ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿੱਚ ਉਨ੍ਹਾਂ ਦਾ ਸੋਸ਼ਲ ਮੀਡੀਆ ਅਕਾਊਂਟ ਸੀਮਤ (ਰੋਕਿਆ) ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਮੇਟਾ (Meta) ਨੂੰ ਇਸ ਪਾਬੰਦੀ ਦਾ ਕਾਰਨ ਪੁੱਛਦਿਆਂ ਸਪੱਸ਼ਟੀਕਰਨ ਮੰਗਿਆ ਹੈ।
ਮੇਟਾ ਦਫ਼ਤਰ ਤੋਂ ਨਹੀਂ ਮਿਲਿਆ ਕੋਈ ਠੋਸ ਜਵਾਬ
‘ਐਕਸ’ (X) ’ਤੇ ਇੱਕ ਪੋਸਟ ਸਾਂਝੀ ਕਰਦਿਆਂ ਕੇਜਰੀਵਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਮੇਟਾ ਦੇ ਭਾਰਤੀ ਦਫ਼ਤਰ ਵਿੱਚ ਪਤਾ ਕੀਤਾ, ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਅਕਾਊਂਟ ਭਾਰਤ ਵਿੱਚ ਉਪਲੱਬਧ ਨਹੀਂ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਕੰਪਨੀ ਦੇ ਅਧਿਕਾਰੀਆਂ ਨੇ ਇਸ ਪਾਬੰਦੀ ਦਾ ਕੋਈ ਕਾਰਨ ਨਹੀਂ ਦੱਸਿਆ ਅਤੇ ਨਾ ਹੀ ਇਹ ਸਮਝਾਇਆ ਕਿ ਇਸ ਨੂੰ ਕਿਵੇਂ ਹਟਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਭੇਜੀਆਂ ਗਈਆਂ ਈਮੇਲਾਂ ਦਾ ਵੀ ਸਿਰਫ਼ ਰੁਟੀਨ ਜਵਾਬ ਹੀ ਮਿਲਿਆ ਹੈ।
ਮੇਟਾ ਵੱਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ
ਇਸ ਪੂਰੇ ਮਾਮਲੇ ’ਤੇ ਮੇਟਾ ਵੱਲੋਂ ਤੁਰੰਤ ਕੋਈ ਅਧਿਕਾਰਤ ਜਵਾਬ ਸਾਹਮਣੇ ਨਹੀਂ ਆਇਆ ਹੈ। ਕੇਜਰੀਵਾਲ ਨੇ ਆਪਣੇ ਅਕਾਊਂਟ ਦੇ ਸਟੇਟਸ ਪੇਜ ਦਾ ਇੱਕ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ, ਜਿਸ ਉੱਤੇ “Unavailable in some locations” (ਕੁਝ ਥਾਵਾਂ ‘ਤੇ ਉਪਲੱਬਧ ਨਹੀਂ) ਦਾ ਸੁਨੇਹਾ ਦਿਖਾਈ ਦੇ ਰਿਹਾ ਹੈ।
ਕੰਪਨੀ ਨੂੰ ਤਨਜ਼ ਕੱਸਦਿਆਂ ਕੀਤੀ ਸਖ਼ਤ ਟਿੱਪਣੀ
ਕੰਪਨੀ ਵੱਲੋਂ ਕੋਈ ਸਪੱਸ਼ਟ ਜਵਾਬ ਨਾ ਮਿਲਣ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਇਸ ਨੂੰ “ਕਾਫ਼ੀ ਮਾੜੀ ਸੇਵਾ” ਕਰਾਰ ਦਿੱਤਾ। ਉਨ੍ਹਾਂ ਆਪਣੀ ਪੋਸਟ ਵਿੱਚ ਲਿਖਿਆ, “ਪ੍ਰਧਾਨ ਮੰਤਰੀ ਦੇ ਸਾਹਮਣੇ ਇੰਨਾ ਨਾ ਝੁਕੋ, ਨਹੀਂ ਤਾਂ ਉਹ ਤੁਹਾਨੂੰ ਭਾਰਤ ਵਿੱਚ ਸਿਰਫ਼ ਆਪਣਾ ਅਕਾਊਂਟ ਚਲਾਉਣ ਦੀ ਹੀ ਇਜਾਜ਼ਤ ਦੇਣਗੇ।”

