ਸਕਿੱਟ ਵਿਵਾਦ ਬਾਰੇ ਪ੍ਰੈੱਸ ਕਾਨਫਰੰਸ ਕਰਦੇ Pappu Yadav ’ਤੇ ਚੱਪਲ ਸੁੱਟੀ

ਸਕਿੱਟ ਵਿਵਾਦ ਬਾਰੇ ਪ੍ਰੈੱਸ ਕਾਨਫਰੰਸ ਕਰਦੇ Pappu Yadav ’ਤੇ ਚੱਪਲ ਸੁੱਟੀ

ਨਵੀਂ ਦਿੱਲੀ : ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਦੇ ਘਰ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ ’ਤੇ ਚੱਪਲ ਸੁੱਟ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਯਾਦਵ ਸੰਸਦ ਭਵਨ ਕੰਪਲੈਕਸ ਅੰਦਰ ਰਾਮ ਮੰਦਰ ਵਿੱਚ ਦਾਨ ਦੀ ਕਥਿਤ ਚੋਰੀ ਸਬੰਧੀ ਕੀਤੀ ਸਕਿੱਟ ਦੇ ਦੋਸ਼ਾਂ ਦਾ ਬਚਾਅ ਕਰ ਰਹੇ ਸਨ। ਯਾਦਵ ਦੇ ਹਮਾਇਤੀਆਂ ਨੇ ਹਮਲਾਵਰ ਨੂੰ ਮੌਕੇ ’ਤੇ ਫੜ ਕੇ ਉਸ ਦੀ ਕੁੱਟਮਾਰ ਵੀ ਕੀਤੀ।ਸੂਤਰਾਂ ਅਨੁਸਾਰ ਹਮਲਾਵਰ ਦੀ ਪਛਾਣ 34 ਸਾਲਾ ਸੁਮਿਤ ਵਜੋਂ ਹੋਈ ਹੈ ਅਤੇ ਉਹ ਗਾਜ਼ੀਆਬਾਦ ਵਿੱਚ ਲੋਹੇ ਦਾ ਕੰਮ ਕਰਦਾ ਹੈ। ਪੁਲੀਸ ਅਨੁਸਾਰ ਹਮਲਾਵਰ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯਾਦਵ ਲੰਘੇ ਸ਼ੁੱਕਰਵਾਰ ਕੀਤੇ ਉਸ ਰੋਸ ਵਿਖਾਵੇ ਬਾਰੇ ਚੱਲ ਰਹੇ ਵਿਵਾਦ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਜਿਸ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਉਨ੍ਹਾਂ, ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਫ਼ੈਜ਼ਾਬਾਦ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਖ਼ਿਲਾਫ਼ ਵਾਰਾਣਸੀ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਯਾਦਵ ਜਦੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਤਾਂ ਇੱਕ ਵਿਅਕਤੀ ਨੇ ਉਨ੍ਹਾਂ ਦੀਆਂ ਕਾਰਵਾਈਆਂ ’ਤੇ ਸਵਾਲ ਉਠਾਇਆ ਅਤੇ ਦੋਸ਼ ਲਾਇਆ ਕਿ ਸੰਸਦ ਮੈਂਬਰ ਨੇ ਭਗਵਾਨ ਰਾਮ ਦਾ ਅਪਮਾਨ ਕੀਤਾ ਹੈ। ਉਸ ਨੇ ਫਿਰ ਯਾਦਵ ’ਤੇ ਚੱਪਲ ਸੁੱਟ ਦਿੱਤੀ ਅਤੇ ਪੂਰਨੀਆ ਦੇ ਸੰਸਦ ਮੈਂਬਰ ਦੇ ਹਮਾਇਤੀਆਂ ਤੇ ਹਮਲਾਵਰ ਵਿਚਕਾਰ ਹੱਥੋਪਾਈ ਹੋ ਗਈ। ਯਾਦਵ ਨੇ ਬਾਅਦ ਵਿੱਚ ਦੋਸ਼ ਲਾਇਆ ਕਿ ਇਹ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ਼ ਸੀ। ਪੁਲੀਸ ਸੂਤਰਾਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਹੈਪੀ ਨਾਂ ਦਾ ਇੱਕ ਹੋਰ ਵਿਅਕਤੀ ਯਾਦਵ ਦੀ ਰਿਹਾਇਸ਼ ਦੇ ਬਾਹਰ ਖੜ੍ਹੀ ਐੱਸ ਯੂ ਵੀ ਵਿੱਚ ਮੌਜੂਦ ਸੀ। ਪੁਲੀਸ ਇਸ ਘਟਨਾ ਪਿਛਲੇ ਮਕਸਦ ਦੀ ਜਾਂਚ ਕਰ ਰਹੀ ਹੈ।

Share: