ਨਵੀਂ ਦਿੱਲੀ : ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੀ ਪ੍ਰਮੁੱਖ ਅਧਿਕਾਰੀ ਦਿਵਿਆ ਮਿੱਤਲ ਨੇ 13 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇੱਕ ਭਾਵੁਕ ਪੋਸਟ ਲਿਖ ਕੇ ਆਪਣੇ ਇਸ ਫੈਸਲੇ ਦੀ ਵਜ੍ਹਾ ਅਤੇ ਅਧਿਕਾਰੀ ਵਜੋਂ ਬਿਤਾਏ ਸਮੇਂ ਦੇ ਅਨੁਭਵਾਂ ਨੂੰ ਦੇਸ਼ ਵਾਸੀਆਂ ਨਾਲ ਸਾਂਝਾ ਕੀਤਾ ਹੈ। ਆਪਣੀ ਪੋਸਟ ਵਿੱਚ ਦਿਵਿਆ ਮਿੱਤਲ ਨੇ ਲਿਖਿਆ ਕਿ ਇੱਕ ਆਮ ਪਰਿਵਾਰ ਵਿੱਚ ਪਲਣ ਕਰਕੇ ਉਨ੍ਹਾਂ ਨੇ ਇੱਕ ਸਫਲ ਜ਼ਿੰਦਗੀ ਦਾ ਸੁਪਨਾ ਦੇਖਿਆ ਸੀ। ਆਈ.ਆਈ.ਟੀ. ਦਿੱਲੀ (IIT Delhi) ਅਤੇ ਆਈ.ਆਈ.ਐੱਮ. ਬੈਂਗਲੁਰੂ (IIM Bangalore) ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੰਡਨ ਵਿੱਚ ਇੱਕ ਬਿਹਤਰ ਨੌਕਰੀ ਮਿਲ ਗਈ ਸੀ, ਪਰ ਸਭ ਕੁਝ ਹਾਸਲ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਦੇਸ਼ ਤੋਂ ਦੂਰ ਰਹਿਣਾ ਰੜਕਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਿੱਦਿਆ ਅਤੇ ਆਤਮ-ਵਿਸ਼ਵਾਸ ’ਤੇ ਦੇਸ਼ ਦੀ ਮਿੱਟੀ ਦਾ ਕਰਜ਼ ਸੀ, ਜਿਸ ਨੂੰ ਚੁਕਾਉਣ ਲਈ ਉਹ ਭਾਰਤ ਵਾਪਸ ਪਰਤ ਆਈ।
ਅਧਿਕਾਰੀ ਨੇ ਆਪਣੇ ਵੱਖ-ਵੱਖ ਜ਼ਿਲ੍ਹਿਆਂ ਦੇ ਕਾਰਜਕਾਲ ਨੂੰ ਯਾਦ ਕਰਦਿਆਂ ਲਿਖਿਆ ਕਿ ਦੇਵਰੀਆ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਸਿੱਖਿਆ ਕਿ ਸੱਚ ਦੇ ਨਾਲ ਖੜ੍ਹਨਾ ਕੋਈ ਵਿਕਲਪ ਨਹੀਂ ਸਗੋਂ ਫਰਜ਼ ਹੈ। ਮੀਰਜ਼ਾਪੁਰ ਦੇ ਕਾਰਜਕਾਲ ਨੇ ਉਨ੍ਹਾਂ ਨੂੰ ਸਿਖਾਇਆ ਕਿ ‘ਅਸੰਭਵ’ ਕੋਈ ਤੱਥ ਨਹੀਂ ਸਗੋਂ ਇੱਕ ਰਾਏ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਫਾਈਲਾਂ ਦੇ ਪਿੱਛੇ ਇੱਕ ਇਨਸਾਨ ਹੁੰਦਾ ਹੈ ਅਤੇ ਉਸ ਦੀ ਗਰਿਮਾ (ਸਤਿਕਾਰ) ਬਣਾਏ ਰੱਖਣਾ ਹੀ ਅਸਲ ਇਨਸਾਫ਼ ਹੈ। ਕਿਸੇ ਗਰੀਬ ਨੂੰ ਜ਼ਮੀਨ ਦਾ ਹੱਕ ਦਿਵਾਉਣਾ, ਦਿਵਿਆਂਗ ਨੂੰ ਸਨਮਾਨ ਅਤੇ ਕਿਸਾਨ ਦੇ ਖੇਤ ਤੱਕ ਪਾਣੀ ਪਹੁੰਚਾਉਣਾ ਹੀ ਉਨ੍ਹਾਂ ਦੇ ਜੀਵਨ ਨੂੰ ਸਭ ਤੋਂ ਵੱਡਾ ਸਕੂਨ ਦਿੰਦਾ ਰਿਹਾ ਹੈ।
ਲਹੁਰੀਆ ਦਹ ਪਹਾੜੀ ਦੇ ਇੱਕ ਪਿੰਡ ਵਿੱਚ ਪਹਿਲੀ ਵਾਰ ਪਾਣੀ ਪਹੁੰਚਣ ਦਾ ਭਾਵੁਕ ਕਿੱਸਾ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ ਇੱਕ ਬਜ਼ੁਰਗ ਔਰਤ ਨੇ ਕੰਬਦੇ ਹੱਥਾਂ ਨਾਲ ਉਨ੍ਹਾਂ ਦੇ ਸਿਰ ’ਤੇ ਆਸ਼ੀਰਵਾਦ ਦਿੱਤਾ ਸੀ। ਦਿਵਿਆ ਮਿੱਤਲ ਨੇ ਕਿਹਾ, “ਅੱਜ ਅਹੁਦਾ ਭਾਵੇਂ ਛੁੱਟ ਗਿਆ ਹੈ, ਪਰ ਉਹ ਅਸ਼ੀਰਵਾਦੀ ਅਹਿਸਾਸ ਅਤੇ ਦੇਸ਼ ਦੀ ਮਿੱਟੀ ਤੋਂ ਮਿਲਿਆ ਸੁਪਨਾ ਪੂਰੀ ਜ਼ਿੰਦਗੀ ਮੇਰੇ ਨਾਲ ਰਹੇਗਾ।” ਉਨ੍ਹਾਂ ਆਪਣੇ ਸਾਥੀਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦਾ ਸਾਥ ਦਿੱਤਾ।

