੰਟ ਨੇ ਮੁਖਰਜੀ ਨਾਲ ਸੰਪਰਕ ਕੀਤਾ ਸੀ। ਸਮੇਂ ਦੇ ਨਾਲ, ਉਸ ਨੇ ਇੰਟਰਨੈੱਟ ਰਾਹੀਂ ਬਣਾਏ ਸਬੰਧਾਂ ਦਾ ਫਾਇਦਾ ਚੁੱਕ ਕੇ ਭਾਰਤੀ ਜਲ ਸੈਨਾ ਦੀਆਂ ਰਣਨੀਤਕ ਸੰਪਤੀਆਂ, ਜਹਾਜ਼ਾਂ ਦੀ ਆਵਾਜਾਈ ਅਤੇ ਵਿਸ਼ਾਖਾਪਟਨਮ ਬੇਸ ਦੇ ਕੰਮਕਾਜ ਨਾਲ ਜੁੜੀ ਬੇਹੱਦ ਸੰਵੇਦਨਸ਼ੀਲ ਜਾਣਕਾਰੀ ਹਾਸਲ ਕਰ ਲਈ। ਸੀ.ਆਈ. ਸੈੱਲ, ਜੋ ਕਿ ਸਰਹੱਦ ਪਾਰੋਂ ਹੁੰਦੀ ਜਾਸੂਸੀ ਅਤੇ ਅਤਿਵਾਦੀ ਖਤਰਿਆਂ ਨਾਲ ਨਜਿੱਠਣ ਵਾਲੀ ਇੱਕ ਵਿਸ਼ੇਸ਼ ਇਕਾਈ ਹੈ, ਨੇ ਜਵਾਨ ਦੀਆਂ ਸ਼ੱਕੀ ਡਿਜੀਟਲ ਗਤੀਵਿਧੀਆਂ ’ਤੇ ਨਜ਼ਰ ਰੱਖਣ ਤੋਂ ਬਾਅਦ ਇਹ ਕਾਰਵਾਈ ਕੀਤੀ।

Share: