ਵੈਨਕੂਵਰ : ਮੌਂਟਰੀਅਲ ਹਵਾਈ ਅੱਡੇ ਤੋਂ ਕੇਂਦਰੀ ਪੁਲੀਸ ਨੇ ਏਅਰ ਕੈਨੇਡਾ ਦੇ ਗਰਾਉਂਡ ਡਿਊਟੀ ਕਰਦੇ ਦੋ ਮੁਲਾਜ਼ਮਾਂ ਨੂੰ ਨਸ਼ਾ ਤਸਕਰ ਗਰੋਹਾਂ ਨਾਲ ਭਾਈਵਾਲੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਦੋਵੇਂ ਗਰਾਉਂਡ ਡਿਊਟੀ ’ਤੇ ਲੱਗੇ ਹੋਏ ਸਨ। ਉਹ ਮੈਕਸੀਕੋ ਤੋਂ ਕੈਨੇਡਾ ਅਤੇ ਕੈਨੇਡਾ ਤੋਂ ਮੈਕਸੀਕੋ ਦੇ ਯਾਤਰੀਆਂ ਦੇ ਬੈਗ ਆਪਣੇ ਸਹਿਯੋਗੀਆਂ ਦੇ ਨਸ਼ੇ ਵਾਲੇ ਬੈਗ ਦੇ ਟੈਗ ਬਦਲ ਕੇ ਬਾਹਰ ਲੰਘਣ ਤੋਂ ਬਾਦ ਉਸਦਾ ਟੈਗ ਅਸਲ ਟੈਗ ਨਾਲ ਬਦਲ ਲੈਂਦੇ ਸੀ।
ਪੁਲੀਸ ਵਲੋਂ ਹਵਾਈ ਜਹਾਜ਼ ਅਤੇ ਹਵਾਈ ਅੱਡੇ ਦੀ ਵਰਤੋਂ ਕਰਕੇ ਨਸ਼ਾ ਤਸਕਰੀ ਕਰਨ ਦੇ ਦੋਸ਼ ਲਾਏ ਗਏ ਹਨ। ਅਧਿਕਾਰੀਆਂ ਗਰੇਟਰ ਮੌਂਟਰੀਅਲ ਸਥਿਤ ਦੋਹਾਂ ਦੇ ਘਰਾਂ, ਵਾਹਨਾਂ ਅਤੇ ਕੰਮ ਵਾਲੇ ਕੁਝ ਸਥਾਨਾਂ ਦੀ ਵੀ ਤਲਾਸ਼ੀ ਲਈ ਗਈ ਹੈ, ਜਿੱਥੋਂ ਕੁਝ ਇਤਰਾਜ਼ਯੋਗ ਵਸਤੁਆਂ ਮਿਲਣ ਬਾਰੇ ਦੱਸਿਆ ਗਿਆ ਹੈ।
ਪੁਲੀਸ ਦਾ ਕਹਿਣਾ ਹੈ ਕਿ ਏਅਰ ਲਾਇਨ ਵੱਲੋਂ ਮਾਮਲੇ ਦੀ ਜਾਂਚ ਵਿੱਚ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਮੈਕਸੀਕੋ ਸਥਿਤ ਉਨ੍ਹਾਂ ਦੇ ਸਾਥੀਆਂ ਦਾ ਪਤਾ ਲਾਇਆ ਜਾ ਰਿਹਾ ਹੈ, ਜੋ ਉਥੇ ਚੈੱਕਇੰਨ ਹੋਣ ਤੋਂ ਬਾਅਦ ਨਸ਼ੀ ਪਦਾਰਥਾਂ ਵਾਲੇ ਬੈਗਾਂ ਦੇ ਟੈਗ ਕਿਸੇ ਹੋਰ ਦੇ ਨਾਲ ਬਦਲਦੇ ਸੀ। ਦੋਵੇਂ ਮੁਲਾਜ਼ਮ ਮੈਕਸੀਕੋ ਤੋਂ ਕੈਨੇਡਾ ਭੇਜੀ ਜਾਂਦੀ ਕੋਕੀਨ ਅਤੇ ਕੈਨੇਡਾ ਤੋਂ ਮੈਕਸੀਕੋ ਨੂੰ ਭੇਜੀ ਜਾਂਦੀ ਅੱਵਲ ਦਰਜੇ ਦੀ ਭੰਗ ਭੇਜਣ ਵਾਲੇ ਗਰੋਹਾਂ ਨਾਲ ਜੁੜੇ ਹੋਏ ਸਨ।
ਰਾਇਲ ਕੈਨੇਡਾ ਮਾਂਉਟਿਡ ਪੁਲੀਸ ਦਾ ਕਹਿਣਾ ਸੀ ਕਿ ਲੰਘੇ ਸਮੇਂ ਕਈ ਲੋਕਾਂ ਨੂੰ ਬੈਗਾਂ ਤੇ ਲੱਗੇ ਉਨ੍ਹਾਂ ਦੇ ਨਾਂਅ ਵਾਲੇ ਟੈਗਾਂ ਦੇ ਅਧਾਰ ਤੇ ਡਰੱਗ ਤਸਕਰੀ ਦੋਸ਼ਾਂ ਹੇਠ ਫੜਿਆ ਗਿਆ। ਪਰ ਉਹ ਲੋਕ ਵਾਰ ਵਾਰ ਬੈਗ ਉਨ੍ਹਾਂ ਦੇ ਨਾ ਹੋਣ ਦਾ ਦਾਅਵਾ ਕਰਦੇ ਸੀ। ਇਸ ਤੋਂ ਪੁਲੀਸ ਨੂੰ ਸ਼ੱਕ ਹੋਇਆ ਅਤੇ ਮਾਮਲੇ ’ਤੇ ਅੱਖ ਰੱਖੀ ਜਾ ਰਹੀ ਸੀ। ਆਖਿਰ ਅੱਜ ਦੋਹਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ। ਇਸ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

