“ਸਭ ਕੁਝ scripted ਸੀ”: ‘ਭਾਰਤ ਵਿੱਚ ਸ਼ਾਂਤੀ ਮਹਿਸੂਸ ਨਹੀਂ ਹੁੰਦੀ’ ਵਾਲੇ ਬਿਆਨ ’ਤੇ Sanjay Dutt ਨੇ ਦਿੱਤੀ ਸਫ਼ਾਈ

“ਸਭ ਕੁਝ scripted ਸੀ”: ‘ਭਾਰਤ ਵਿੱਚ ਸ਼ਾਂਤੀ ਮਹਿਸੂਸ ਨਹੀਂ ਹੁੰਦੀ’ ਵਾਲੇ ਬਿਆਨ ’ਤੇ Sanjay Dutt ਨੇ ਦਿੱਤੀ ਸਫ਼ਾਈ

ਨਵੀਂ ਦਿੱਲੀ : ਬੌਲੀਵੁੱਡ ਅਦਾਕਾਰ ਸੰਜੇ ਦੱਤ ਨੇ ‘ਸ਼ੇਖਰ ਟੂਨਾਈਟ’ ਸ਼ੋਅ ਦੌਰਾਨ ਦਿੱਤੇ ਆਪਣੇ ਬਿਆਨ “ਮੈਨੂੰ ਭਾਰਤ ਵਿੱਚ ਹੁਣ ਉਹ ਸ਼ਾਂਤੀ ਮਹਿਸੂਸ ਨਹੀਂ ਹੁੰਦੀ” ’ਤੇ ਸਫ਼ਾਈ ਦਿੱਤੀ ਹੈ। ਅਦਾਕਾਰ ਅਨੁਸਾਰ ਉਨ੍ਹਾਂ ਦੀਆਂ ਗੱਲਾਂ ਇੱਕ ਸਕਰਿਪਟਿਡ (ਲਿਖੇ ਹੋਏ) ਗੱਲਬਾਤ ਦਾ ਹਿੱਸਾ ਸਨ ਅਤੇ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਸ਼ੇਖਰ ਸੁਮਨ ਦੇ ਇਸ ਸ਼ੋਅ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ 67 ਸਾਲਾ ਅਦਾਕਾਰ ਨੂੰ ਸੋਸ਼ਲ ਮੀਡੀਆ ’ਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਵਿਵਾਦ ਵਧਦਾ ਦੇਖ ਕੇ ਸੰਜੇ ਦੱਤ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਮਕਸਦ ਕਿਸੇ ਵੀ ਵਿਅਕਤੀ, ਭਾਈਚਾਰੇ ਜਾਂ ਸੰਸਥਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੇਰੀਆਂ ਗੱਲਾਂ ਇੱਕ ਸਕਰਿਪਟਿਡ ਅਤੇ ਹਲਕੀ-ਫੁਲਕੀ ਗੱਲਬਾਤ ਦਾ ਹਿੱਸਾ ਸਨ।” ਉਨ੍ਹਾਂ ਅੱਗੇ ਕਿਹਾ, “ਇਸ ਗੱਲਬਾਤ ਦਾ ਮਕਸਦ ‘ਮੁੰਨਾ ਭਾਈ’ ਫ਼ਿਲਮ ਦੇ ‘ਗਾਂਧੀਗਿਰੀ’ ਵਾਲੇ ਅੰਦਾਜ਼ ਵਾਂਗ ਪਿਆਰ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦੇਣਾ ਸੀ। ਅਫ਼ਸੋਸ ਦੀ ਗੱਲ ਹੈ ਕਿ ਮੇਰੇ ਬੋਲਾਂ ਨੂੰ ਗ਼ਲਤ ਸੰਦਰਭ ਵਿੱਚ ਲਿਆ ਗਿਆ।” ਜ਼ਿਕਰਯੋਗ ਹੈ ਕਿ ਸ਼ੋਅ ਦੌਰਾਨ ਸੰਜੇ ਦੱਤ ਨੇ ਆਪਣੇ ਫ਼ਿਲਮੀ ਕਿਰਦਾਰ ‘ਮੁੰਨਾ ਭਾਈ’ ਦੇ ਰੂਪ ਵਿੱਚ ਗੱਲ ਕਰਦਿਆਂ ਕਿਹਾ ਸੀ ਕਿ ਜੇਕਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ ਤਾਂ ਉਹ ਜ਼ਿਆਦਾਤਰ ਸਮਾਂ ਦੇਸ਼ ਤੋਂ ਬਾਹਰ ਨਹੀਂ ਬਿਤਾਉਣਗੇ, ਭਾਈਚਾਰੇ ਨੂੰ ਉਤਸ਼ਾਹਿਤ ਕਰਨਗੇ ਅਤੇ ਆਪਣੀਆਂ ਤਸਵੀਰਾਂ ਦੀ ਜਗ੍ਹਾ ਹਰ ਪਾਸੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਲਗਾਉਣਗੇ।

Share: