Canadian Army ਵਧਾਏਗੀ ਡਰੋਨ ਸਮਰੱਥਾ, ਨਵੇਂ ਮਾਨਵ-ਰਹਿਤ ਸਿਸਟਮਾਂ ਲਈ ਟੈਂਡਰ ਜਾਰੀ

Canadian Army ਵਧਾਏਗੀ ਡਰੋਨ ਸਮਰੱਥਾ, ਨਵੇਂ ਮਾਨਵ-ਰਹਿਤ ਸਿਸਟਮਾਂ ਲਈ ਟੈਂਡਰ ਜਾਰੀ

ਵਿਨੀਪੈੱਗ : ਯੂਕਰੇਨ ਦੀ ਜੰਗ ਤੋਂ ਮਿਲੇ ਸਬਕ ਤੋਂ ਬਾਅਦ ਕੈਨੇਡੀਅਨ ਫ਼ੌਜ ਆਪਣੀ ਡਰੋਨ ਸਮਰੱਥਾ ਨੂੰ ਤੇਜ਼ੀ ਨਾਲ ਵਧਾਉਣ ਦੀ ਤਿਆਰੀ ਕਰ ਰਹੀ ਹੈ। ਫੈਡਰਲ ਸਰਕਾਰ ਨੇ ਫ਼ੌਜ ਲਈ ਨਵੀਂਆਂ ਬਿਨਾਂ ਮਨੁੱਖੀ ਚਾਲਕ ਵਾਲੀਆਂ ਪ੍ਰਣਾਲੀਆਂ ਵਿਕਸਤ ਕਰਨ ਵਾਸਤੇ ਟੈਂਡਰ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਨਿਗਰਾਨੀ, ਟੋਹ, ਸਮਾਨ ਅਤੇ ਗੋਲਾ-ਬਾਰੂਦ ਪਹੁੰਚਾਉਣ ਵਾਲੇ ਡਰੋਨ ਸ਼ਾਮਲ ਹਨ।

ਇਹ ਯਤਨ ਕੈਨੇਡੀਅਨ ਆਰਮੀ ਦੀ MINERVA ਪਹਿਲਕਦਮੀ ਦਾ ਹਿੱਸਾ ਹੈ। ਫ਼ੌਜ ਮੁਤਾਬਕ ਇਸ ਤਹਿਤ ਸਿਰਫ਼ ਹਵਾਈ ਡਰੋਨ ਹੀ ਨਹੀਂ, ਸਗੋਂ ਜ਼ਮੀਨੀ ਅਤੇ ਪਾਣੀ ’ਤੇ ਚੱਲਣ ਵਾਲੀਆਂ ਬਿਨਾਂ ਮਨੁੱਖੀ ਚਾਲਕ ਪ੍ਰਣਾਲੀਆਂ ਵੀ ਵਿਕਸਤ ਕੀਤੀਆਂ ਜਾਣੀਆਂ ਹਨ। ਇਨ੍ਹਾਂ ਦਾ ਮਕਸਦ ਜਵਾਨਾਂ ਨੂੰ ਅੱਗੇ ਹੋ ਕੇ ਟੋਹ ਲੈਣ, ਸਪਲਾਈ ਪਹੁੰਚਾਉਣ ਅਤੇ ਲੋੜ ਪੈਣ ’ਤੇ ਨਿਸ਼ਾਨਿਆਂ ’ਤੇ ਹਮਲਾ ਕਰਨ ਦੀ ਸਮਰੱਥਾ ਦੇਣਾ ਹੈ।
ਤਾਜ਼ਾ ਸਰਕਾਰੀ ਚੈਲੰਜਾਂ ਵਿੱਚ ਖ਼ਾਸ ਤੌਰ ’ਤੇ ਇੰਟੈਲੀਜੈਂਸ, ਸਰਵੇ ਲੈਸ ਐਂਡ ਰੀਕਾਨੈਸਾਂਸ (ISR) ਲਈ ਡਰੋਨ ਅਤੇ ਜ਼ਮੀਨੀ ਨਿਗਰਾਨੀ ਤੇ ਟੋਹ ਲਈ ਅਨਕ੍ਰਿਊਡ ਗਰਾਊਂਡ ਸਿਸਟਮ ਮੰਗੇ ਗਏ ਹਨ।
24 ਅਗਸਤ ਨੂੰ ਖੋਲ੍ਹੇ ਗਏ ISR ਚੈਲੰਜ ਵਿੱਚ ਕੈਨੇਡੀਅਨ ਆਰਮੀ ਨੇ ਅਜਿਹੀ ਪ੍ਰਣਾਲੀ ਦੀ ਮੰਗ ਕੀਤੀ ਹੈ ਜੋ ਜੰਗੀ ਹਾਲਾਤਾਂ ਵਿੱਚ ਖ਼ੁਫ਼ੀਆ ਜਾਣਕਾਰੀ ਇਕੱਠੀ ਕਰ ਸਕੇ। ਇਸ ਦੌੜ ਦਾ ਇੱਕ ਅਹਿਮ ਪੱਖ ਆਰਕਟਿਕ ਵੀ ਹੈ। ਕੈਨੇਡਾ ਨੂੰ ਅਜਿਹੀਆਂ ਡਰੋਨ ਪ੍ਰਣਾਲੀਆਂ ਦੀ ਲੋੜ ਹੈ ਜੋ ਬਹੁਤ ਠੰਢੇ ਅਤੇ ਔਖੇ ਮੌਸਮ ਵਿੱਚ ਵੀ ਕੰਮ ਕਰ ਸਕਣ। ਇਸ ਦੇ ਨਾਲ ਫ਼ੌਜ ਦੀ ਨਜ਼ਰ ਅਜਿਹੀਆਂ ਪ੍ਰਣਾਲੀਆਂ ’ਤੇ ਹੈ ਜੋ ਜਵਾਨਾਂ ਤੱਕ ਸਮਾਨ ਜਾਂ ਗੋਲਾ-ਬਾਰੂਦ ਪਹੁੰਚਾ ਸਕਣ, ਤਾਂ ਜੋ ਖ਼ਤਰਨਾਕ ਇਲਾਕਿਆਂ ਵਿੱਚ ਮਨੁੱਖੀ ਸਪਲਾਈ ਮਿਸ਼ਨਾਂ ਦੀ ਲੋੜ ਘਟੇ।
ਕੈਨੇਡੀਅਨ ਫ਼ੌਜ ਨੇ ਇਸ ਖੇਤਰ ਵਿੱਚ ਸਥਾਨਕ ਉਦਯੋਗ ਨੂੰ ਵੀ ਕੇਂਦਰ ਵਿੱਚ ਰੱਖਿਆ ਹੈ। ਫ਼ੌਜ ਦਾ ਕਹਿਣਾ ਹੈ ਕਿ MINERVA ਦਾ ਟੀਚਾ ਕੈਨੇਡੀਅਨ ਸਮਗਰੀ ਅਤੇ ਤਕਨਾਲੋਜੀ ਦੀ ਹਿੱਸੇਦਾਰੀ ਵਧਾਉਣਾ ਹੈ। ਸਰਕਾਰ ਘੱਟ ਲਾਗਤ, ਤੇਜ਼ੀ ਨਾਲ ਵੱਡੇ ਪੱਧਰ ’ਤੇ ਉਤਪਾਦਨ ਅਤੇ ਖ਼ਾਸ ਫ਼ੌਜੀ ਲੋੜਾਂ ਮੁਤਾਬਕ ਪ੍ਰਣਾਲੀਆਂ ਵਿਕਸਤ ਕਰਨ ਲਈ ਸਥਾਨਕ ਕੰਪਨੀਆਂ ਅਤੇ ਯੂਨੀਵਰਸਿਟੀਆਂ ਨਾਲ ਕੰਮ ਕਰ ਰਹੀ ਹੈ।
ਇਹ ਨੀਤੀ 23 ਜੁਲਾਈ ਨੂੰ ਐਲਾਨੀ Defence Drone Initiative ਨਾਲ ਵੀ ਜੁੜੀ ਹੋਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਪਹਿਲਕਦਮੀ ਰਾਹੀਂ ਕੈਨੇਡੀਅਨ ਉਦਯੋਗ ਦੀ ਮਦਦ ਨਾਲ ਡਰੇਨਾਂ ਅਤੇ ਖ਼ੁਦਮੁਖ਼ਤਿਆਰ ਪ੍ਰਣਾਲੀਆਂ ਦੀ ਵਿਕਾਸ, ਟੈਸਟਿੰਗ ਅਤੇ ਉਤਪਾਦਨ ਪ੍ਰਕਿਰਿਆ ਤੇਜ਼ ਕੀਤੀ ਜਾਵੇਗੀ।

