ਵੈਨਕੂਵਰ : ਕੈਨੇਡਾ ਦੇ ਉਂਟਾਰੀਓ ਸੂਬੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅੰਧਵਿਸ਼ਵਾਸ ਅਤੇ ਵਹਿਮ-ਭਰਮ ਦੇ ਚੱਕਰ ਵਿੱਚ ਫਸੇ ਇੱਕ ਭਾਰਤੀ ਮੂਲ ਦੇ ਪਰਿਵਾਰ ਨਾਲ ਵੱਡਾ ਧੋਖਾ ਹੋਇਆ। ਘਰ ਵਿੱਚ ਮੌਜੂਦ ਨਕਾਰਾਤਮਕ ਊਰਜਾ ਜਾਂ ਬਦ ਰੂਹਾਂ ਦੇ ਪਰਛਾਵਿਆਂ ਤੋਂ ਛੁਟਕਾਰਾ ਪਾਉਣ ਲਈ ਜਿਸ ਪੁਜਾਰੀ ਨੂੰ ਪਰਿਵਾਰ ਨੇ ਸ਼ਰਧਾ ਨਾਲ ਘਰ ਸੱਦਿਆ ਸੀ, ਉਸੇ ’ਤੇ ਘਰ ਦੀ ਹੀ ਇੱਕ ਔਰਤ ਨਾਲ ਜਬਰ-ਜਨਾਹ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪੁਜਾਰੀ ਨੂੰ ਕਾਬੂ ਕਰ ਲਿਆ ਹੈ।
ਪੁਲੀਸ ਨੇ ਦੱਸਿਆ ਕਿ ਉਸ ਨੂੰ ਔਸ਼ਵਾ ਦੀ ਹਾਰਮੋਨੀ ਰੋਡ ਅਤੇ ਕੋਲਿਨ ਰੋਡ ਕਰਾਸਿੰਗ ਨੇੜੇ ਘਰ ਵਿੱਚ ਕੁਝ ਸ਼ੱਕੀ ਹੋਣ ਕਰਕੇ ਬੁਲਾਇਆ ਗਿਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦਾ ਪਰਿਵਾਰ ਬਦ ਰੂਹਾਂ ਦੀ ਪਕੜ ਵਿੱਚ ਹੈ, ਜਿਸ ਤੋਂ ਨਿਜਾਤ ਪਾਉਣ ਲਈ ਕਿਸੇ ਵਲੋਂ ਪਾਈ ਦੱਸ ਦੇ ਅਧਾਰ ਤੇ ਉਨ੍ਹਾਂ ਨਿਊ ਯਾਰਕ ਦੇ ਇੱਕ ਪੁਜਾਰੀ, ਪੰਡਤ ਰਜਿੰਦਰਨਾਥ ਦੁੱਧਨਾਥ ਮਹਾਰਾਜ (50) ਦੀਆਂ ਸੇਵਾਵਾਂ ਲੈਣ ਲਈ ਉਸ ਨੂੰ ਆਪਣੇ ਘਰ ਔਸ਼ਵਾ ਬੁਲਾਇਆ ਸੀ।
ਪੁਜਾਰੀ ਨੇ ਪਰਿਵਾਰ ਦੀ ਗੱਲ ਸੁਨਣ ਮਗਰੋਂ ਘਰ ਦੀ ਇੱਕ ਔਰਤ ਉੱਤੇ ਬਦ-ਰੂਹਾਂ ਦਾ ਪਹਿਰਾ ਹੋਣ ਬਾਰੇ ਕਿਹਾ। ਉਸ ਨੇ ਔਰਤ ਦਾ ਇਲਾਜ ਇਕਾਂਤ ਥਾਂ ਤੇ ਲਿਜਾ ਕੇ ਕੀਤੇ ਜਾਣ ਬਾਰੇ ਕਿਹਾ ਅਤੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਔਰਤ ਨੂੰ ਉੱਥੇ ਲੈ ਗਿਆ। ਦੋਸ਼ ਹਨ ਕਿ ਉਸ ਨੇ ਔਰਤ ਨੂੰ ਡਰਾ ਧਮਕਾ ਕੇ ਉਸ ਨਾਲ ਜਿਨਸੀ ਛੇੜਛਾੜ ਕੀਤੀ ਜਿਸ ਮਗਰੋਂ ਔਰਤ ਵੱਲੋਂ ਰੌਲਾ ਪਾਏ ਜਾਣ ਉੱਤੇ ਪਰਿਵਾਰ ਨੇ ਪੁਲੀਸ ਨੂੰ ਸੂਚਨਾ ਦਿੱਤੀ। ਪਰਿਵਾਰ ਵਲੋਂ ਜਿਨਸੀ ਛੇੜਛਾੜ ਦੇ ਦੋਸ਼ ਲਾਉਣ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਰਿਚਮੰਡ ਹਿੱਲ ਨਿਊ ਯੌਰਕ ਦਾ ਰਹਿਣ ਵਾਲਾ ਹੈ, ਜਿਸ ਨੂੰ ਅਗਲੇ ਦਿਨੀਂ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।
