ਸੁਲਤਾਨਪੁਰ ਲੋਧੀ : ਥਾਣਾ ਸੁਲਤਾਨਪੁਰ ਲੋਧੀ ਅਧੀਨ ਪੁਲੀਸ ਚੌਕੀ ਮੋਠਾਂਵਾਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਚੋਰੀ ਦੇ ਮਾਮਲੇ ਵਿੱਚ ਪੁੱਛ-ਪੜਤਾਲ ਲਈ ਲਿਆਂਦਾ ਪਿੰਡ ਮੁਹੱਬਲੀਪੁਰ ਵਾਸੀ ਸਾਹਿਲ ਕੁਮਾਰ ਉਰਫ਼ ਬਿੱਲੀ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਚੌਕੀ ਅੱਗੇ ਰੋਸ ਪ੍ਰਗਟ ਕਰਦਿਆਂ ਪੁਲੀਸ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਨੇ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਸਾਹਿਲ ਦਾ ਜਲਦ ਪਤਾ ਲਾਇਆ ਜਾਵੇ। ਪਰਿਵਾਰ ਵੱਲੋਂ ਕੁੱਟਮਾਰ ਦੇ ਦੋਸ਼ ਵੀ ਲਾਏ ਗਏ ਹਨ, ਜਿਨ੍ਹਾਂ ਨੂੰ ਪੁਲੀਸ ਨੇ ਨਕਾਰ ਦਿੱਤਾ ਹੈ। ਚੌਕੀ ਇੰਚਾਰਜ ਏ ਐੱਸ ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਵੱਲੋਂ ਘਰ ਵਿੱਚ ਹੋਈ ਚੋਰੀ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਦੇ ਆਧਾਰ ’ਤੇ ਸਾਹਿਲ ਨੂੰ ਪੁੱਛ ਪੜਤਾਲ ਲਈ ਲਿਆਂਦਾ ਗਿਆ ਸੀ। ਨੌਜਵਾਨ ਚੌਕੀ ਦੇ ਬਾਹਰ ਖੜ੍ਹੀ ਗੱਡੀ ਵਿੱਚੋਂ ਛਾਲ ਮਾਰ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਕਿਹਾ ਕਿ ਉਸ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।
Posted inKapurthala
ਪੁੱਛ-ਪੜਤਾਲ ਲਈ ਥਾਣੇ ਲਿਆਂਦਾ ਨੌਜਵਾਨ ਲਾਪਤਾ

