ਚੰਡੀਗੜ੍ਹ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇੰਸਟਾਗ੍ਰਾਮ ‘ਤੇ ਜੇਨ-ਜ਼ੀ (Gen-Z) ਅਤੇ ਵਿਦਿਆਰਥੀਆਂ ਨਾਲ ਆਯੋਜਿਤ ‘ਆਸਕ ਮੀ ਐਨਿਥਿੰਗ’ (Ask Me Anything) ਸੈਸ਼ਨ ਦੌਰਾਨ ਆਪਣੇ ਪਸੰਦੀਦਾ ਭਾਜਪਾ ਨੇਤਾ ਦੇ ਨਾਮ ਦਾ ਖੁਲਾਸਾ ਕੀਤਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦਾ ਪਸੰਦੀਦਾ ਭਾਜਪਾ ਨੇਤਾ ਕੌਣ ਹੈ, ਤਾਂ ਰਾਹੁਲ ਗਾਂਧੀ ਨੇ ਬਿਨਾਂ ਝਿਝਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਿਆ ਅਤੇ ਉਨ੍ਹਾਂ ਨੂੰ ‘ਅੰਕਲ ਅਮਰਿੰਦਰ’ ਕਹਿ ਕੇ ਸੰਬੋਧਨ ਕੀਤਾ। ਰਾਹੁਲ ਗਾਂਧੀ ਦਾ ਇਹ ਜਵਾਬ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੁੱਖ ਮੰਤਰੀ ਰਹੇ ਹਨ। ਕਾਂਗਰਸ ਨਾਲ ਲੰਬੇ ਸਿਆਸੀ ਸਫ਼ਰ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾਈ ਅਤੇ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ।
ਅਮਰਿੰਦਰ ਸਿੰਘ ਨੇ ਵੀ ਰਾਹੁਲ ਨਾਲ ਰਿਸ਼ਤੇ ਦਾ ਕੀਤਾ ਸੀ ਜ਼ਿਕਰ
ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਰਾਹੁਲ ਗਾਂਧੀ ਨਾਲ ਆਪਣੇ ਨਿੱਜੀ ਸਬੰਧਾਂ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਇਸ ਸਾਲ ਉਨ੍ਹਾਂ ਦੇ ਜਨਮਦਿਨ ‘ਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਸਨ। ਅਮਰਿੰਦਰ ਸਿੰਘ ਮੁਤਾਬਕ, ਉਨ੍ਹਾਂ ਦੇ ਭਰਾ ਰਾਜਾ ਰਣਧੀਰ ਸਿੰਘ ਦੇ ਅਕਾਲ ਚਲਾਣੇ ’ਤੇ ਵੀ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਖ਼ੁਦ ਸੰਨੇਹਾ ਭੇਜ ਕੇ ਹਮਦਰਦੀ ਪ੍ਰਗਟ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਜਪਾ ਦੇ ਕਿਸੇ ਵੱਡੇ ਨੇਤਾ ਵੱਲੋਂ ਉਨ੍ਹਾਂ ਨੂੰ ਹਮਦਰਦੀ ਦਾ ਸੁਨੇਹਾ ਨਹੀਂ ਮਿਲਿਆ।
ਰਾਜੀਵ ਗਾਂਧੀ ਅਤੇ ਅਮਰਿੰਦਰ ਸਿੰਘ ਦੀ ਦੋਸਤੀ
ਰਾਹੁਲ ਗਾਂਧੀ ਦਾ ਕੈਪਟਨ ਅਮਰਿੰਦਰ ਸਿੰਘ ਨੂੰ ‘ਅੰਕਲ’ ਕਹਿਣਾ ਕੇਵਲ ਸਿਆਸੀ ਸ਼ਿਸ਼ਟਾਚਾਰ ਨਹੀਂ ਮੰਨਿਆ ਜਾ ਰਿਹਾ ਹੈ। ਇਸ ਦੇ ਪਿੱਛੇ ਗਾਂਧੀ ਪਰਿਵਾਰ ਅਤੇ ਪਟਿਆਲਾ ਸ਼ਾਹੀ ਘਰਾਣੇ ਵਿਚਕਾਰ ਦਹਾਕਿਆਂ ਪੁਰਾਣਾ ਨਿੱਜੀ ਸਬੰਧ ਵੀ ਹੈ।
ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇਹਰਾਦੂਨ ਦੇ ਡੂਨ ਸਕੂਲ ਵਿੱਚ ਇੱਕਠੇ ਪੜ੍ਹੇ ਸਨ। ਦੋਵਾਂ ਵਿਚਕਾਰ ਗੂੜ੍ਹੀ ਦੋਸਤੀ ਸੀ। ਕੈਪਟਨ ਅਮਰਿੰਦਰ ਸਿੰਘ ਮੁਤਾਬਕ ਰਾਜੀਵ ਗਾਂਧੀ ਦੇ ਕਹਿਣ ‘ਤੇ ਹੀ ਉਨ੍ਹਾਂ ਨੇ ਸਰਗਰਮ ਰਾਜਨੀਤੀ ਵਿੱਚ ਕਦਮ ਰੱਖਿਆ ਸੀ। ਉਹ 1980 ਵਿੱਚ ਕਾਂਗਰਸ ਦੀ ਟਿਕਟ ‘ਤੇ ਲੋਕ ਸਭਾ ਲਈ ਚੁਣੇ ਗਏ ਸਨ।
ਬਚਪਨ ਤੋਂ ਗਾਂਧੀ ਪਰਿਵਾਰ ਦੇ ਕਰੀਬ ਰਹੇ ਅਮਰਿੰਦਰ
ਕੈਪਟਨ ਅਮਰਿੰਦਰ ਸਿੰਘ ਲੰਬੇ ਸਮੇਂ ਤੋਂ ਗਾਂਧੀ ਪਰਿਵਾਰ ਦੇ ਕਰੀਬ ਰਹੇ ਹਨ। ਰਾਹੁਲ ਗਾਂਧੀ ਨੇ ਵੀ ਉਨ੍ਹਾਂ ਨੂੰ ਬਚਪਨ ਤੋਂ ਦੇਖਿਆ ਹੈ ਅਤੇ ਗਾਂਧੀ ਪਰਿਵਾਰ ਵਿੱਚ ਉਨ੍ਹਾਂ ਨੂੰ ਇੱਕ ਸੀਨੀਅਰ ਪਰਿਵਾਰਕ ਮੈਂਬਰ ਵਜੋਂ ਸਤਿਕਾਰ ਮਿਲਦਾ ਰਿਹਾ ਹੈ।
ਇਸੇ ਪਰਿਵਾਰਕ ਨਜ਼ਦੀਕੀ ਕਾਰਨ ਸਿਆਸੀ ਤੌਰ ‘ਤੇ ਦੋਵਾਂ ਦੇ ਵੱਖ-ਵੱਖ ਰਸਤੇ ਹੋਣ ਦੇ ਬਾਵਜੂਦ ਰਾਹੁਲ ਗਾਂਧੀ ਦਾ ਉਨ੍ਹਾਂ ਨੂੰ ‘ਅੰਕਲ ਅਮਰਿੰਦਰ’ ਕਹਿਣਾ ਖਾਸਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਅਮਰਿੰਦਰ ਸਿੰਘ ਜਿੱਥੇ ਹੁਣ ਭਾਜਪਾ ਵਿੱਚ ਹਨ, ਉੱਥੇ ਹੀ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਵਿੱਚ ਸ਼ਾਮਲ ਹਨ।