ਕੈਨੇਡੀਅਨ ਫ਼ੌਜ ਹੁਣ ਡਰੇਨਾਂ ਨੂੰ ਸਿਰਫ਼ ਤਕਨੀਕੀ ਸਾਧਨ ਨਹੀਂ, ਸਗੋਂ ਭਵਿੱਖ ਦੇ ਜੰਗੀ ਮੈਦਾਨ ਵਿੱਚ ਜਵਾਨਾਂ ਦੀ ਸੁਰੱਖਿਆ ਅਤੇ ਕਾਰਵਾਈ ਦੀ ਸਮਰੱਥਾ ਵਧਾਉਣ ਵਾਲੇ ਅਹਿਮ ਹਥਿਆਰ ਵਜੋਂ ਦੇਖ ਰਹੀ ਹੈ। ਹਾਲ ਹੀ ਵਿੱਚ ਫ਼ੌਜ ਨੇ ਅਲਬਰਟਾ ਵਿੱਚ FPV ਡਰੋਨ ਆਪ੍ਰੇਟਰਾਂ ਦੀ ਸਿਖਲਾਈ ਵੀ ਸ਼ੁਰੂ ਕੀਤੀ ਹੈ। ਯੂਕਰੇਨ ਵਿੱਚ ਡਰੇਨਾਂ ਦੀ ਵਧਦੀ ਭੂਮਿਕਾ ਨੇ ਕੈਨੇਡਾ ਨੂੰ ਇਹ ਸਪਸ਼ਟ ਸੰਕੇਤ ਦਿੱਤਾ ਹੈ ਕਿ ਭਵਿੱਖ ਦੀ ਜੰਗ ਵਿੱਚ ਗਿਣਤੀ, ਘੱਟ ਲਾਗਤ ਅਤੇ ਤੇਜ਼ੀ ਨਾਲ ਨਵੀਂ ਤਕਨਾਲੋਜੀ ਅਪਣਾਉਣ ਦੀ ਸਮਰੱਥਾ ਵੀ ਰਵਾਇਤੀ ਹਥਿਆਰਾਂ ਜਿੰਨੀ ਮਹੱਤਵਪੂਰਨ ਹੋਵੇਗੀ।

Share: