ਕਾਠਮੰਡੂ : ਨੇਪਾਲ ’ਚ 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਨੇ ਗਾਲਛੀ ਅਤੇ ਤ੍ਰਿਸ਼ੂਲੀ ਇਲਾਕਿਆਂ ’ਚ ਭਾਰੀ ਤਬਾਹੀ ਮਚਾਈ ਹੈ। ਧਾਦਿੰਗ ਜ਼ਿਲ੍ਹੇ ਦੇ ਗਾਲਛੀ ’ਚ ਨਯਨ ਤਿਵਾੜੀ ਵਰਗੇ ਨੌਜਵਾਨ ਅਤੇ ਹੋਰ ਪਰਿਵਾਰ ਆਪਣੇ ਘਰਾਂ ਵਿੱਚੋਂ ਮਲਬਾ ਹਟਾ ਕੇ ਜ਼ਿੰਦਗੀ ਨੂੰ ਮੁੜ ਲੀਹਾਂ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਤਿਵਾੜੀ ਨੇ ਕਿਹਾ, ‘‘ਪਹਿਲਾਂ ਇੱਥੇ ਸਭ ਕੁਝ ਸੀ ਪਰ ਹੁਣ ਕੁਝ ਵੀ ਨਹੀਂ ਬਚਿਆ।’’
ਦੂਜੇ ਪਾਸੇ ਨੁਵਾਕੋਟ ਜ਼ਿਲ੍ਹੇ ’ਚ ਤ੍ਰਿਸ਼ੂਲੀ ਅਤੇ ਭੋਟੇਕੋਸ਼ੀ ਨਦੀਆਂ ਦੇ ਸੰਗਮ ਕਾਰਨ ਹਾਲਾਤ ਹੋਰ ਵੀ ਭਿਆਨਕ ਹਨ। ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਤਿਵਾੜੀ ਮਲਬਾ ਹਟਾ ਕੇ ਖਿੰਡੇ ਹੋਏ ਅਰਮਾਨ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਨਯਨ ਨੇ ਕਿਹਾ ਕਿ ਉਹ ਪਹਿਲਾਂ ਵਰਗਾ ਘਰ ਬਣਾਉਣ ਲਈ ਸਖ਼ਤ ਮਿਹਨਤ ਕਰੇਗਾ। ਪਾਣੀ ਦੇ ਜ਼ੋਰਦਾਰ ਵਹਾਅ ’ਚ ਉਥੋਂ ਦੇ 15 ਤੋਂ ਜ਼ਿਆਦਾ ਘਰ ਰੁੜ੍ਹ ਗਏ। ਜਦੋਂ ਹੜ੍ਹ ਆਏ ਸਨ ਤਾਂ ਨਿਵੀ ਕਾਠਮੰਡੂ ’ਚ ਸੀ ਅਤੇ ਜਦੋਂ ਘਰ ਪੁੱਜੀ ਤਾਂ ਖ਼ੌਫ਼ਨਾਕ ਮੰਜ਼ਰ ਸੀ। ਪਰਿਵਾਰ ਹੁਣ ਮਲਬਾ ਹਟਾ ਕੇ ਘਰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰਿਵਾਰ ਰਾਹਤ ਸਮੱਗਰੀ ’ਤੇ ਨਿਰਭਰ ਹੈ। ਸਥਾਨਕ ਵਾਸੀ ਰਾਜੂ ਅਮਾਤਿਆ ਮੁਤਾਬਕ ਹੜ੍ਹ ਦੌਰਾਨ ਪਾਣੀ ਦਾ ਪੱਧਰ 30 ਮੀਟਰ ਤੱਕ ਉਪਰ ਚਲਾ ਗਿਆ ਸੀ ਜਿਸ ਕਾਰਨ ਤ੍ਰਿਸ਼ੂਲੀ, ਧੁੰਗੇ ਬਾਜ਼ਾਰ ਅਤੇ ਦੇਵੀਘਾਟ ਸਮੇਤ ਪੰਜ ਬਾਜ਼ਾਰਾਂ ਦੇ 500 ਤੋਂ ਵੱਧ ਘਰ, ਸਕੂਲ ਅਤੇ ਕੇਂਦਰੀ ਜੇਲ੍ਹ ਵੀ ਮਲਬੇ ਹੇਠ ਦੱਬ ਗਈ ਜਾਂ ਰੁੜ੍ਹ ਗਈ। ਹਾਲਾਂਕਿ ਪ੍ਰਸ਼ਾਸਨ ਨੇ 45 ਮਿੰਟ ਪਹਿਲਾਂ ਅਲਰਟ ਜਾਰੀ ਕਰ ਦਿੱਤਾ ਸੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਲੋਕਾਂ ਨੂੰ ਸੰਭਲਣ ਦਾ ਸਮਾਂ ਨਹੀਂ ਮਿਲਿਆ। ਹੁਣ ਪ੍ਰਭਾਵਿਤ ਲੋਕ ਰਾਹਤ ਸਮੱਗਰੀ ਦੇ ਸਹਾਰੇ ਆਪਣੇ ਉੱਜੜੇ ਘਰਾਂ ਨੂੰ ਮੁੜ ਵਸਾਉਣ ਅਤੇ ਆਪਣੇ ਬਚਪਨ ਦੀਆਂ ਯਾਦਾਂ ਸਾਂਭਣ ਲਈ ਸੰਘਰਸ਼ ਕਰ ਰਹੇ ਹਨ।

