ਮਨਪ੍ਰੀਤ ਇਆਲੀ ਨੇ ਚੁੱਕਿਆ ਮੁਲਾਜ਼ਮਾਂ ਦੇ DA ਦਾ ਮੁੱਦਾ

ਮਨਪ੍ਰੀਤ ਇਆਲੀ ਨੇ ਚੁੱਕਿਆ ਮੁਲਾਜ਼ਮਾਂ ਦੇ DA ਦਾ ਮੁੱਦਾ

ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਪੰਜਵੇਂ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਦੇ ਬਾਹਰ ਜ਼ੋਰਦਾਰ ਹੰਗਾਮਾ ਦੇਖਣ ਨੂੰ ਮਿਲਿਆ। ਵਿਧਾਨ ਸਭਾ ਦੇ ਬਾਹਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਨੇ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ, ਜਦਕਿ ਸਿਫ਼ਰ ਕਾਲ ਦੌਰਾਨ ਗ਼ੈਰ-ਕਾਨੂੰਨੀ ਮਾਈਨਿੰਗ ਅਤੇ ਅਫ਼ਸਰਾਂ ਦੀ ਪਦ-ਉੱਨਤੀ ਦਾ ਮੁੱਦਾ ਗਰਮਾਇਆ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮੁਲਾਜ਼ਮਾਂ ਦੇ ਡੀ.ਏ., ਪੁਰਾਣੀ ਪੈਨਸ਼ਨ ਸਕੀਮ ਅਤੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਮੁੱਦਾ ਚੁੱਕਿਆ, ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਖੇਤੀਬਾੜੀ ਵਿਕਾਸ ਬੈਂਕ ਦੇ ਸੇਵਾ-ਮੁਕਤ ਕਰਮਚਾਰੀਆਂ ਦੀ ਰੋਕੀ ਗਈ ਪੈਨਸ਼ਨ ਜਲਦ ਲਗਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪ੍ਰਸ਼ਨ ਕਾਲ ਦੌਰਾਨ ਸਰਕਾਰ ਵੱਲੋਂ ਰਾਏਕੋਟ ਵਿੱਚ ਸਕੂਲਾਂ ਦੀ ਨਵੀਨੀਕਰਨ ਯੋਜਨਾ, ਮਖੂ ਵਿੱਚ ਰੇਲਵੇ ਓਵਰ ਬ੍ਰਿਜ, ਜ਼ੀਰਾ ਵਿੱਚ ਨਵੀਆਂ ਲਿੰਕ ਸੜਕਾਂ, ਫ਼ਰੀਦਕੋਟ ਵਿੱਚ ਖਾਲਿਆਂ ਦੀ ਉਸਾਰੀ ਅਤੇ ਅਬੋਹਰ ਵਿੱਚ ਸੀਵਰੇਜ ਸੋਧ ਪ੍ਰੋਜੈਕਟ ਵਰਗੇ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਵੀ ਪੇਸ਼ ਕੀਤਾ ਗਿਆ।

ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਿਫ਼ਰ ਕਾਲ ਵਿੱਚ ਮੁਲਾਜ਼ਮਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਹਾਈ ਕੋਰਟ ਵੱਲੋਂ ਮੁਲਾਜ਼ਮਾਂ ਦੇ ਡੀ.ਏ. ਦੇ 15,000 ਕਰੋੜ ਰੁਪਏ ਦੇਣ ਦੇ ਹੁਕਮ ਦਿੱਤੇ ਗਏ ਹਨ, ਜੋ ਕਿ ਜਲਦ ਜਾਰੀ ਕੀਤੇ ਜਾਣ। ਇਸ ਦੇ ਨਾਲ ਹੀ ਇਆਲੀ ਨੇ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਤਨਖ਼ਾਹਾਂ ਤਾਂ ਵਧਾ ਦਿੱਤੀਆਂ ਗਈਆਂ ਸਨ, ਪਰ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ ਸੀ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਅਧਿਆਪਕਾਂ ਨੂੰ ਜਲਦ ਪੱਕਾ ਕੀਤਾ ਜਾਵੇ।

ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਖੇਤੀਬਾੜੀ ਵਿਕਾਸ ਬੈਂਕ ਦੇ ਮੁਲਾਜ਼ਮਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਬੈਂਕ ਵਿੱਚ 1130 ਮੁਲਾਜ਼ਮ ਸਨ। ਇਨ੍ਹਾਂ ਵਿੱਚੋਂ 147 ਮੁਲਾਜ਼ਮਾਂ ਦੀ ਉਮਰ 70 ਸਾਲ ਤੋਂ ਟੱਪ ਗਈ ਹੈ, ਪਰ ਹਾਲੇ ਤੱਕ ਉਨ੍ਹਾਂ ਦੀ ਪੈਨਸ਼ਨ ਨਹੀਂ ਲੱਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ 147 ਮੁਲਾਜ਼ਮਾਂ ਵਿੱਚੋਂ 13 ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਇਨ੍ਹਾਂ ਕਰਮਚਾਰੀਆਂ ਦੀ ਪੈਨਸ਼ਨ ਜਲਦ ਤੋਂ ਜਲਦ ਲਗਾਈ ਜਾਵੇ।

ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗ਼ੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਲੰਘੇ ਦਿਨ ਕੈਬਨਿਟ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਕਿਤੇ ਵੀ ਮਾਈਨਿੰਗ ਨਹੀਂ ਹੋ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਮੰਤਰੀ ਵੱਲੋਂ ਇੱਕ ਬੀ.ਡੀ.ਪੀ.ਓ. ਨੂੰ ਪਦ-ਉੱਨਤ ਕਰਕੇ ਡੀ.ਡੀ.ਪੀ.ਓ. ਅਤੇ ਏ.ਡੀ.ਸੀ. ਪ੍ਰਮੋਟ ਕੀਤਾ ਗਿਆ, ਜਿਸ ਨੇ 92 ਏਕੜ ਜ਼ਮੀਨ ਕੌੜੀਆਂ ਦੇ ਭਾਅ ਇੱਕ ਵਿਅਕਤੀ ਨੂੰ ਦੇ ਦਿੱਤੀ ਅਤੇ 28 ਫ਼ਰਵਰੀ ਨੂੰ ਸੇਵਾ-ਮੁਕਤ ਹੋ ਗਿਆ। ਇਸ ਸਬੰਧੀ ਜਦੋਂ ਰਾਜਪਾਲ ਨੂੰ ਪੱਤਰ ਲਿਖਿਆ ਗਿਆ ਤਾਂ ਉਸ ਪੱਤਰ ਦੇ ਆਧਾਰ ’ਤੇ 20 ਜੁਲਾਈ 2026 ਨੂੰ ਈ.ਡੀ. ਨੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ, ਪਰ ਸਰਕਾਰ ਦਾ ਅਜੇ ਵੀ ਇਹੋ ਕਹਿਣਾ ਹੈ ਕਿ ਸੂਬੇ ਵਿੱਚ ਕੋਈ ਮਾਈਨਿੰਗ ਨਹੀਂ ਹੋ ਰਹੀ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਹਲਕਾ ਰਾਏਕੋਟ ਦੇ ਦੋ ਸਕੂਲਾਂ ਵਿੱਚੋਂ ਡਾਕਟਰ ਦਵਾਰਕਾ ਨਾਥ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਈ 2.56 ਕਰੋੜ ਰੁਪਏ ਦਾ ਐਸਟੀਮੇਟ ਆਇਆ ਸੀ, ਜਿਸ ਵਿੱਚੋਂ 2.48 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ ਅਤੇ ਇਸ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਮਹਾਂਵੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਲਈ 1.09 ਕਰੋੜ ਰੁਪਏ ਦਾ ਐਸਟੀਮੇਟ ਤਿਆਰ ਕੀਤਾ ਗਿਆ ਹੈ, ਜਿਸ ਦਾ ਫੰਡ ਵੀ ਜਲਦ ਪ੍ਰਬੰਧਿਤ ਕੀਤਾ ਜਾਵੇਗਾ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਨੈਸ਼ਨਲ ਹਾਈਵੇਅ 54 ’ਤੇ ਹਲਕਾ ਜ਼ੀਰਾ ਦੇ ਕਸਬਾ ਮਖੂ ਵਿਖੇ ਬਣਨ ਵਾਲੇ ਰੇਲਵੇ ਓਵਰ ਬ੍ਰਿਜ ਦਾ 36 ਫ਼ੀਸਦ ਕੰਮ ਮੁਕੰਮਲ ਹੋ ਗਿਆ ਹੈ, ਜਿਸ ਨੂੰ 28 ਜੁਲਾਈ 2027 ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੁਕਾਨਾਂ ਅੱਗੇ ਬਣਨ ਵਾਲੀ ਕੰਧ ਦੀ ਸਮੱਸਿਆ ਨੂੰ ਹੱਲ ਕਰਵਾ ਦਿੱਤਾ ਜਾਵੇਗਾ। ਇਸ ’ਤੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਇਸ ਕੰਧ ਨਾਲ 150 ਦੁਕਾਨਦਾਰ ਪ੍ਰਭਾਵਿਤ ਹੋ ਰਹੇ ਹਨ।

Share: